Pahalgam Attack Update: ਕਸ਼ਮੀਰ ਦੇ ਪਹਿਲਗਾਮ 'ਚ ਬੀਤੇ ਦਿਨ ਹੋਏ ਸੈਲਾਨੀਆਂ 'ਤੇ ਅੱਤਵਾਦੀ ਹਮਲੇ ਦੀ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਸਖ਼ਤ ਸ਼ਬਦਾਂ ਚ ਨਿਖੇਦੀ ਕਰਦੇ ਹੋਏ ਇਸ ਨੂੰ ਇਨਸਾਨੀਅਤ ਦੇ ਲਈ ਸ਼ਰਮਨਾਕ ਦੱਸਿਆ ਹੈ।ਕਸ਼ਮੀਰ 'ਚ ਅੱਤਵਾਦੀ ਹਮਲੇ ਦੇ ਖ਼ਿਲਾਫ਼ ਅੱਜ ਇਤਿਹਾਸਿਕ ਜਾਮਾ ਮਸਜਿਦ ਦੇ ਬਾਹਰ ਅੱਤਵਾਦ ਦਾ ਪੁਤਲਾ ਫੂਕ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਅੱਤਵਾਦੀ ਹਮਲੇ 'ਚ ਮਾਰੇ ਗਏ ਲੋਕਾਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਗਿਆ।

ਇਸ ਮੌਕੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਧਰਮ ਪੁੱਛ ਕੇ ਬੇਕਸੂਰ ਲੋਕਾਂ ਨੂੰ ਮਾਰਨਾ ਬੜੀ ਹੀ ਮੰਦਭਾਗੀ ਗੱਲ ਹੈ ਉਹਨਾਂ ਕਿਹਾ ਕਿ ਕੁਰਾਨ ਪਾਕ ਵਿੱਚ ਸਪਸ਼ਟ ਸ਼ਬਦਾਂ 'ਚ ਕਿਹਾ ਗਿਆ ਹੈ ਕਿ ਕਿਸੇ ਇੱਕ ਵੀ ਬੇਕਸੂਰ ਇਨਸਾਨ ਦਾ ਕਤਲ ਪੂਰੀ ਇਨਸਾਨੀਅਤ ਦਾ ਕਤਲ ਹੈ।

ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਮੁਸਲਮਾਨ ਕਹਿਣ ਵਾਲੇ ਇਹ ਅੱਤਵਾਦੀ ਕਿਸੇ ਕੀਮਤ ਤੇ ਇਸਲਾਮ ਦੇ ਪੈਰੋਕਾਰ ਨਹੀਂ ਹੋ ਸਕਦੇ ਦੇਸ਼ ਭਰ 'ਚ ਮੁਸਲਮਾਨ ਅਤੇ ਹਿੰਦੂਆਂ ਵਿੱਚ ਨਫਰਤ ਦੀ ਪੈਦਾ ਕਰਨ ਦੀ ਕੋਸ਼ਿਸ਼ ਹੈ ਤੇ ਨਿਹੱਥੇ ਸੈਲਾਨੀਆਂ ਦੇ ਖ਼ਿਲਾਫ਼ ਕੀਤਾ ਗਿਆ ਇੱਕ ਘਨੋਨਾ ਕੰਮ ਹੈ ਜਿਸ ਦੀ ਸਜ਼ਾ ਉਹਨਾਂ ਨੂੰ ਮਿਲ ਕੇ ਰਹੇਗੀ।

ਇਸ ਮੌਕੇ ਸ਼ਾਹੀ ਇਮਾਮ ਨੇ ਕਿਹਾ ਕਿ ਇਸ ਦੀ ਸਿਰਫ ਜਾਂਚ ਹੀ ਨਹੀਂ ਹੋਣੀ ਚਾਹੀਦੀ ਬਲਕਿ ਜਾਲਮਾਂ ਨੂੰ ਸਰੇ ਬਾਜ਼ਾਰ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕਜੁੱਟਤਾ ਬਣਾ ਕੇ ਰੱਖਣੀ ਹੈ ਕਿਉਂਕਿ ਅੱਤਵਾਦ ਦਾ ਮਕਸਦ ਏਕਤਾ ਤੇ ਅਖੰਡਤਾ ਨੂੰ ਤੋੜਨਾ ਹੈ। ਉਹਨਾਂ ਕਿਹਾ ਕਿ ਬਦਕਿਸਮਤੀ ਦੇ ਨਾਲ 1947 ਵਿੱਚ ਪਾਕਿਸਤਾਨ ਦੀ ਸਥਾਪਨਾ ਕੀਤੀ ਗਈ ਤੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਉਹ ਇੱਕ ਚੰਗਾ ਪੜੋਸੀ ਨਹੀਂ ਬਣ ਸਕਿਆ ਜਿਸ ਦਾ ਨਤੀਜਾ ਇਹ ਹੈ ਕਿ ਉਹ ਖੁਦ ਵੀ ਅੱਜ ਨਫਰਤ ਦੀ ਅੱਗ ਵਿੱਚ ਜਲ ਰਿਹਾ ਹੈ। 

ਸ਼ਾਹੀ ਇਮਾਮ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਚਾਹੀਦਾ ਕੀ ਇਸਦਾ ਮੂੰਹ ਤੋੜ ਜਵਾਬ ਦਿੱਤਾ ਜਾਵੇ ਇਸ ਅੱਤਵਾਦੀ ਹਮਲੇ 'ਚ ਮਾਰੇ ਗਏ ਸਾਰੇ ਲੋਕਾਂ ਨੂੰ ਇੱਕ ਇੱਕ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇ ਤੇ ਇਸ ਸਾਜਿਸ਼ ਦਾ ਪਰਦਾਫਾਸ਼ ਕੀਤਾ ਜਾਵੇ ਤਾਂ ਕਿ ਕਸ਼ਮੀਰ ਵਿੱਚ ਜੋ ਸਦਭਾਵਨਾ ਦਾ ਮਾਹੌਲ ਬਣਿਆ ਹੋਇਆ ਹੈ ਉਸਨੂੰ ਦੁਬਾਰਾ ਤੋਂ ਸਥਾਪਿਤ ਕੀਤਾ ਜਾ ਸਕੇ । ਉਹਨਾਂ ਕਿਹਾ ਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਇਸ ਲਈ ਇਸ ਨਾਜ਼ੁਕ ਸਮੇਂ 'ਚ ਸਾਨੂੰ ਸਾਰਿਆਂ ਲੋਕਾਂ ਨੂੰ ਸਿਆਸਤ ਕਰਨ ਦੀ ਬਜਾਏ ਦੁਸ਼ਮਣ ਦਾ ਮੁਕਾਬਲਾ ਕਰਨਾ ਹੈ ਅਤੇ ਪੀੜਤਾਂ ਦਾ ਦੁੱਖ ਵੰਡਨ ਦੇ ਲਈ ਕਦਮ ਵਧਾਉਣਾ ਚਾਹੀਦਾ ਹੈ