Ludhiana News: ਖੰਨਾ ਪੁਲਿਸ ਵੱਲੋਂ ਖਾਲਿਸਤਾਨੀ ਪੱਖੀਆਂ ਨਾਲ ਜੁੜੇ 13 ਗੈਂਗਸਟਰ ਜਿਨ੍ਹਾਂ ਵਿੱਚ ਇੱਕ ਲੜਕੀ ਵੀ ਸ਼ਾਮਲ ਹੈ, ਦੀ ਗ੍ਰਿਫਤਾਰੀ ਮਗਰੋਂ ਹੁਣ ਇਸ ਮਾਮਲੇ ਵਿੱਚ ਨਾਮਜ਼ਦ ਕੀਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਪ੍ਰੋਡਕਸ਼ਨ ਵਾਰੰਟ ਉਪਰ ਲਿਆਉਣ ਦੀ ਤਿਆਰੀ ਹੈ। ਉੱਥੇ ਹੀ ਅਮਰੀਕਾ ਬੈਠੇ ਗੈਂਗਸਟਰ ਅੰਮ੍ਰਿਤ ਬਲ ਤੇ ਇੰਗਲੈਂਡ ਬੈਠੇ ਗੈਂਗਸਟਰ ਪਰਗਟ ਸਿੰਘ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਕਾਗਜੀ ਕਾਰਵਾਈ ਵੀ ਸ਼ੁਰੂ ਹੋ ਚੁੱਕੀ ਹੈ।
ਇਨ੍ਹਾਂ ਗੈਂਗਸਟਰਾਂ ਨੇ ਲੁਧਿਆਣਾ ਵਿੱਚ ਇੱਕ ਸਿੱਖ ਆਗੂ, ਇੱਕ ਹਿੰਦੂ ਆਗੂ ਤੇ ਮੁਹਾਲੀ ਵਿੱਚ ਇੱਕ ਸਿਆਸੀ ਯੂਥ ਆਗੂ ਨੂੰ ਮਾਰਨ ਸਮੇਤ ਪੰਜਾਬ ਅੰਦਰ ਪੰਜ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਦੀ ਤਿਆਰੀ ਮੁਕੰਮਲ ਕਰਨ ਦੀ ਗੱਲ ਵੀ ਕਬੂਲ ਕੀਤੀ ਪਰ ਪੁਲਿਸ ਨੇ ਇਨ੍ਹਾਂ ਨੂੰ ਪਹਿਲਾਂ ਹੀ ਫੜ ਲਿਆ।
ਦੱਸ ਦਈਏ ਕਿ ਗੈਂਗਸਟਰ ਅੰਮ੍ਰਿਤ ਬੱਲ ਤੇ ਜੱਗੂ ਭਗਵਾਨਪੁਰੀਆ ਦਹਿਸ਼ਤ ਦੀ ਹਨ੍ਹੇਰੀ ਝੁਲਾਉਣ ਦੀ ਯੋਜਨਾ ਬਣਾ ਰਹੇ ਹਨ। ਖੰਨਾ ਵਿੱਚ ਦੋ ਦਿਨ ਪਹਿਲਾਂ ਅੰਮ੍ਰਿਤ ਬੱਲ ਤੇ ਜੱਗੂ ਭਗਵਾਨਪੁਰੀਆ ਦੇ ਗ੍ਰਿਫਤਾਰ 13 ਸਾਥੀਆਂ ਨੇ ਖੁਲਾਸਾ ਕੀਤਾ ਹੈ ਕਿ ਪੰਜਾਬ, ਹਰਿਆਣਾ ਤੇ ਰਾਜਸਥਾਨ ਵਿੱਚ ਟਾਰਗੇਟ ਕਿਲਿੰਗ ਦੀ ਪਲਾਨਿੰਗ ਸੀ। ਸੂਤਰਾਂ ਮੁਤਾਬਕ ਇਕੱਲੇ ਲੁਧਿਆਣਾ ਵਿੱਚ ਅੱਧੀ ਦਰਜਨ ਲੀਡਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ ਸੀ। ਇਨ੍ਹਾਂ ਦੇ ਪੰਜਾਬ, ਹਰਿਆਣਾ ਤੇ ਰਾਜਸਥਾਨ ਵਿੱਚ ਦਰਜਨ ਤੋਂ ਵੱਧ ਟਾਰਗੇਟ ਸੀ।
ਪੁਲਿਸ ਨੇ ਦਾਅਵਾ ਕੀਤਾ ਹੈ ਕਿ ਪਹਿਲਾਂ ਹੀ ਮੁਸਤੈਦੀ ਕਾਰਨ ਵੱਡੀ ਘਟਨਾ ਟਲ ਗਈ ਹੈ। ਪੁਲਿਸ ਸੂਤਰਾਂ ਦਾ ਇਹ ਵੀ ਦਾਅਵਾ ਹੈ ਕਿ ਇਨ੍ਹਾਂ ਗੈਂਗਸਟਰਾਂ ਦੇ ਸਬੰਧ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਨਾਲ ਹਨ। ਕੁਝ ਧਾਰਮਿਕ ਆਗੂ ਵੀ ਬਦਮਾਸ਼ਾਂ ਦੇ ਰਾਡਾਰ 'ਤੇ ਸਨ। ਮੁਲਜ਼ਮ ‘ਟਾਰਗੇਟ ਕਿਲਿੰਗ’ ਨੂੰ ਅੰਜਾਮ ਦੇਣ ਲਈ ਕਾਰ ਜੈਕਿੰਗ ਤੇ ਵਾਹਨ ਲਿਫਟਿੰਗ ਦੀ ਤਿਆਰੀ ਕਰ ਰਹੇ ਸਨ।
ਦੱਸ ਦਈਏ ਕਿ ਪੁਲਿਸ ਦੀ ਸਖਤੀ ਦੇ ਬਾਵਜੂਦ ਗੈਂਗਸਟਰਾਂ ਦੇ ਹੌਸਲੇ ਪਸਤ ਨਹੀਂ ਹੋਏ। ਉਹ ਨਿੱਤ ਨਵੀਂ ਪਲਾਨਿੰਗ ਕਰ ਰਹੇ ਹਨ। ਗੈਂਗਸਟਰ ਅੰਮ੍ਰਿਤ ਬੱਲ ਤੇ ਜੱਗੂ ਭਗਵਾਨਪੁਰੀਆ ਦੇ ਗੈਂਗ ਪੰਜਾਬ, ਰਾਜਸਥਾਨ ਤੇ ਹਰਿਆਣਾ ’ਚ ਟਾਰਗੇਟ ਕਿਲਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੀ ਪਲਾਨਿੰਗ ਕਰ ਕਰ ਰਹੇ ਹਨ। ਉਹ ਖੁਲਾਸਾ ਖੰਨਾ ਪੁਲਿਸ ਵੱਲੋਂ 13 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਹੋਇਆ ਹੈ। ਇਹ ਸਾਰੇ ਗੈਂਗਸਟਰ ਅੰਮ੍ਰਿਤ ਬੱਲ ਤੇ ਜੱਗੂ ਭਗਵਾਨਪੁਰੀਆ ਦੇ ਗੈਂਗ ਨਾਲ ਸਬੰਧਤ ਹਨ।
ਇਸ ਬਾਰੇ ਆਈਜੀ ਕੌਸਤਬ ਸ਼ਰਮਾ ਨੇ ਦੱਸਿਆ ਕਿ ਪਹਿਲਾਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਮਹਿੰਦਰ ਵਰਮਾ ਉਰਫ਼ ਡੀਕੇ ਤੇ ਰਮੇਸ਼ ਚੌਹਾਨ ਵਜੋਂ ਹੋਈ ਹੈ, ਜਿਨ੍ਹਾਂ ਕੋਲੋਂ ਪੁਲਿਸ ਨੇ ਦੋ ਪਿਸਤੌਲ ਸਮੇਤ 10 ਕਾਰਤੂਸ ਬਰਾਮਦ ਕੀਤੇ ਹਨ। ਦੋਵਾਂ ਨੇ ਪੁੱਛ-ਪੜਤਾਲ ਵਿੱਚ ਖੁਲਾਸਾ ਕੀਤਾ ਕਿ ਉਹ ਅਮਰੀਕਾ ’ਚ ਬੈਠੇ ਗੈਂਗਸਟਰ ਅੰਮ੍ਰਿਤ ਬੱਲ ਉਰਫ਼ ਲਾਡੀ ਦੇ ਸੰਪਰਕ ’ਚ ਹਨ। ਲਾਡੀ ਜੋ ਜੱਗੂ ਭਗਵਾਨਪੁਰੀਆ ਦੇ ਗਰੋਹ ਦਾ ਮੈਂਬਰ ਹੈ।