Ludhiana News: ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਪਿਛਲੇ 8 ਦਿਨਾਂ ਤੋਂ ਪੂਰੀ ਤਰ੍ਹਾਂ ਬੰਦ ਹੈ। ਅੱਜ ਕਿਸਾਨਾਂ ਦੀ ਹੜਤਾਲ 9ਵੇਂ ਦਿਨ ਵਿੱਚ ਦਾਖ਼ਲ ਹੋ ਗਈ ਹੈ। 3.5 ਲੱਖ ਤੋਂ ਵੱਧ ਡਰਾਈਵਰਾਂ ਨੇ ਮੁਫਤ ਯਾਤਰਾ ਦਾ ਲਾਭ ਲਿਆ ਹੈ। ਪੁਲਿਸ ਨੇ ਵੀ ਟੋਲ 'ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ, ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।


ਹਰ ਰੋਜ਼ ਲੋਕਾਂ ਦਾ ਬਚਦਾ 1 ਕਰੋੜ !


ਇਸ ਮੌਕੇ ਧਰਨੇ ਵਾਲੀ ਥਾਂ ਉੱਤੇ 50 ਤੋਂ ਵੱਧ ਪੁਲਿਸ ਮੁਲਾਜ਼ਮ ਤੇ ਖੁਫੀਆ ਅਧਿਕਾਰੀ ਹਰ ਸਮੇਂ ਤਾਇਨਾਤ ਰਹਿੰਦੇ ਹਨ। ਕਿਸਾਨਾਂ ਨੇ ਕਰੀਬ 192 ਘੰਟਿਆਂ ਤੋਂ ਡੇਰੇ ਲਾਏ ਹੋਏ ਹਨ। ਇਸ ਟੋਲ ਤੋਂ ਹਰ ਰੋਜ਼ 1 ਕਰੋੜ ਰੁਪਏ ਤੋਂ ਵੱਧ ਟੈਕਸ ਵਸੂਲਿਆ ਜਾਂਦਾ ਹੈ। ਹੁਣ ਤੱਕ ਕਰੀਬ 8 ਕਰੋੜ ਰੁਪਏ ਦਾ ਟੋਲ ਬਚਾਇਆ ਗਿਆ ਹੈ। 


ਕਿਸਾਨਾਂ ਲਈ ਲੋਕ ਲੈ ਕੇ ਆ ਰਹੇ ਨੇ ਲੱਡੂ !


ਰੋਸ ਪ੍ਰਦਰਸ਼ਨ ਦੀ ਹਮਾਇਤ ਲਈ ਹਰ ਰੋਜ਼ ਵੱਖ-ਵੱਖ ਵਰਗਾਂ ਅਤੇ ਸਮਾਜਿਕ ਜਥੇਬੰਦੀਆਂ ਦੇ ਲੋਕ ਪਹੁੰਚ ਰਹੇ ਹਨ। ਜੋ ਵੀ ਟੋਲ 'ਤੇ ਕਿਸਾਨਾਂ ਦਾ ਸਮਰਥਨ ਕਰਨ ਲਈ ਆ ਰਿਹਾ ਹੈ, ਉਹ ਹੜਤਾਲ 'ਤੇ ਬੈਠੇ ਕਿਸਾਨਾਂ ਲਈ ਲੱਡੂ, ਫਲ ਅਤੇ ਮਠਿਆਈਆਂ ਲੈ ਕੇ ਆ ਰਹੇ ਹਨ। ਸਮਾਜਿਕ ਜਥੇਬੰਦੀਆਂ ਅਤੇ ਹੋਰ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨਾਂ ਲਈ ਖਾਣ-ਪੀਣ ਦੇ ਪਾਣੀ ਦਾ ਪੂਰਾ ਪ੍ਰਬੰਧ ਕੀਤਾ ਜਾ ਰਿਹਾ ਹੈ। ਆਸ-ਪਾਸ ਦੇ ਪਿੰਡਾਂ ਦੇ ਲੋਕ ਸਵੇਰੇ-ਸ਼ਾਮ ਚਾਹ ਅਤੇ ਛਬੀਲ ਦਾ ਪ੍ਰਬੰਧ ਕਰ ਰਹੇ ਹਨ।


ਟੋਲ ਪਲਾਜ਼ੇ 'ਤੇ ਬਣੀ ਕਰੋ ਜਾ ਮਰੋ ਵਾਲੀ ਸਥਿਤੀ


ਕਿਸਾਨ ਜਥੇਬੰਦੀ ਦੇ ਆਗੂ ਦਿਲਬਾਗ ਸਿੰਘ ਨੇ ਕਿਹਾ ਕਿ ਹੁਣ ਟੋਲ ਪਲਾਜ਼ਾ ’ਤੇ ਕਰੋ ਜਾਂ ਮਰੋ ਦੀ ਸਥਿਤੀ ਬਣੀ ਹੋਈ ਹੈ। ਕਿਸਾਨ ਹੁਣ ਪਿੱਛੇ ਹਟਣ ਵਾਲੇ ਨਹੀਂ ਹਨ। ਸਾਲ ਵਿੱਚ ਤਿੰਨ ਵਾਰ ਦਰਾਂ ਵਿੱਚ ਵਾਧਾ ਕਰਨਾ ਕਿਸ ਹੱਦ ਤੱਕ ਜਾਇਜ਼ ਹੈ? ਸਾਰੇ ਸਹਿਯੋਗੀ ਗਰੁੱਪਾਂ ਨੂੰ 30 ਜੂਨ ਨੂੰ ਹੋਣ ਵਾਲੀ ਮੀਟਿੰਗ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। 30 ਜੂਨ ਨੂੰ ਟੋਲ ’ਤੇ ਵੱਡੀ ਗਿਣਤੀ ’ਚ ਇਕੱਠੇ ਹੋ ਕੇ ਅਗਲੀ ਰਣਨੀਤੀ ਬਣਾਈ ਜਾਵੇਗੀ। ਜੇਕਰ 30 ਜੂਨ ਤੱਕ ਕੋਈ ਵੀ ਅਧਿਕਾਰੀ ਧਰਨਾਕਾਰੀ ਕਿਸਾਨਾਂ ਨਾਲ ਗੱਲ ਨਹੀਂ ਕਰਦਾ ਅਤੇ ਇਸ ਟੋਲ ਦੀ ਸਮਾਂ ਸੀਮਾ ਦਾ ਸਬੂਤ ਨਾ ਦਿੱਤਾ ਤਾਂ ਹਰ ਕੈਬਿਨ ਨੂੰ ਤਾਲਾ ਲਗਾ ਦਿੱਤਾ ਜਾਵੇਗਾ।