ਤੂਫ਼ਾਨ ਨੇ ਤਬਾਹੀ ਮਚਾ ਦਿੱਤੀ। ਸਾਹਨੇਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਅਸਮਾਨੀ ਬਿਜਲੀ ਡਿੱਗੀ ਹੈ। ਸਕੂਲ ਵਿੱਚ ਬਿਜਲੀ ਡਿੱਗਣ ਕਾਰਨ ਕੁਰਸੀਆਂ, ਟੇਬਲ ਤੇ ਐਲਈਡੀ ਸੜ ਗਈ। ਤੇਜ਼ ਹਨੇਰੀ ਕਾਰਨ ਸਕੂਲ ਦੇ ਰੋਸ਼ਨਦਾਨ ਵੀ ਟੁੱਟ ਗਏ। ਸਕੂਲ ਦੇ ਮੇਜ਼ ਤੇ ਕੁਰਸੀਆਂ ਨੂੰ ਅੱਗ ਲੱਗੀ ਦੇਖ ਕੇ ਗਰਾਊਂਡ ਵਿੱਚ ਖੇਡ ਰਹੇ ਕੁਝ ਲੋਕਾਂ ਨੇ ਤੁਰੰਤ ਰੌਲਾ ਪਾਇਆ।
ਇਸ ਦੌਰਾਨ ਲੋਕਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਅੱਗ ਬੁਝਾਉਣ ਲਈ ਲੋਕ ਸਕੂਲ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖ਼ਲ ਹੋਏ। ਇਸ ਦੌਰਾਨ ਸਕੂਲ ਵਿੱਚ ਲਾਈਆਂ ਗਈਆਂ ਐਲਈਡੀ ਵੀ ਬੁਰੀ ਤਰ੍ਹਾਂ ਟੁੱਟ ਗਈਆਂ। ਰਾਹਤ ਦੀ ਖਬਰ ਹੈ ਕਿ ਹਾਦਸੇ ਸਮੇਂ ਸਕੂਲ ਵਿੱਚ ਕੋਈ ਵੀ ਮੌਜੂਦ ਨਹੀਂ ਸੀ। ਇਸ ਮੌਕੇ ਸਕੂਲ ਪ੍ਰਿੰਸੀਪਲ ਮਨਦੀਪ ਕੌਰ ਵੀ ਪੁੱਜ ਗਏ। ਇਸ ਨੂੰ ਲੈ ਕੇ ਕਈ ਅਧਿਆਪਕ ਵੀ ਪੁੱਜੇ। ਅਧਿਆਪਕਾਂ ਅਨੁਸਾਰ ਇਸ ਸਬੰਧੀ ਰਿਪੋਰਟ ਤਿਆਰ ਕਰਕੇ ਅਧਿਕਾਰੀਆਂ ਨੂੰ ਭੇਜੀ ਜਾਵੇਗੀ।
ਇਸ ਦੇ ਨਾਲ ਹੀ ਲੁਧਿਆਣਾ ਦੇ ਜਨਕਪੁਰੀ ਇਲਾਕੇ ਵਿੱਚ 3 ਬਿਜਲੀ ਦੇ ਖੰਭੇ ਡਿੱਗ ਗਏ। ਖੰਭੇ ਡਿੱਗਣ ਕਾਰਨ ਕੁਝ ਕਾਰਾਂ ਤੇ ਰੇਹੜੀ ਦਾ ਨੁਕਸਾਨ ਹੋਇਆ ਹੈ। ਮੀਂਹ ਕਾਰਨ ਬਾਜ਼ਾਰ ਖਾਲੀ ਸੀ। ਰੇਹੜੀ ਵਾਲਾ ਕਿਸੇ ਕੰਮ ਲਈ ਕਿਤੇ ਗਿਆ ਹੋਇਆ ਸੀ, ਜਿਸ ਕਾਰਨ ਉਸ ਦਾ ਬਚਾਅ ਹੋ ਗਿਆ।
ਹਾਸਲ ਜਾਣਕਾਰੀ ਮੁਤਾਬਕ ਖੰਭਾ ਡਿੱਗਣ ਕਾਰਨ ਜਨਕਪੁਰੀ ਇਲਾਕੇ ਵਿੱਚ ਕਰੀਬ 3 ਤੋਂ 4 ਘੰਟੇ ਬਿਜਲੀ ਗੁੱਲ ਰਹੀ। ਲੋਕਾਂ ਮੁਤਾਬਕ ਤੇਜ਼ ਤੂਫਾਨ ਤੋਂ ਬਾਅਦ ਖੰਭਾ ਪੂਰੀ ਤਰ੍ਹਾਂ ਹੇਠਾਂ ਆ ਗਿਆ। ਦੱਸਿਆ ਜਾ ਰਿਹਾ ਹੈ ਕਿ ਜਿੱਥੇ ਖੰਭੇ ਲਾਏ ਗਏ ਸਨ, ਉਹ ਥਾਂ ਖੋਖਲੀ ਹੋ ਗਈ ਸੀ।
ਦੱਸ ਦਈਏ ਕਿ ਸਨਅਤੀ ਸ਼ਹਿਰ ਵਿੱਚ ਸ਼ਨੀਵਾਰ ਦੇਰ ਸ਼ਾਮ ਅਚਾਨਕ ਚੱਲੀ ਤੇਜ਼ ਹਨੇਰੀ ਤੇ ਮੀਂਹ ਨੇ ਸ਼ਹਿਰ ਵਾਸੀਆਂ ਨੂੰ ਗਰਮੀ ਤੋਂ ਤਾਂ ਰਾਹਤ ਦਿੱਤੀ ਪਰ ਨਾਲ ਹੀ ਮੁਸੀਬਤਾਂ ਵੀ ਵਧਾ ਦਿੱਤੀਆਂ। ਮੀਂਹ ਸ਼ਾਮ ਨੂੰ ਉਸ ਵੇਲੇ ਸ਼ੁਰੂ ਹੋਇਆ, ਜਦੋਂ ਲੋਕਾਂ ਦਾ ਛੁੱਟੀ ਦੀ ਸਮਾਂ ਸੀ, ਇਸ ਕਰਕੇ ਸੜਕਾਂ ’ਤੇ ਟ੍ਰੈਫ਼ਿਕ ਜਾਮ ਲੱਗ ਗਿਆ। ਇਸ ਕਰਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਇਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।