Punjab Politics: ਲੁਧਿਆਣਾ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਰਾਜਾ ਵੜਿੰਗ ਨੇ ਸੋਮਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਹੈ। ਰਾਜਾ ਆਪਣੀ ਪਤਨੀ ਅੰਮ੍ਰਿਤਾ ਨਾਲ ਡੀਸੀ ਦਫ਼ਤਰ ਪੁੱਜੇ ਅਤੇ ਨਾਮਜ਼ਦਗੀ ਦਾਖ਼ਲ ਕੀਤੀ। ਨਾਮਜ਼ਦਗੀ ਭਰਨ ਤੋਂ ਪਹਿਲਾਂ ਰਾਜਾ ਵੜਿੰਗ ਨੇ ਲੁਧਿਆਣਾ ਦੇ ਸ਼੍ਰੀ ਦੂਖ ਨਿਵਾਰਨ ਗੁਰਦੁਆਰਾ ਸਾਹਿਬ ਅਤੇ ਦੁਰਗਾ ਮਾਤਾ ਮੰਦਿਰ ਵਿਖੇ ਮੱਥਾ ਟੇਕਿਆ ਅਤੇ ਆਪਣੀ ਪਤਨੀ ਅਤੇ ਬੱਚਿਆਂ ਨਾਲ ਇੱਕ ਫੋਟੋ ਵੀ ਸਾਂਝੀ ਕੀਤੀ।






ਇਸ ਤੋਂ ਪਹਿਲਾਂ ਦੰਗਾ ਪੀੜਤਾਂ ਨੇ ਨਾਮਜ਼ਦਗੀ ਦਾਖ਼ਲ ਕਰਨ ਲਈ ਡੀਸੀ ਦਫ਼ਤਰ ਪੁੱਜੇ ਰਾਜਾ ਵੜਿੰਗ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ। ਰਾਜਾ ਵਾਪਸ ਜਾਓ ਦੇ ਨਾਅਰੇ ਵੀ ਲਗਾਏ ਗਏ। ਇਸ ਦੌਰਾਨ ਦੰਗਾ ਪੀੜਤਾਂ ਦੀ ਪੁਲਿਸ ਨਾਲ ਝੜਪ ਵੀ ਹੋ ਗਈ, ਜਿਸ ਨੂੰ ਦੇਖਦਿਆਂ ਪੁਲੀਸ ਨੇ ਡੀਸੀ ਕੰਪਲੈਕਸ ਦੇ ਦੋਵੇਂ ਮੁੱਖ ਗੇਟ ਬੰਦ ਕਰ ਦਿੱਤੇ।


ਜਿਵੇਂ ਹੀ ਰਾਜਾ ਵੜਿੰਗ ਖ਼ੁਦ ਆਪਣੀ ਕਾਰ 'ਚ ਨਾਮਜ਼ਦਗੀ ਦਾਖ਼ਲ ਕਰਨ ਪਹੁੰਚੇ ਤਾਂ ਦੰਗਾ ਪੀੜਤਾਂ ਨੇ ਉਨ੍ਹਾਂ ਦੇ ਕਾਫਲੇ ਨੂੰ ਰੋਕ ਲਿਆ, ਜਿਸ ਤੋਂ ਬਾਅਦ ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਦੰਗਾ ਪੀੜਤਾਂ ਨੂੰ ਖਦੇੜ ਦਿੱਤਾ।


ਰਾਜਾ ਵੜਿੰਗ ਨੇ ਰੱਦ ਕੀਤੀ ਰੋਡ ਸ਼ੋਅ


ਸੋਮਵਾਰ ਨੂੰ ਪੰਜਾਬੀ ਕਵੀ ਤੇ ​​ਸਾਹਿਤਕਾਰ ਸੁਰਜੀਤ ਪਾਤਰ ਦਾ ਅੰਤਿਮ ਸੰਸਕਾਰ ਲੁਧਿਆਣਾ ਵਿੱਚ ਕੀਤਾ ਗਿਆ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਨਾਮਜ਼ਦਗੀ ਦਾਖ਼ਲ ਕਰਨ ਅਤੇ ਰੋਡ ਸ਼ੋਅ ਕਰਨ ਦਾ ਪ੍ਰੋਗਰਾਮ ਸੀ ਜਿਸ ਨੂੰ ਉਨ੍ਹਾਂ ਨੇ ਰੱਦ ਕਰ ਦਿੱਤਾ ਸੀ। ਰਾਜਾ ਵੜਿੰਗ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਆਪਣੇ ਸਮਰਥਕਾਂ ਨੂੰ ਸੂਚਿਤ ਕੀਤਾ ਸੀ ਕਿ ਉਹ ਅੱਜ ਰੋਡ ਸ਼ੋਅ ਨਹੀਂ ਕਰਨਗੇ। ਵੜਿੰਗ ਨੇ ਰੋਡ ਸ਼ੋਅ ਲਈ ਆਪਣੇ ਸਮਰਥਕਾਂ ਵੱਲੋਂ ਕੀਤੀਆਂ ਤਿਆਰੀਆਂ ਲਈ ਮੁਆਫੀ ਮੰਗੀ। ਉਨ੍ਹਾਂ ਦੱਸਿਆ ਕਿ ਸੁਰਜੀਤ ਪਾਤਰ ਦੇ ਅੰਤਿਮ ਸੰਸਕਾਰ ਕਾਰਨ ਇਹ ਰੋਡ ਸ਼ੋਅ ਰੱਦ ਕਰਨਾ ਪਿਆ।