Ludhiana News : ਪੰਜਾਬ ਸਰਕਾਰ ਵੱਲੋਂ ਬੇਟ ਇਲਾਕੇ ਵਿਚ ਮੰਨਜ਼ੂਰ ਕੀਤੀ ਸਰਕਾਰੀ ਖੱਡ ਵਿਚ ਰੇਤੇ ਦੀ ਭਰਾਈ ਨੂੰ ਲੈ ਕੇ ਪਿੰਡ ਸਮਸ਼ਪੁਰ ਦੇ ਵਾਸੀਆਂ ਅਤੇ ਰੇਤਾ ਭਰਨ ਆਏ ਮਜ਼ਦੂਰਾਂ ਦੀ ਆਪਸੀ ਤਕਰਾਰਬਾਜ਼ੀ ਕਾਰਨ ਰੇਤ ਦੀ ਸਰਕਾਰੀ ਖੱਡ ’ਚ ਭਰਾਈ ਨੂੰ ਲੈ ਕੇ ਪਿੰਡ ਵਾਸੀ ਤੇ ਮਜ਼ਦੂਰ ਆਹਮੋ-ਸਾਹਮਣੇ ਹੋ ਗਏ ਹਨ। ਇਸ ਮੌਕੇ ’ਤੇ ਮੌਜੂਦ ਅਧਿਕਾਰੀ ਨੇ ਕੰਮ ਬੰਦ ਕਰਵਾ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਬੇਟ ਇਲਾਕੇ ਵਿਚ ਮੰਨਜ਼ੂਰ ਕੀਤੀ ਸਰਕਾਰੀ ਖੱਡ ਵਿਚ ਰੇਤੇ ਦੀ ਭਰਾਈ ਨੂੰ ਲੈ ਕੇ ਪਿੰਡ ਸਮਸ਼ਪੁਰ ਦੇ ਵਾਸੀਆਂ ਅਤੇ ਰੇਤਾ ਭਰਨ ਆਏ ਮਜ਼ਦੂਰਾਂ ਦੀ ਆਪਸੀ ਤਕਰਾਰਬਾਜ਼ੀ ਕਾਰਨ ਅਧਿਕਾਰੀਆਂ ਨੂੰ ਚੱਲਦਾ ਕੰਮ ਵਿਚਾਲੇ ਹੀ ਬੰਦ ਕਰਨਾ ਪਿਆ ਹੈ।



ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਨੇੜੇ ਵਗਦੇ ਸਤਲੁਜ ਦਰਿਆ ਵਿਚ ਸਰਕਾਰੀ ਖੱਡ ਜੋ ਕਿ ਨਵਾਂਸ਼ਹਿਰ ਜ਼ਿਲੇ ਦੀ ਹਦੂਦ ਵਿਚ ਪੈਂਦੀ ਹੈ, ਵਿਚੋਂ ਕਈ ਦਿਨਾਂ ਤੋਂ ਦੋਆਬੇ ਦੇ ਕਰੀਬ 150 ਵਿਅਕਤੀ ਟਰਾਲੀਆਂ ਵਿਚ ਰੇਤਾ ਭਰਨ ਲਈ ਆ ਰਹੇ ਸਨ ਕਿ ਅੱਜ ਨੇੜਲੇ ਪਿੰਡ ਸਮਸ਼ਪੁਰ ਦੇ ਬਹੁਤ ਸਾਰੇ ਮਜ਼ਦੂਰਾਂ ਨੇ ਇਸ ਖੱਡ ਵਿਚੋਂ ਆਪ ਰੇਤਾ ਭਰਨ ਦਾ ਹੱਕ ਜਿਤਾਉਂਦਿਆਂ ਮਜ਼ਦੂਰਾਂ ਨੂੰ ਭਰਾਈ ਕਰਨ ਤੋਂ ਰੋਕ ਦਿੱਤਾ ,ਜਿਸ ਕਾਰਨ ਮੌਕੇ ’ਤੇ ਮੌਜੂਦ ਮਾਈਨਿੰਗ ਇੰਸਪੈਕਟਰ ਨੇ ਮਜ਼ਦੂਰਾਂ ਦੀ ਆਪਸੀ ਤਕਰਾਰਬਾਜ਼ੀ ਨੂੰ ਦੇਖਦਿਆਂ ਕੰਮ ਬੰਦ ਕਰਵਾ ਦਿੱਤਾ।

ਪੱਤਰਕਾਰਾਂ ਵੱਲੋਂ ਦੋਵੇਂ ਧਿਰਾਂ ਦੇ ਵਿਅਕਤੀਆਂ ਨਾਲ ਕੀਤੀ ਗੱਲਬਾਤ ਤੋਂ ਪਤਾ ਲੱਗਾ ਕਿ ਇਹ ਖੱਡ ਨਵਾਂਸ਼ਹਿਰ ਦੀ ਹਦੂਦ ਵਿਚ ਪੈਂਦੀ ਹੈ ਅਤੇ ਰੇਤਾ ਭਰਨ ਵਾਲੇ ਵੀ ਸਬੰਧਿਤ ਜ਼ਿਲੇ ’ਚੋਂ ਹੀ ਆ ਰਹੇ ਹਨ। ਖੱਡ ’ਚੋਂ ਰੇਤਾ ਭਰਨ ਵਾਲਿਆਂ ਵਿਚ ਮੌਜੂਦ ਜੋਰਾ ਸਿੰਘ, ਬਿੱਲੂ ਸਿੰਘ ਅਤੇ ਲੱਕੀ ਸਿੰਘ ਆਦਿ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਰੇਤੇ ਦੀ ਭਰਾਈ ਦਾ ਕੰਮ ਕਰਦੇ ਆ ਰਹੇ ਹਨ ਅਤੇ ਹੁਣ ਇਸ ਖੱਡ ਵਿਚ ਵੀ ਪਿਛਲੇ ਕਈ ਦਿਨਾਂ ਤੋਂ ਟਰਾਲੀਆਂ ਵਿਚ ਰੇਤਾ ਭਰ ਰਹੇ ਸੀ ਕਿ ਅੱਜ ਨੇੜਲੇ ਪਿੰਡ ਸਮਸ਼ਪੁਰ ਦੇ 50-60 ਬੰਦਿਆਂ ਨੇ ਆ ਕੇ ਸਾਨੂੰ ਟਰਾਲੀਆਂ ਭਰਨ ਤੋਂ ਰੋਕ ਦਿੱਤਾ।

ਉਨ੍ਹਾਂ ਦੱਸਿਆ ਕਿ ਅਸੀਂ ਸਵੇਰ ਦੇ ਘਰੋਂ ਕੰਮ ’ਤੇ ਨਿਕਲੇ ਹੋਏ ਹਾਂ ਅਤੇ ਆਪਣੀਆਂ ਰੋਟੀਆਂ ਵੀ ਨਾਲ ਲੈ ਕੇ ਆਏ ਹਾਂ। ਸਾਡੇ ਘਰਾਂ ਦਾ ਗੁਜ਼ਾਰਾ ਰੇਤੇ ਦੀ ਭਰਾਈ ਤੋਂ ਹੀ ਚੱਲਦਾ ਹੈ ਪਰ ਹੁਣ ਅਚਨਚੇਤ ਪਿੰਡ ਵਾਸੀਆਂ ਵੱਲੋਂ ਸਾਡੇ ਕੰਮ ਵਿਚ ਅੜਿੱਕਾ ਲਗਾ ਕੇ ਸਾਨੂੰ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਪਿੰਡ ਵਾਸੀ ਵੀ ਸਾਡੇ ਨਾਲ ਹੀ ਟਰਾਲੀਆਂ ਭਰ ਸਕਦੇ ਹਨ ,ਸਾਨੂੰ ਕੋਈ ਗਿਲ੍ਹਾ ਨਹੀਂ ਹੈ ਪਰ ਇਨ੍ਹਾਂ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅਸੀਂ ਇਕੱਲਿਆਂ ਨੇ ਹੀ ਇਸ ਖੱਡ ਵਿਚ ਰੇਤੇ ਦੀ ਭਰਾਈ ਕਰਨੀ ਹੈ ਕਿਉਂਕਿ ਇਹ ਖੱਡ ਸਾਡੇ ਪਿੰਡ ਨੇੜੇ ਪੈਂਦੀ ਹੈ ਜਦਕਿ ਇਹ ਖੱਡ ਨਵਾਂਸ਼ਹਿਰ ਜ਼ਿਲੇ ਦੀ ਹਦੂਦ ਵਿਚ ਆਉਂਦੀ ਹੈ ਅਤੇ ਅਸੀਂ ਪੱਕੇ ਤੌਰ ’ਤੇ ਲੰਮੇ ਸਮੇਂ ਤੋਂ ਇਸ ਕਿੱਤੇ ਨਾਲ ਜੁੜੇ ਹੋਏ ਹਾਂ।


 



ਜਦੋਂ ਦੂਸਰੇ ਪਾਸੇ ਪਿੰਡ ਸਮਸ਼ਪੁਰ ਦੇ ਮਜ਼ਦੂਰਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸਾਡੇ ਪਿੰਡ ਦੇ ਨੌਜਵਾਨ ਵਿਹਲੇ ਫਿਰ ਰਹੇ ਹਨ ,ਜਿਨ੍ਹਾਂ ਨੂੰ ਕੋਈ ਕੰਮ ਨਹੀਂ ਮਿਲ ਰਿਹਾ। ਜੇਕਰ ਹੁਣ ਇਹ ਖੱਡ ਪਿੰਡ ਦੇ ਨੇੜੇ ਮੰਨਜ਼ੂਰ ਹੋਈ ਹੈ ਤਾਂ ਇਸ ਖੱਡ ਵਿਚ ਕੰਮ ਕਰਨ ਦਾ ਅਧਿਕਾਰ ਸਾਨੂੰ ਮਿਲਣਾ ਚਾਹੀਦਾ ਹੈ। ਇਸ ਖੱਡ ਵਿਚ ਟਰਾਲੀਆਂ ਭਰਨ ਆਏ ਕੁਝ ਵਿਅਕਤੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਰੋਜ਼ਾਨਾ ਹੀ ਇੱਥੋਂ ਰੇਤਾ ਲਿਜਾ ਕੇ ਵੱਖ-ਵੱਖ ਥਾਵਾਂ ’ਤੇ ਸਪਲਾਈ ਕਰਦੇ ਹਾਂ ਅਤੇ ਹੁਣ ਵੀ ਸਵੇਰ ਸਮੇਂ ਤੋਂ ਹੀ ਟੈ੍ਰਕਟਰ-ਟਰਾਲੀ 'ਤੇ ਤੇਲ ਫੂਕ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਆਏ ਹਾਂ ਪਰ ਮਜ਼ਦੂਰਾਂ ਦੀ ਆਪਸੀ ਤਕਰਾਰਬਾਜ਼ੀ ਕਾਰਨ ਸਾਡਾ ਸਾਰਾ ਕੰਮ ਖ਼ਰਾਬ ਹੋਇਆ ਪਿਆ ਹੈ।



 
ਮਾਈਨਿੰਗ ਇੰਸਪੈਕਟਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਭਾਵੇਂ ਕਿ ਦਰਿਆ ਦੇ ਦੂਸਰੇ ਪਾਸੇ ਹੋਣ ਕਰਕੇ ਇਹ ਇਲਾਕਾ ਮਾਛੀਵਾੜਾ ਬੇਟ ਖੇਤਰ ਨਾਲ ਸਬੰਧਿਤ ਲੱਗਦਾ ਹੈ ਪਰ ਕਾਗਜ਼ਾਂ ਵਿਚ ਇਹ ਨਵਾਂਸ਼ਹਿਰ ਦੀ ਹੱਦ ਆਉਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਦੋਵੇਂ ਪਾਸੇ ਦੀਆਂ ਲੇਬਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਕੋਈ ਸਾਡੀ ਗੱਲ ਮੰਨਣ ਨੂੰ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਇਸ ਖੱਡ ਵਿਚ ਸਾਰੇ ਮਜ਼ਦੂਰਾਂ ਦੀ ਸਹਿਮਤੀ ਤੋਂ ਬਾਅਦ ਹੀ ਭਰਾਈ ਦਾ ਕੰਮ ਸ਼ੁਰੂ ਕੀਤਾ ਜਾਵੇਗਾ।