Ludhiana News: ਤਰਨ ਤਾਰਨ ਦੇ ਥਾਣਾ ਸਰਹਾਲੀ ’ਤੇ ਰਾਕੇਟ ਲਾਂਚਰ ਰਾਹੀਂ ਹੋਏ ਹਮਲੇ ਤੋਂ ਬਾਅਦ ਪੰਜਾਬ ਵਿੱਚ ਅਲਰਟ ਜਾਰੀ ਹੈ। ਪੰਜਾਬ ਪੁਲਿਸ ਨੂੰ ਲਗਾਤਾਰ ਖੁਫ਼ੀਆਂ ਏਜੰਸੀਆਂ ਅਲਰਟ ਰਹਿਣ ਲਈ ਆਖ ਰਹੀਆਂ ਹਨ। ਸੂਤਰਾਂ ਮੁਤਾਬਕ ਇਸ ਵਾਰ ਪੰਜਾਬ ’ਚ ਸਭ ਤੋਂ ਜ਼ਿਆਦਾ ਖ਼ਤਰਾ ਲੁਧਿਆਣਾ ’ਚ ਦੱਸਿਆ ਜਾ ਰਿਹਾ ਹੈ, ਕਿਉਂਕਿ ਇਸ ਤੋਂ ਪਹਿਲਾਂ ਵੀ ਲੁਧਿਆਣਾ ਅਦਾਲਤ ਵਿੱਚ ਵੱਡਾ ਧਮਾਕਾ ਹੋਇਆ ਸੀ ਜਿਸ ਪਿਛੇ ਵਿਦੇਸ਼ੀ ਤਾਕਤਾਂ ਦੱਸੀਆਂ ਜਾ ਰਹੀਆਂ ਸਨ।


ਇਸ ਮਾਮਲੇ ਦੀ ਜਾਂਚ ਵੀ ਐਨਆਈਏ ਵੱਲੋਂ ਕੀਤੀ ਜਾ ਰਹੀ ਹੈ। ਹੁਣ ਹਮਲਾਵਰਾਂ ਦੇ ਨਿਸ਼ਾਨੇ ’ਤੇ ਲੁਧਿਆਣਾ ਹੈ ਤੇ ਆਉਣ ਵਾਲੇ ਦਿਨਾਂ ’ਚ ਇਸ ਸ਼ਹਿਰ ’ਚ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ। ਇਸ ਲਈ ਲੁਧਿਆਣਾ ਪੁਲਿਸ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸ਼ਹਿਰ ਦੇ ਸਾਰੇ ਥਾਣਿਆਂ ਦੀਆਂ ਕੰਧਾਂ ਉੱਚੀਆਂ ਕਰਨ ਦੇ ਨਾਲ-ਨਾਲ ਥਾਣਿਆਂ ਦੇ ਚਾਰੇ ਪਾਸੇ ਕੰਡਿਆਲੀ ਤਾਰਾਂ ਲਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।


ਸਭ ਤੋਂ ਜ਼ਿਆਦਾ ਸੁਰੱਖਿਆ ਹਾਈਵੇਅ ’ਤੇ ਬਣੇ ਥਾਣਿਆਂ ਦੀ ਕੀਤੀ ਜਾ ਰਹੀ ਹੈ। ਜਿੱਥੇ ਕੰਧਾਂ ਉਚੀਆਂ ਕਰਨ ਦੇ ਨਾਲ-ਨਾਲ ਕੰਡਿਆਲੀ ਤਾਰਾਂ ਲਾਉਣ ਤੇ ਨੈਟ ਲਾਉਣ ਸਣੇ ਬਾਹਰ ਪੱਕੇ ਬੰਕਰ ਬਣਾਏ ਜਾ ਰਹੇ ਹਨ। ਥਾਣਿਆਂ ਦੇ ਬਾਹਰ 100 ਮੀਟਰ ਦਾ ਇਲਾਕਾ ਕਵਰ ਕਰ ਕੇ ਸੀਸੀਟੀਵੀ ਲਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਸੂਤਰਾਂ ਮੁਤਾਬਕ ਖੁਫ਼ੀਆ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਸੀ ਕਿ ਲੁਧਿਆਣਾ ਨੂੰ ਨਿਸ਼ਾਨਾ ਬਣਾ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।


ਹਾਸਲ ਜਾਣਕਾਰੀ ਅਨੁਸਾਰ ਸਾਲ 2007 ਵਿੱਚ ਸ਼ਿੰਗਾਰ ਬੰਬ ਕਾਂਡ ਹੋਇਆ ਸੀ। ਇਸ ਤੋਂ ਬਾਅਦ ਸਾਲ 2022 ਵਿੱਚ ਲੁਧਿਆਣਾ ਅਦਾਲਤ ਵਿੱਚ ਬੰਬ ਕਾਂਡ ਹੋਇਆ। ਇਸ ਤੋਂ ਇਲਾਵਾ ਹਿੰਦੂ ਆਗੂ ਤੇ ਹੋਰ ਆਗੂਆਂ ਦੇ ਕਤਲ ਹੋ ਚੁੱਕੇ ਹਨ। ਲੁਧਿਆਣਾ ’ਚ ਇਸ ਤੋਂ ਪਹਿਲਾਂ ਗਗਨਦੀਪ ਕਲੋਨੀ, ਜਗਰਾਉਂ ਪੁਲ ਦੇ ਬਾਹਰ ਹਿੰਦੂ ਆਗੂ ਅਮਿਤ ਸ਼ਰਮਾ ਤੇ ਸਲੇਮ ਟਾਬਰੀ ਸਥਿਤ ਚਰਚ ਦੇ ਬਾਹਰ ਪਾਸਟਰ ਦਾ ਕਤਲ ਹੋਇਆ ਸੀ।


ਇਹ ਵੀ ਪੜ੍ਹੋ: Ajab Gajab: ਚੋਰ-ਲੁਟੇਰੇ ਨੂੰ ਨਹੀਂ ਸੱਪਾਂ ਨੂੰ ਫੜ ਰਹੀ ਹੈ ਪੁਲਿਸ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।