Punjab Politics: ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਅੱਜ ਲੁਧਿਆਣਾ ਪਹੁੰਚੇ। ਜਾਖੜ ਨੇ ਭਾਜਪਾ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਉੱਤੇ ਜਮ ਕੇ ਨਿਸਾਨੇ ਸਾਧੇ। ਜਾਖੜ ਨੇ ਕਿਹਾ ਕਿ ਪੰਜਾਬ ਵਿੱਚ ਸ਼ਹੀਦਾਂ ਦੀਆਂ ਪੱਗਾਂ ਦੇ ਰੰਗ ਬੰਨ੍ਹ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਪੱਗ ਬੰਨ੍ਹਣ ਨਾਲ ਕੋਈ ਸਿੱਖ ਨਹੀਂ ਬਣ ਜਾਂਦਾ। ਸਿੱਖ ਧਰਮ ਗੁਰੂ ਸਾਹਿਬ ਦੇ ਮਾਰਗ ਤੇ ਚੱਲਣਾ ਹੈ।


ਸੁਨੀਲ ਜਾਖੜ ਨੇ ਕਿਹਾ ਕਿ ਅੱਜ ਸਮਾਂ ਆ ਗਿਆ ਹੈ ਕਿ ਲੋਕਾਂ ਨੂੰ ਆਪਣੇ ਹੱਕਾਂ ਲਈ ਸੜਕਾਂ 'ਤੇ ਆਉਣਾ ਪਵੇਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਛੱਲਾ ਗਾ ਕੇ ਲੋਕਾਂ ਨੂੰ ਝੱਲਾ ਬਣਾ ਰਹੇ ਹਨ। ਭਗਵੰਤ ਮਾਨ ਨੂੰ ਲੋਕਾਂ ਦਾ ਮਨੋਰੰਜਨ ਨਹੀਂ ਸਗੋਂ ਖ਼ੁਦ ਦਾ ਮਨ ਪੰਜਾਬ ਨੂੰ ਬਦਲਣ ਲਈ ਬਣਾਉਣਾ ਪਵੇਗਾ।


ਭਾਜਪਾ ਦੇ ਸੂਬਾ ਪ੍ਰਧਾਨ ਜਾਖੜ 26 ਜਨਵਰੀ ਨੂੰ ਸ਼੍ਰੀ ਰਾਮ ਲੱਲਾ ਦੇ ਮੰਦਰ ਦੇ ਨਿਰਮਾਣ ਦੀ ਖੁਸ਼ੀ 'ਚ ਸੀਐੱਮ ਭਗਵੰਤ ਸਿੰਘ ਮਾਨ ਨੂੰ ਵਧਾਈ ਦੇਣ ਦੀ ਬਜਾਏ ਉਨ੍ਹਾਂ ਦੇ ਪਰਿਵਾਰ 'ਚ ਆਏ ਮਹਿਮਾਨ ਨੂੰ ਵਧਾਈ ਦੇ ਰਹੇ ਹਨ। ਜਾਖੜ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੂੰ ਸ਼੍ਰੀ ਰਾਮ ਮੰਦਰ ਦੀ ਉਸਾਰੀ ਦੀ ਵਧਾਈ ਦਿੰਦੇ ਤਾਂ ਕੀ ਵਧਾਈ ਸ਼ਬਦ ਲਿਖਣ ਵੇਲੇ ਉਨ੍ਹਾਂ ਦੀ ਕਲਮ ਟੁੱਟ ਰਹੀ ਸੀ? ਜਾਖੜ ਨੇ ਕਿਹਾ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਇੱਕ ਵਾਰ ਮੌਕਾ ਦਿੱਤਾ ਹੈ ਪਰ ਇਨ੍ਹਾਂ ਨੂੰ ਲੋਕਾਂ ਦਾ ਭਰੋਸਾ ਜਿੱਤਣਾ ਨਹੀਂ ਆਇਆ।


ਜਾਖੜ ਨੇ ਕਿਹਾ ਕਿ ਸੰਗਰੂਰ ਹਲਕੇ ਨੇ ਸਰਕਾਰ ਬਣਨ ਤੋਂ ਬਾਅਦ ਹੀ ਆਮ ਆਦਮੀ ਪਾਰਟੀ ਨੂੰ ਜ਼ਿਮਨੀ ਚੋਣਾਂ ਚਲਦਾ ਕਰ ਦਿੱਤਾ ਸੀ ਪਰ ਅੱਜ ਸੰਗਰੂਰ ਵਿੱਚ ਲੋਕਾਂ ਦਾ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਲੋਕ ਸਰਕਾਰ ਤੋਂ ਨਾਰਾਜ਼ ਹਨ ਅਤੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਮਜਬੂਰ ਹੋਏ ਹਨ। ਅੱਜ ਸਰਕਾਰ ਨੌਜਵਾਨਾਂ 'ਤੇ ਤਸ਼ੱਦਦ ਕਰ ਰਹੀ ਹੈ।


ਉਨ੍ਹਾਂ ਕਿਹਾ ਕਿ ਭਾਨਾ ਸਿੱਧੂ ਨੂੰ ਬਿਨਾਂ ਵਜ੍ਹਾ ਜੇਲ੍ਹ ਵਿੱਚ ਰੱਖਿਆ ਗਿਆ ਹੈ। ਇੱਕ ਦਿਨ ਪਹਿਲਾਂ ਸਾਂਸਦ ਸਿਮਰਜੀਤ ਸਿੰਘ ਨੂੰ ਫੜਿਆ ਗਿਆ ਸੀ। ਲੋਕਾਂ ਵੱਲੋਂ ਚੁਣੇ ਗਏ ਨੁਮਾਇੰਦਿਆਂ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਆਮ ਆਦਮੀ ਪਾਰਟੀ ਦੀ ਵਿਸ਼ੇਸ਼ ਸਰਕਾਰ ਨੇ ਅੱਜ ਰੰਗ ਬਦਲਣੇ ਸ਼ੁਰੂ ਕਰ ਦਿੱਤੇ ਹਨ।