Ludhiana News: ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਵੀ ਵੀਆਈਪੀ ਕਲਚਰ ਦਾ ਬੋਲਬਾਲਾ ਹੈ ਜਿਸ ਕਰਕੇ ਆਮ ਬੰਦਾ ਅਜੇ ਵੀ ਪ੍ਰੇਸ਼ਾਨ ਹੋ ਰਿਹਾ ਹੈ। ਇਸ ਦੀ ਮਿਸਾਲ ਐਤਵਾਰ ਨੂੰ ਲੁਧਿਆਣਾ ਵਿੱਚ ਸੀਐਮ ਭਗਵੰਤ ਮਾਨ ਦੀ ਫੇਰੀ ਮੌਕੇ ਵੇਖਣ ਨੂੰ ਮਿਲਿਆ। ਇਸ ਕਰਕੇ ਪੂਰਾ ਦਿਨ ਲੋਕ ਖੱਜਲ-ਖੁਆਰ ਹੁੰਦੇ ਵੇਖੇ ਗਏ।
ਦੱਸ ਦਈਏ ਕਿ ਐਤਵਾਰ ਨੂੰ ਪੰਜਾਬ ਖੇਤਾਬਾੜੀ ਯੂਨੀਵਰਸਿਟੀ ਵਿੱਚ ਕਰਵਾਈ ਗਈ ਸਰਕਾਰ-ਕਿਸਾਨ ਮਿਲਣੀ ਵਿੱਚ ਮੁੱਖ ਮੰਤਰੀ ਦੀ ਸੁਰੱਖਿਆ ਲਈ ਲੱਗੀ ਪੁਲਿਸ ਫੋਰਸ ਨੇ ਪੂਰੀ ਪੀਏਯੂ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ। ਥਾਂ-ਥਾਂ ਪੁਲਿਸ ਦੀ ਨਾਕਾਬੰਦੀ ਤੇ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਜੋ ਹਰ ਆਉਣ ਜਾਣ ਵਾਲੇ ਦੀ ਚੈਕਿੰਗ ਕਰ ਰਹੇ ਹਨ।
ਇਸ ਦੇ ਨਾਲ ਹੀ ਸੁਰੱਖਿਆ ਕਾਰਨਾਂ ਕਰਕੇ ਪੀਏਯੂ ਨੂੰ ਜਾਂਦੀਆਂ ਕਈ ਸੜਕਾਂ ’ਤੇ ਵਾਹਨਾਂ ਦੀ ਐਂਟਰੀ ਬੰਦ ਸੀ, ਜਿਸ ਕਰਕੇ ਲੋਕਾਂ ਤੇ ਕਿਸਾਨਾਂ ਨੂੰ ਪ੍ਰੇਸ਼ਾਨੀ ਵੀ ਹੋਈ। ਲੋਕਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਪਿਛਲੀਆਂ ਸਰਕਾਰਾਂ ਦੀ ਇਸੇ ਗੱਲ ਤੋਂ ਅਲੋਚਨਾ ਕਰਦੀ ਸੀ ਪਰ ਅੱਜ ਸੱਤਾ ਵਿੱਚ ਆ ਕੇ ਭਗਵੰਤ ਮਾਨ ਸਰਕਾਰ ਵੀ ਓਹੋ ਕੁਝ ਕਰ ਰਹੀ ਹੈ।
ਹਾਸਲ ਜਾਣਕਾਰੀ ਮੁਤਾਬਕ ਕਿਸਾਨ ਮਿਲਣੀ ਲਈ ਵੱਡੀ ਗਿਣਤੀ ਵਿੱਚ ਕਿਸਾਨ ਪੀਏਯੂ ਪੁੱਜੇ। ਪੀਏਯੂ ਦੇ ਬਾਹਰ ਫਿਰੋਜ਼ਪੁਰ ਰੋਡ ’ਤੇ ਫਲਾਈਓਵਰ ਦਾ ਵਿਕਾਸ ਕਾਰਜ ਜਾਰੀ ਹੈ। ਇਸ ਕਰਕੇ ਇੱਥੇ ਟਰੈਫਿਕ ਜਾਮ ਲੱਗ ਗਿਆ। ਜਦੋਂ ਮੁੱਖ ਮੰਤਰੀ ਦਾ ਹੈਲੀਕਪਟਰ ਉਡਿਆ ਤਾਂ ਉਸ ਤੋਂ ਬਾਅਦ ਸੜਕਾਂ ’ਤੇ ਗੱਡੀਆਂ ਦੀ ਗਿਣਤੀ ਕਾਫ਼ੀ ਵੱਧ ਗਈ। ਇਸ ਕਰਕੇ ਫਿਰੋਜ਼ਪੁਰ ਰੋਡ ’ਤੇ ਜਾਮ ਲੱਗ ਗਿਆ।
ਸਰਕਾਰੀ ਸੂਤਰਾਂ ਮੁਤਾਬਕ ਪੀਏਯੂ ਵਿੱਚ ਰੱਖੀ ਕਿਸਾਨ ਮਿਲਣੀ ਵਿੱਚ 14 ਹਜ਼ਾਰ ਤੋਂ ਵੱਧ ਕਿਸਾਨਾਂ ਨੇ ਹਿੱਸਾ ਲਿਆ। ਕਿਸਾਨ ਸਵੇਰੇ ਤੋਂ ਹੀ ਪੀਏਯੂ ਵਿੱਚ ਆਉਣੇ ਸ਼ੁਰੂ ਹੋ ਗਏ। ਕਿਸਾਨ ਸੂਬੇ ਦੇ ਸਾਰੇ ਹੀ ਜ਼ਿਲ੍ਹਿਆਂ ਤੋਂ ਪੀਏਯੂ ਵਿੱਚ ਪੁੱਜੇ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਮੁੱਖ ਮੰਤਰੀ ਭਗਵੰਤ ਮਾਨ ਸੀ ਜਿਸ ਕਰਕੇ ਪੂਰੀ ਪੀਏਯੂ ਨੂੰ ਪੁਲਿਸ ਛਾਉਣੀ ਵਿੱਚ ਬਦਲ ਦਿੱਤੀ ਗਿਆ। ਲੁਧਿਆਣਾ ਸਣੇ ਜ਼ਿਲ੍ਹੇ ਦੇ ਹੋਰਨਾਂ ਇਲਾਕਿਆਂ ਵਿੱਚੋਂ ਵੀ ਪੁਲਿਸ ਨੂੰ ਬੁਲਾਇਆ ਗਿਆ ਸੀ ਜਿਸ ਨੇ ਪੀਏਯੂ ਵਿੱਚ ਸੁਰੱਖਿਆ ਕਾਰਨਾਂ ਕਰਕੇ ਕਈ ਥਾਵਾਂ ’ਤੇ ਨਾਕਾਬੰਦੀ ਕੀਤੀ ਗਈ ਸੀ। ਕਈ ਸੜਕਾਂ ਨੂੰ ਬੰਦ ਵੀ ਕੀਤਾ ਗਿਆ।
ਇੱਥੇ ਇੱਕ ਹੋਰ ਅਹਿਮ ਗੱਲ ਵੇਖਣ ਨੂੰ ਮਿਲੀ ਕਿ ਸਮਾਗਮ ਦੀ ਸ਼ੁਰੂਆਤ 11 ਵਜੇ ਹੋਣ ਦੀ ਗੱਲ ਆਖੀ ਗਈ ਸੀ, ਪਰ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ 1.30 ਵਜੇ ਪੁੱਜੇ ਜਿਸ ਕਰਕੇ ਕਿਸਾਨ ਪ੍ਰੇਸ਼ਾਨ ਵੀ ਹੁੰਦੇ ਰਹੇ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ 11 ਵਜੇ ਦਾ ਸਮਾਂ ਦਿੱਤਾ ਗਿਆ ਸੀ ਪਰ ਇਸ ਸਮਾਗਮ ਵਿੱਚ 1.30 ਵਜੇ ਮੁੱਖ ਮੰਤਰੀ ਭਗਵੰਤ ਮਾਨ ਪੁੱਜੇ ਤੇ ਉਸ ਤੋਂ ਬਾਅਦ ਸਿੱਧੀ ਚਰਚਾ ਸ਼ੁਰੂ ਹੋਏ।
ਇਹ ਵੀ ਪਤਾ ਲੱਗਾ ਹੈ ਕਿ ਖਾਣ ਪੀਣ ਤੇ ਹੋਰ ਕਈ ਪ੍ਰਬੰਧ ਸਹੀ ਨਾ ਹੋਣ ਕਾਰਨ ਕਿਸਾਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ। ਦਰਅਸਲ ਪੀਏਯੂ ਵਿੱਚ ਕਿਸਾਨਾਂ ਦੇ ਖਾਣੇ ਲਈ ਪ੍ਰਬੰਧ ਕੀਤੇ ਗਏ ਸਨ। ਪਰ ਪੀਏਯੂ ਦੀ ਸੋਚ ਤੋਂ ਕਈ ਗੁਣਾ ਵੱਧ ਕਿਸਾਨ ਮੌਕੇ ’ਤੇ ਪੁੱਜ ਗਏ ਜਿਸ ਕਰਕੇ ਕਈ ਕਿਸਾਨਾਂ ਨੂੰ ਖਾਣਾ ਨਹੀਂ ਮਿਲਿਆ। ਇਸ ਕਰਕੇ ਕਿਸਾਨਾਂ ਵਿੱਚ ਰੋਸ ਵੇਖਿਆ ਗਿਆ।