Ludhiana news: 2 ਫਰਵਰੀ ਨੂੰ ਗੁਰਦੁਆਰਾ ਗਊ ਘਾਟ ਤੋਂ ਸ਼ੁਰੂ ਕੀਤੀ ਗਈ ਪੌਦੇ ਲਗਾਉਣ ਦੀ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਰਾਜ ਸਭਾ ਐਮ.ਪੀ ਸੰਤ ਬਲਬੀਰ ਸਿੰਘ ਸੀਚੇਵਾਲ, ਲੁਧਿਆਣਾ ਕੇਂਦਰੀ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਅਤੇ ਲੁਧਿਆਣਾ ਦੱਖਣੀ ਦੀ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਨੇ ‘ਬਸੰਤ ਪੰਚਮੀ’ ਮੌਕੇ ਤਾਜਪੁਰ ਤੇ ਬੁੱਢੇ ਦਰਿਆ ਦੇ ਕੰਢੇ ਬੂਟੇ ਲਗਾਉਣ ਦੀ ਮੁਹਿੰਮ ਚਲਾਈ। 


7-8 ਫੁੱਟ ਦੀ ਉਚਾਈ ਤੱਕ ਵਧੇ ਹੋਏ ਬੂਟੇ ਲਗਾਏ ਗਏ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਰੁੱਖ ਬਚੇ ਰਹਿਣ। ‘ਦਰਿਆ’ ਦੇ ਨਾਲ-ਨਾਲ ਚਿਕਿਤਸਕ ਪੌਦੇ ਵੀ ਲਗਾਏ ਜਾ ਰਹੇ ਹਨ। 


ਐਮ.ਪੀ ਸੀਚੇਵਾਲ ਨੇ ਦੱਸਿਆ ਕਿ ਐਸ.ਟੀ.ਪੀ ਜਮਾਲਪੁਰ ਤੋਂ ਸ਼ੁਰੂ ਕਰਕੇ ਵੱਡੇ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਬੁੱਧਵਾਰ ਨੂੰ ਨਗਰ ਨਿਗਮ ਦੀ ਹੱਦ ਤੋਂ ਬਾਹਰ ਪੈਂਦੇ ਇਲਾਕਿਆਂ ਵਿੱਚ ਪੌਦੇ ਲਗਾਏ ਗਏ ਅਤੇ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਦੇ ਅੰਦਰ ਵੀ ਪੌਦੇ ਲਗਾਏ ਜਾਣਗੇ।


'ਬਸੰਤ ਪੰਚਮੀ' ਮੌਕੇ ਐਮ.ਪੀ ਸੀਚੇਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦਰਿਆ ਦੇ ਨਾਲ-ਨਾਲ ਵੱਧ ਤੋਂ ਵੱਧ ਰੁੱਖ ਲਗਾਉਣ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਵੀ ਕੀਤੀ ਕਿ ਉਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਨ ਅਤੇ ਜਲ ਸਰੋਤਾਂ ਨੂੰ ਬਚਾਉਣ ਲਈ ਸਾਂਝੇ ਯਤਨ ਕਰਨ।


ਇਹ ਵੀ ਪੜ੍ਹੋ: Punjab news: ਪੰਜਾਬ ਸਰਕਾਰ ਵਿਰਾਸਤੀ ਮੇਲਿਆਂ ਰਾਹੀਂ ਨੌਜਵਾਨਾਂ ਨੂੰ ਅਮੀਰ ਸੱਭਿਆਚਾਰ ਨਾਲ ਜੋੜ ਰਹੀ - ਅਨਮੋਲ ਗਗਨ ਮਾਨ


ਐਮ.ਪੀ ਸੀਚੇਵਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਭਰ ਦੇ ਜਲ ਸਰੋਤਾਂ ਨੂੰ ਸਾਫ਼ ਕਰਨ ਲਈ ਵਚਨਬੱਧ ਹੈ। ਲੋਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਅਤੇ ਅਧਿਕਾਰੀਆਂ ਦਾ ਸਾਥ ਦੇਣਾ ਚਾਹੀਦਾ ਹੈ।


ਐਮ.ਪੀ ਸੀਚੇਵਾਲ ਨੇ ਕਿਹਾ ਕਿ ਬੁੱਢਾ ਦਰਿਆ ਧਾਰਮਿਕ ਮਹੱਤਵ ਵੀ ਰੱਖਦਾ ਹੈ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਦੁਆਰਾ ਗਊ ਘਾਟ ਦੇ ਨੇੜੇ 'ਦਰਿਆ' ਅਸਥਾਨ ਤੇ ਆਏ ਸਨ। 2 ਫਰਵਰੀ ਨੂੰ ਗੁਰਦੁਆਰਾ ਗਊ ਘਾਟ ਨੇੜੇ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ ਗਈ ਸੀ। ਐਮ.ਪੀ ਸੀਚੇਵਾਲ ਨੇ ਲੋਕਾਂ ਨੂੰ ਇਸ ਮੁਹਿੰਮ ਦਾ ਵੱਧ-ਚੜ੍ਹ ਕੇ ਹਿੱਸਾ ਬਣਨ ਦੀ ਅਪੀਲ ਕੀਤੀ।


ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਅਤੇ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ 'ਦਰਿਆ’ ਦੇ ਨਾਲ-ਨਾਲ ਹਰਿਆਲੀ ਫੈਲਾਉਣ ਲਈ ਐਮ.ਪੀ ਸੀਚੇਵਾਲ ਦੇ ਯਤਨਾਂ ਦੀ ਸ਼ਲਾਘਾ ਕੀਤੀ।


ਵਿਧਾਇਕ ਪਰਾਸ਼ਰ ਨੇ ਦੱਸਿਆ ਕਿ ਐਮ.ਪੀ ਸੀਚੇਵਾਲ ਨੇ 'ਕਾਲੀ ਬੇਈਂ' ਦੀ ਸਫ਼ਾਈ 'ਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਹੁਣ 'ਬੁੱਢੇ ਦਰਿਆ' ਨੂੰ ਮੁੜ ਸੁਰਜੀਤ ਕਰਨ ਲਈ ਸਖ਼ਤ ਉਪਰਾਲੇ ਕੀਤੇ ਜਾ ਰਹੇ ਹਨ।


ਇਸ ਦੌਰਾਨ ਐਮ.ਪੀ ਸੀਚੇਵਾਲ, ਵਿਧਾਇਕ ਪਰਾਸ਼ਰ ਅਤੇ ਵਿਧਾਇਕ ਛੀਨਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬੁੱਢੇ ਦਰਿਆ ਵਿੱਚ ਕੂੜਾ ਸੁੱਟਣਾ ਬੰਦ ਕਰਨ ਅਤੇ ਜਲ ਸਰੋਤਾਂ ਅਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਆਪਣਾ ਬਣਦਾ ਯੋਗਦਾਨ ਪਾਉਣ।


ਇਹ ਵੀ ਪੜ੍ਹੋ: Khanna news: ਖ਼ੁਦ ਨੂੰ ਵਿਜੀਲੈਂਸ 'ਚ DSP ਦੱਸ ਕੇ ਠੱਗਣ ਵਾਲਾ ਚੜ੍ਹਿਆ ਪੁਲਿਸ ਦੇ ਅੜਿੱਕੇ