Ludhiana News: ਏਸ਼ੀਆ ਦੀ ਸਭ ਤੋਂ ਵੱਡੀ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ 'ਚ ਸੈਕਸ ਰੈਕੇਟ ਚਲਾਉਣ ਵਾਲੀ ਔਰਤ ਅਤੇ ਉਸ ਦੇ ਪਤੀ ਨੂੰ ਖੰਨਾ 'ਚ ਗ੍ਰਿਫਤਾਰ ਕੀਤਾ ਗਿਆ। ਇਹ ਦੋਵੇਂ ਨਾਬਾਲਗ ਲੜਕੀ ਤੋਂ ਲਗਾਤਾਰ ਚਾਰ ਸਾਲ ਤੋਂ ਦੇਹ ਵਪਾਰ ਦਾ ਧੰਦਾ ਕਰਵਾ ਰਹੇ ਸੀ। ਇਸ ਵਿੱਚ ਹੈਰਾਨੀ ਦੀ ਗੱਲ ਇਹ ਸਾਹਮਣੇ ਆਈ ਕਿ ਪੀੜਤ ਪਰਿਵਾਰ ਨੂੰ ਐਫਆਈਆਰ ਦਰਜ ਕਰਵਾਉਣ ਲਈ ਹਾਈਕੋਰਟ ਦਾ ਸਹਾਰਾ ਲੈਣਾ ਪਿਆ ਪਰ ਇਸ ਤੋਂ ਪਹਿਲਾਂ ਪੁਲਿਸ ਮੂਕ ਦਰਸ਼ਕ ਬਣੀ ਰਹੀ।


ਨਸ਼ੇ ਤੇ ਲਾ ਕੇ ਕਰਵਾਉਂਦੀ ਸੀ ਗ਼ਲਤ ਕੰਮ


ਪਰਿਵਾਰ ਦਾ ਇਲਜ਼ਾਮ ਹੈ ਕਿ ਸੈਕਸ ਰੈਕੇਟ ਦੀ ਸੰਚਾਲਕ ਸੋਨੀ ਬਾਹਮਣੀ 13 ਤੋਂ 17 ਸਾਲ ਦੀ ਉਮਰ ਤੱਕ ਪੀੜਤ ਲੜਕੀ ਤੋਂ ਦੇਹ ਵਪਾਰ ਕਰਾਉਂਦੀ ਰਹੀ। ਇਸ ਦੌਰਾਨ ਨਾਬਾਲਗ ਲੜਕੀ ਦੇ 18 ਵਿਆਹ ਕਰਵਾ ਕੇ ਲੱਖਾਂ ਰੁਪਏ ਦਾ ਕਾਲਾ ਧਨ ਇਕੱਠਾ ਕੀਤਾ ਗਿਆ। ਸੈਕਸ ਰੈਕੇਟ ਚਲਾਉਣ ਵਾਲੀ ਔਰਤ ਨਾਬਾਲਗ ਲੜਕੀਆਂ ਨੂੰ ਨਸ਼ੇ 'ਚ ਫਸਾ ਕੇ ਉਨ੍ਹਾਂ ਤੋਂ ਗਲਤ ਕੰਮ ਕਰਵਾਉਂਦੀ ਸੀ।


13 ਸਾਲ ਦੀ ਬੱਚੀ ਨੂੰ ਕੀਤਾ ਸੀ ਅਗਵਾ


ਪੀੜਤ ਲੜਕੀ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਲੜਕੀ ਦੀ ਉਮਰ 13 ਸਾਲ ਸੀ ਜਦੋਂ ਸੋਨੀ ਬਾਹਮਣੀ ਦਾ ਪੁੱਤਰ ਰੋਹਿਤ ਸ਼ਰਮਾ ਨਾਬਾਲਗ ਲੜਕੀ ਨੂੰ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਘਰੋਂ ਅਗਵਾ ਕਰਕੇ ਲੈ ਗਿਆ ਸੀ। ਚਾਰ ਸਾਲ ਤੱਕ ਨਾਬਾਲਗ ਲੜਕੀ ਨੂੰ ਹਵਸ ਦਾ ਸ਼ਿਕਾਰ ਬਣਾਇਆ ਗਿਆ। ਸੋਨੀ ਬਾਹਮਣੀ ਦਾ ਪਤੀ ਸ਼ਿਵ ਕੁਮਾਰ ਵੀ ਲੜਕੀ ਨਾਲ ਜ਼ਬਰ ਜਨਾਹ ਕਰਦਾ ਰਿਹਾ। ਲੜਕੀ ਤੋਂ ਦੇਹ ਵਪਾਰ ਦਾ ਧੰਦਾ ਕਰਾਇਆ ਜਾਣ ਲੱਗਾ। ਇਹ ਘਿਨੌਣਾ ਕੰਮ ਚਾਰ ਸਾਲ ਤੱਕ ਚੱਲਦਾ ਰਿਹਾ। ਇਸ ਦੌਰਾਨ ਸੋਨੀ ਨੇ ਨਾਬਾਲਗ ਲੜਕੀ ਦੇ 18 ਵਿਆਹ ਕਰਵਾ ਕੇ ਲੱਖਾਂ ਰੁਪਏ ਦਾ ਕਾਲਾ ਧਨ ਵਸੂਲਿਆ। 


ਇਨਸਾਫ਼ ਲਈ ਖੜਕਾਉਣਾ ਪਿਆ ਹਾਈਕੋਰਟ ਦਾ ਦਰਵਾਜਾ


ਪਰਿਵਾਰ ਵਾਲਿਆਂ ਮੁਤਾਬਕ, ਪੰਜਾਬ ਪੁਲਿਸ ਨੇ ਉਹਨਾਂ ਦਾ ਕਿਸੇ ਤਰ੍ਹਾਂ ਦਾ ਸਾਥ ਨਹੀਂ ਦਿੱਤਾ। ਆਖਿਰ ਇਨਸਾਫ਼ ਲਈ ਹਾਈਕੋਰਟ ਦਾ ਸਹਾਰਾ ਲੈਣਾ ਪਿਆ। ਹਾਈਕੋਰਟ ਵਿੱਚ ਰਿੱਟ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਮਾਣਯੋਗ ਜੱਜ ਨੇ ਪਟਿਆਲਾ ਪੁਲਿਸ ਨੂੰ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਨ ਅਤੇ ਐਫਆਈਆਰ ਦਰਜ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਜਿਸ ਤੋਂ ਬਾਅਦ 18 ਅਪ੍ਰੈਲ 2023 ਨੂੰ ਸੋਨੀ ਬਾਹਮਣੀ, ਉਸਦੇ ਪੁੱਤਰ ਰੋਹਿਤ ਸ਼ਰਮਾ, ਪਤੀ ਸ਼ਿਵ ਕੁਮਾਰ ਅਤੇ ਸੋਮ ਰਾਣੀ ਦੇ ਖਿਲਾਫ ਥਾਣਾ ਘਨੌਰ ਵਿਖੇ ਸਮੂਹਿਕ ਬਲਾਤਕਾਰ, ਅਗਵਾ ਕਰਨ ਅਤੇ ਪੋਸਕੋ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।


ਪਰਿਵਾਰ ਨੂੰ ਲੜਕੀ ਮਿਲੀ ਤਾਂ ਮੁੜ ਅਗਵਾ ਕਰਕੇ ਲੈ ਗਏ


ਇਸ ਮਾਮਲੇ ਵਿੱਚ 27 ਦਿਨਾਂ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ।  ਜਦੋਂ ਪਰਿਵਾਰਕ ਮੈਂਬਰਾਂ ਨੇ ਨਾਬਾਲਗ ਲੜਕੀ ਨੂੰ ਬਰਾਮਦ ਕਰ ਲਿਆ ਸੀ ਅਤੇ ਲੜਕੀ ਉਨ੍ਹਾਂ ਦੇ ਨਾਲ ਰਹਿੰਦੀ ਸੀ ਤੇ ਇਸ ਦੌਰਾਨ 14 ਮਈ ਨੂੰ ਇਹ ਲੋਕ ਫਿਰ ਗੁੰਡਾਗਰਦੀ ਕਰਦੇ ਹੋਏ ਹਥਿਆਰਾਂ ਦੇ ਜ਼ੋਰ 'ਤੇ ਪਟਿਆਲਾ ਤੋਂ ਲੜਕੀ ਨੂੰ ਫਿਰ ਅਗਵਾ ਕਰਕੇ ਆਪਣੇ ਨਾਲ ਲੈ ਗਏ। ਪੁਲਿਸ ਨੇ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ। 


ਪਰਿਵਾਰ ਨੇ ਸਰਕਾਰ ਅੱਗੇ ਲਾਈ ਗੁਹਾਰ


ਪੀੜਤ ਪਰਿਵਾਰ ਮੁੜ ਅਦਾਲਤ ਵਿੱਚ ਗਏ ਅਤੇ ਉਥੋਂ ਵਾਰੰਟ ਜਾਰੀ ਕਰਵਾ ਲਿਆ। ਵਾਰੰਟ ਅਫਸਰ ਦੀ ਮਦਦ ਨਾਲ ਪੁਲਿਸ ਨੂੰ ਨਾਲ ਲੈ ਕੇ ਪੀੜਤ ਲੜਕੀ ਨੂੰ ਖੰਨਾ ਸਥਿਤ ਕੋਰਟ ਕੰਪਲੈਕਸ ਦੇ ਬਾਹਰੋਂ ਬਰਾਮਦ ਕਰ ਲਿਆ ਗਿਆ। ਸੋਨੀ ਅਤੇ ਉਸ ਦੇ ਪਤੀ ਸ਼ਿਵ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਰਿਵਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਸੈਕਸ ਰੈਕੇਟ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ। ਇਸ ਰੈਕੇਟ 'ਚ ਕਈ ਲੋਕਾਂ ਨੂੰ ਫਸਾ ਕੇ ਵੱਡੀ ਰਕਮ ਵਸੂਲੀ ਗਈ ਹੈ। ਜਿਸ ਬਾਰੇ ਜਾਂਚ ਵਿੱਚ ਖੁਲਾਸਾ ਹੋਣਾ ਸੰਭਵ ਹੈ।


ਪੁਲਿਸ ਅਧਿਕਾਰੀਆਂ ਦਾ ਕੀ ਹੈ ਕਹਿਣਾ


ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਘਨੌਰ ਦੇ ਪੁਲਿਸ ਅਧਿਕਾਰੀ ਸਵਰਨ ਸਿੰਘ ਨੇ ਮੰਨਿਆ ਕਿ ਸੋਨੀ ਬਾਹਮਣੀ ਮੰਡੀ ਗੋਬਿੰਦਗੜ੍ਹ ਵਿੱਚ ਇੱਕ ਵੱਡਾ ਸੈਕਸ ਰੈਕੇਟ ਚਲਾਉਂਦੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਵਾਰੰਟ ਅਫ਼ਸਰ ਨਾਲ ਮਿਲ ਕੇ ਇਸ ਮਾਮਲੇ ਵਿੱਚ ਲੋੜੀਂਦੀ ਸੋਨੀ ਬਾਹਮਣੀ, ਉਸਦੇ ਪਤੀ ਸ਼ਿਵ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੇ ਬਾਕੀ ਸਾਥੀਆਂ ਦੀ ਭਾਲ ਜਾਰੀ ਹੈ। ਦੂਜੇ ਪਾਸੇ ਪੀੜਤ ਲੜਕੀ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।