Ludhiana News: ਖੰਨਾ ਨੇੜੇ ਦੋਰਾਹਾ 'ਚ ਰੇਲਵੇ ਲਾਈਨ ਨਹਿਰ ਦੇ ਪੁਲ 'ਤੇ ਇੱਕ ਨੌਜਵਾਨ ਚੜ੍ਹ ਗਿਆ। ਉਹ ਪਹਿਲਾਂ ਪੁਲ 'ਤੇ ਟਹਿਲਦਾ ਰਿਹਾ ਤੇ ਫਿਰ ਨਹਿਰ 'ਚ ਛਾਲ ਮਾਰ ਦਿੱਤੀ। ਗੋਤਾਖੋਰਾਂ ਨੇ ਤੁਰੰਤ ਉਸ ਨੂੰ ਬਾਹਰ ਕੱਢ ਕੇ ਉਸ ਦੀ ਜਾਨ ਬਚਾਈ। ਰੇਲਵੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਵਿੱਚ ਇਹ ਨੌਜਵਾਨ ਨਸ਼ੇ ਦਾ ਆਦੀ ਜਾਪਦਾ ਹੈ, ਜਿਸ ਨੇ ਕੋਈ ਨਸ਼ਾ ਕਰਕੇ ਇਹ ਕਦਮ ਚੁੱਕਿਆ। ਪੁਲਿਸ ਵੱਲੋਂ ਵਾਰ-ਵਾਰ ਪੁੱਛ-ਪੜਤਾਲ ਕਰਨ ਦੇ ਬਾਵਜੂਦ ਉਸ ਨੇ ਆਪਣਾ ਟਿਕਾਣਾ ਨਹੀਂ ਦੱਸਿਆ।
ਇਸ ਨੌਜਵਾਨ ਦੀਆਂ ਹਰਕਤਾਂ ਦੀ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ 'ਚ ਇਹ ਨੌਜਵਾਨ ਪੁਲ 'ਤੇ ਸੈਰ ਕਰਦਾ ਨਜ਼ਰ ਆ ਰਿਹਾ ਹੈ। ਕੁਝ ਲੋਕ ਉਸ ਨੂੰ ਹੇਠਾਂ ਆਉਣ ਲਈ ਬੁਲਾਉਂਦੇ ਹਨ ਪਰ ਉਹ ਕਿਸੇ ਦੀ ਨਹੀਂ ਸੁਣਦਾ। ਇਸ ਦੌਰਾਨ ਗੋਤਾਖੋਰ ਵੀ ਉੱਥੇ ਪਹੁੰਚ ਜਾਂਦੇ ਹਨ। ਲੋਕਾਂ ਨੂੰ ਇਕੱਠੇ ਹੁੰਦੇ ਦੇਖ ਉਸ ਨੇ ਪੁਲ ਤੋਂ ਛਾਲ ਮਾਰ ਦਿੱਤੀ।
ਗੋਤਾਖੋਰਾਂ ਨੇ ਨਹਿਰ ਵਿੱਚ ਛਾਲ ਮਾਰਨ ਵਾਲੇ ਵਿਅਕਤੀ ਨੂੰ ਤੁਰੰਤ ਬਾਹਰ ਕੱਢ ਲਿਆ। ਇਸ ਕਾਰਨ ਉਸ ਦੀ ਜਾਨ ਬਚ ਗਈ। ਇਸ ਤੋਂ ਬਾਅਦ ਸਰਕਾਰੀ ਰੇਲਵੇ ਪੁਲਿਸ (ਜੀਆਰਪੀ) ਇਸ ਵਿਅਕਤੀ ਨੂੰ ਆਪਣੇ ਨਾਲ ਦੋਰਾਹਾ ਚੌਕੀ ਲੈ ਗਈ। ਉਥੇ ਉਸ ਨੇ ਆਪਣੇ ਬਾਰੇ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ।
ਏਐਸਆਈ ਹਿੰਮਤ ਸਿੰਘ ਨੇ ਦੱਸਿਆ ਕਿ ਇਹ ਨੌਜਵਾਨ ਮਾਨਸਿਕ ਤੌਰ ’ਤੇ ਬਿਮਾਰ ਲੱਗਦਾ ਹੈ। ਇਹ ਵੀ ਜਾਪਦਾ ਹੈ ਕਿ ਉਸ ਨੇ ਕੋਈ ਨਸ਼ਾ ਕੀਤਾ ਹੋਵੇਗਾ। ਨਸ਼ੇ ਵਿੱਚ ਉਹ ਪੁਲ 'ਤੇ ਚੜ੍ਹ ਗਿਆ ਹੋਏਗਾ। ਇਸ ਬਾਰੇ ਜਾਣਕਾਰੀ ਮਿਲਣ ਉਪਰ ਉਹ ਮੌਕੇ 'ਤੇ ਪਹੁੰਚੇ। ਉਦੋਂ ਤੱਕ ਨੌਜਵਾਨ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਸੀ। ਗੋਤਾਖੋਰਾਂ ਨੇ ਉਸ ਨੂੰ ਬਾਹਰ ਕੱਢਿਆ। ਫਿਲਹਾਲ ਨੌਜਵਾਨ ਨੇ ਆਪਣਾ ਨਾਂ ਜਾਂ ਪਤਾ ਵੀ ਨਹੀਂ ਦੱਸਿਆ। ਉਸ ਦਾ ਪਤਾ ਲਗਾ ਕੇ ਪਰਿਵਾਰ ਨੂੰ ਸੂਚਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।