Patiala News: ਪਟਿਆਲਾ ਪੁਲਿਸ ਨੇ ਵੱਡੇ ਕਾਰ ਚੋਰ ਗਰੋਹ ਦਾ ਪਰਦਾਫਾਸ ਕੀਤਾ ਹੈ। ਕਾਰ ਚੋਰਾਂ ਕੋਲੋਂ 30 ਕਾਰਾਂ ਦੀਆਂ ਚਾਬੀਆਂ ਮਿਲੀਆਂ ਹਨ। ਪੁਲਿਸ ਨੂੰ ਸ਼ੱਕ ਹੈ ਕਿ ਇਹ ਗਰੋਹ ਦੀਆਂ ਤਾਰਾਂ ਕਈ ਕੇਸਾਂ ਨਾਲ ਜੁੜੀਆਂ ਹਨ। ਇਸ ਲਈ ਇਨ੍ਹਾਂ ਕਾਰ ਚੋਰਾਂ ਤੋਂ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। 


ਹਾਸਲ ਜਾਣਕਾਰੀ ਮੁਤਾਬਕ ਜ਼ਿਲ੍ਹਾ ਪੁਲਿਸ ਪਟਿਆਲਾ ਵੱਲੋਂ ਕਾਰ ਚੋਰ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਤੇ ਕਬਜ਼ੇ ਵਿੱਚੋਂ ਚੋਰੀ ਦੀਆਂ ਕਾਰਾਂ ਦੀਆਂ ਚਾਬੀਆਂ ਤੇ ਦਸਤਾਵੇਜ਼ ਆਦਿ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੂੰ ਐਸਪੀ (ਇਨਵੈਸਟੀਗੇਸ਼ਨ) ਹਰਬੀਰ ਅਟਵਾਲ ਤੇ ਡੀਐਸਪੀ ਸੁਖਅੰਮ੍ਰਿਤ ਰੰਧਾਵਾ ਦੀ ਨਿਗਰਾਨੀ ਹੇਠ ਸੀਆਈਏ ਸਟਾਫ ਸਮਾਣਾ ਦੇ ਇੰਚਾਰਜ ਸਬ-ਇੰਸਪੈਕਟਰ ਮਨਪ੍ਰੀਤ ਸਿੰਘ ਤੇ ਟੀਮ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।


ਮੁਲਜ਼ਮਾਂ ਵਿਚ ਕਮਲਦੀਪ ਸਿੰਘ ਕਮਲ ਵਾਸੀ ਪਿੰਡ ਅੰਬਾਲਾ ਜੱਟਾਂ ਜ਼ਿਲ੍ਹਾ ਹੁਸਿਆਰਪੁਰ, ਮਨਦੀਪ ਸਿੰਘ ਵਾਸੀ ਪਿੰਡ ਸਮੂਰਾਂ ਜ਼ਿਲ੍ਹਾ ਸੰਗਰੂਰ ਤੇ ਸੰਦੀਪ ਸਿੰਘ ਸੀਪਾ ਵਾਸੀ ਚੌਧਰੀ ਪੱਤੀ ਪਿੰਡ ਲੰਡਾ ਜ਼ਿਲ੍ਹਾ ਸੰਗਰੂਰ ਦੇ ਨਾਮ ਸ਼ਾਮਲ ਹਨ। ਇਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਸਵਿਫਟ ਡਿਜ਼ਾਇਰ ਕਾਰਾਂ, ਦੋ ਹਾਈ ਸਕਿਉਰਟੀ ਨੰਬਰ ਪਲੇਟਾਂ, 30 ਕਾਰਾਂ ਦੀਆਂ ਚਾਬੀਆਂ ਤੇ ਇੱਕ ਕਾਰ ਦੀ ਆਰਸੀ ਬਰਾਮਦ ਕੀਤੀ ਗਈ ਹੈ।


ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਹੁਸ਼ਿਆਰਪੁਰ ਤੋਂ ਕਾਰ ਚੋਰੀ ਕਰ ਕੇ ਲੈ ਕੇ ਆ ਰਹੇ ਸਨ ਤਾਂ ਪਿੰਡ ਬੰਮਣਾ ਵਿੱਚ ਨਾਕਾਬੰਦੀ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੜਤਾਲ ਦੌਰਾਨ ਮੁਲਜ਼ਮਾਂ ਤੋਂ ਦੋ ਕਾਰਾਂ ਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਡੀਐਸਪੀ ਅੰਮ੍ਰਿਤ ਰੰਧਾਵਾ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਡੂੰਘਾਈ ਨਾਲ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ । ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ । ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ ।