Balwant Singh Rajoana Hunger Strike: ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਬਲਵੰਤ ਸਿੰਘ ਰਾਜੋਆਣਾ ਅੱਜ ਤੋਂ ਭੁੱਖ ਹੜਤਾਲ 'ਤੇ ਜਾ ਸਕਦੇ ਹਨ। ਸ਼੍ਰੋਮਣੀ ਕਮੇਟੀ ਨੂੰ 4 ਦੰਸਬਰ ਤੱਕ ਦਾ ਅਲਟੀਮੇਟਮ ਦਿੱਤਾ ਹੋਇਆ ਸੀ ਕਿ ਉਹਨਾਂ ਦੀ ਰਹਿਮ ਦੀ ਅਰਜ਼ੀ ਵਾਪਸ ਲਈ ਜਾਵੇ। ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਉਹ 5 ਦੰਸਬਰ ਨੂੰ ਜੇਲ੍ਹ ਵਿੱਚ ਹੀ ਭੁੱਖ ਹੜਤਾਲ ਰੱਖਣਗੇ। 


ਬਲਵੰਤ ਸਿੰਘ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ 'ਚ ਤਬਦੀਲ ਕਰਨ ਦੇ ਲਈ ਸ਼੍ਰੋਮਣੀ ਕਮੇਟੀ ਨੇ ਰਾਸ਼ਟਰਪਤੀ ਕੋਲ ਰਹਿਮ ਦੀ ਅਰਜ਼ੀ ਲਗਾਈ ਸੀ। ਇਸ ਅਰਜ਼ੀ ਨੂੰ ਕਰੀਬ 12 ਸਾਲ ਹੋ ਗਏ ਹਨ ਪਰ ਹਾਲੇ ਤੱਕ ਕੋਈ ਵੀ ਫੈਸਲਾ ਨਹੀਂ ਲਿਆ ਗਿਆ। ਸੁਪਰੀਮ ਕੋਰਟ ਨੇ ਵੀ ਸਰਕਾਰ ਨੂੰ ਹਦਾਇਤ ਕੀਤੀ ਸੀ ਕਿ ਫੈਸਲਾ ਲਿਆ ਜਾਵੇ, ਪਰ ਅਦਾਤਲ ਵਿੱਚ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਜੇਕਰ ਕੋਈ ਵੀ ਫੈਸਲਾ ਲਿਆ ਗਿਆ ਤਾਂ ਦੇਸ਼ ਦਾ ਮਾਹੌਲ  ਖ਼ਰਾਬ ਹੋ ਸਕਦਾ ਹੈ। 


ਇਸ ਲਈ ਬਲਵੰਤ ਸਿੰਘ ਰਾਜੋਆਣਾ ਨੇ SGPC ਨੂੰ ਅਲਟੀਮੇਟਮ ਦਿੱਤਾ ਸੀ ਕਿ 4 ਦਸੰਬਰ ਤੱਕ ਰਹਿਮ ਵਾਲੀ ਪਟੀਸ਼ਨ ਵਾਪਸ ਲਈ ਜਾਵੇ ਨਹੀਂ ਤਾਂ 5 ਦਸੰਬਰ ਤੋਂ ਭੁੰਖ ਹੜਤਾਲ ਰੱਖਣਗੇ। ਬਲਵੰਤ ਸਿੰਘ ਇਸ ਸਮੇਂ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ। 


ਇਸ ਨੂੰ ਦੇਖਦੇ ਬੀਤੇ ਦਿਨ ਅਕਾਲੀ ਦਲ ਦਾ ਇੱਕ ਵਫ਼ਦ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕਰਨ ਲਈ ਪਟਿਅਲਾ ਪਹੁੰਚਿਆ ਪਰ ਉਹਨਾਂ ਨੂੰ ਜੇਲ੍ਹ ਅੰਦਰ ਨਹੀਂ ਜਾਣ ਦਿੱਤਾ ਗਿਆ ਸੀ। ਵਫ਼ਦ 'ਚ ਸ਼ਾਮਲ ਬਿਕਰਮ ਸਿੰਘ ਮਜੀਠੀਆ ਤੇ ਹੋਰ ਆਗੂਆਂ ਨੂੰ ਜੇਲ੍ਹ ਦੇ ਗੇਟ ਤੋਂ ਮੋੜ ਦਿੱਤਾ ਗਿਆ। ਬਿਕਰਮ ਮਜੀਠੀਆ ਨੇ ਡੀ ਜੀ ਪੀ ਜੇਲ੍ਹ ਦੀ ਮਨਜੂਰੀ ਤਹਿਤ ਅੱਜ ਮੁਲਾਕਾਤ ਕਰਵਾਉਣ ਦੀ ਗੱਲ ਕਹੀ ਗਈ। ਪਰ ਜੇਲ ਅਧਿਕਾਰੀਆਂ ਨੇ ਨਿਯਮਾਂ ਅਨੁਸਾਰ ਅੱਜ ਮੁਲਾਕਾਤ ਨਾ ਹੋ ਸਕਣ ਦਾ ਕਹਿ ਕੇ ਗੇਟ ਬੰਦ ਕਰ ਦਿੱਤਾ। 


ਮਜੀਠੀਆ ਨੇ ਕਿਹਾ ਕਿ ਉਹ ਹਰ ਤਰ੍ਹਾਂ ਦੀ ਲੋੜੀਂਦੀ ਕਾਰਵਾਈ ਪੂਰੀ ਕਰਕੇ ਹੀ ਇੱਥੇ ਭਾਈ ਰਾਜੋਆਣਾ ਨਾਲ ਮੁਲਾਕਾਤ ਕਰਨ ਪਹੁੰਚੇ ਸਨ, ਪਰੰਤੂ ਲੱਗਦਾ ਹੈ  ਮੰਤਰੀ ਭਗਵੰਤ ਮਾਨ ਤੇ ਹੋਰਾਂ ਵਲੋਂ ਦਬਾਅ ਪੈਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਇਹ ਫ਼ੈਸਲਾ ਲਿਆ ਹੈ। ਜੇਕਰ ਭਾਈ ਰਾਜੋਆਣਾ ਜੇਲ੍ਹ 'ਚ ਭੁੱਖ ਹੜਤਾਲ ਰੱਖਦੇ ਹਨ ਤਾਂ ਇਸ ਦੇ ਜ਼ਿੰਮੇਵਾਰ ਸੀਐਮ ਭਗਵੰਤ ਮਾਨ ਹੋਣਗੇ।


ਓਧਰ ਸਰੋਮਣੀ ਕਮੇਟੀ ਨੇ ਵੀ ਬਲਵੰਤ ਸਿੰਘ ਰਾਜੋਆਣਾ ਨੂੰ ਅਪੀਲ ਕੀਤੀ ਹੈ ਕਿ ਉਹ 5 ਦਸੰਬਰ ਨੂੰ ਭੁੱਖ ਹੜਤਾਲ ਕਰਨ ਦਾ ਫੈਸਲਾ ਵਾਪਸ ਲੈਣ। ਇਸ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ 20 ਦਸੰਬਰ ਨੂੰ ਇਸ ਮਾਮਲੇ ਨੂੰ ਲੈ ਕੇ ਦਿੱਲੀ ਵਿੱਚ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ  ਅਤੇ ਰਾਸ਼ਟਰਪਤੀ ਨੂੰ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫੀ ਸਬੰਧੀ 26 ਲੱਖ ਲੋਕਾਂ ਵੱਲੋਂ ਭਰੇ ਗਏ ਪਰਫਾਰਮੇ ਸੌਂਪੇ ਦੀ ਗਲ ਕਹੀ ਸੀ।