ਪਟਿਆਲਾ: ਪੰਜਾਬ ਦੇ ਭਾਸ਼ਾਵਾਂ ਤੇ ਉਚੇਰੀ ਸਿੱਖਿਆ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਨਵੀਂ ਪੀੜ੍ਹੀ ਦੇ ਪੰਜਾਬੀ ਮਾਂ ਬੋਲੀ ਅਤੇ ਸੱਭਿਆਚਾਰ ਤੋਂ ਦੂਰ ਜਾਣ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸਮੂਹ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਘਰਾਂ ਅੰਦਰ ਆਪਣੇ ਬੱਚਿਆਂ ਨਾਲ ਗੱਲਬਾਤ ਮਾਂ ਬੋਲੀ ਪੰਜਾਬੀ ਵਿੱਚ ਹੀ ਕਰਨ ਨੂੰ ਤਰਜੀਹ ਦੇਣ।


ਅੱਜ ਇੱਥੇ ਭਾਸ਼ਾ ਭਵਨ ਵਿਖੇ ਭਾਸ਼ਾ ਵਿਭਾਗ, ਪੰਜਾਬ ਵੱਲੋਂ ਮਾਂ-ਬੋਲੀ ਪੰਜਾਬੀ ਨੂੰ ਸਮਰਪਿਤ ਪੰਜਾਬੀ ਮਾਹ-2022 ਦੀ ਸ਼ੁਰੂਆਤ ਕਰਦਿਆਂ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਸਰਕਾਰ ਵੱਲੋਂ ਪੰਜਾਬੀ ਮਾਂ ਬੋਲੀ ਪ੍ਰਤੀ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਜਲਦ ਹੀ ਮਾਂ ਬੋਲੀ ਪੰਜਾਬੀ ਦੀ ਪ੍ਰਫੁਲਤਾ ਬਾਰੇ ਵੱਡਾ ਐਲਾਨ ਕਰਨਗੇ। ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਪ੍ਰਮੁੱਖ ਸਕੱਤਰ ਜਸਪ੍ਰੀਤ ਕੌਰ ਤਲਵਾੜ ਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।


ਭਾਸ਼ਾ ਮੰਤਰੀ ਨੇ ਪੰਜਾਬੀ ਮਾਂ ਬੋਲੀ ਦੇ ਅਮੀਰ ਵਿਰਸੇ, ਮੁਹਾਵਰੇ, ਅਖਾਣਾਂ ਤੇ ਬੁਝਾਰਤਾਂ ਦਾ ਜਿਕਰ ਕਰਦਿਆਂ ਕਿਹਾ ਕਿ ਅੱਜ ਦੀ ਨਵੀਂ ਪੀੜ੍ਹੀ ਅਮੀਰ ਸ਼ਬਦ ਭੰਡਾਰ ਨਾਲੋਂ ਟੁੱਟ ਰਹੀ ਹੈ ਜਦਕਿ ਪਹਿਲਾਂ ਅਸੀਂ ਆਪਣੇ ਬਜੁਰਗਾਂ ਜਰੀਏ ਇਸ ਨਾਲ ਬਾਵਾਸਤਾ ਹੁੰਦੇ ਰਹਿੰਦੇ ਸੀ। ਉਨ੍ਹਾਂ ਕਿਹਾ ਕਿ ਤਰੱਕੀ ਲਈ ਦੂਜੀਆਂ ਭਾਸ਼ਾਵਾਂ ਜਰੂਰ ਸਿੱਖਣੀਆਂ ਚਾਹੀਦੀਆਂ ਹਨ, ਪਰ ਜਿਸ ਮਾਂ ਭਾਸ਼ਾ 'ਚ ਅਸੀਂ ਸੁਪਨੇ ਲੈਂਦੇ ਹਾਂ ਉਸਨੂੰ ਵੀ ਨਹੀਂ ਵਿਸਾਰਨਾ ਚਾਹੀਦਾ। ਇਸ ਤੋਂ ਬਿਨ੍ਹਾਂ ਮਾਂਪਿਆਂ ਤੇ ਅਧਿਆਪਕਾਂ ਨੂੰ ਸਾਂਝੇ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਪੰਜਾਬੀ ਭਾਸ਼ਾ ਦੇ ਅਮੀਰ ਸਾਹਿਤਕ ਭੰਡਾਰ ਦੀਆਂ ਮਿਸਾਲਾਂ ਵੀ ਦਿੱਤੀਆਂ।


ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬੀ ਮਾਹ ਦੀ ਸ਼ੁਰੂਆਤ ਅਤੇ ਸਰਵੋਤਮ ਸਾਹਿਤਕ ਪੁਸਤਕਾਂ ਦੇ ਪੁਰਸਕਾਰ ਜੇਤੂ ਸਾਹਿਤਕਾਰਾਂ ਸਮੇਤ ਸਮੁੱਚੇ ਪੰਜਾਬੀਆਂ ਨੂੰ ਵਧਾਈ ਦਿੰਦਿਆਂ ਮੀਤ ਹੇਅਰ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਭਾਸ਼ਾ ਵਿਭਾਗ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਾਰਾ ਮਹੀਨਾ ਸਾਡੇ ਸੱਭਿਆਚਾਰ ਤੇ ਮਾਂ ਬੋਲੀ ਨੂੰ ਅਮੀਰ ਕਰਨ ਵਾਲੇ ਨਾਟਕਕਾਰਾਂ, ਕਵੀਆਂ ਤੇ ਸਾਹਿਤਕਾਰਾਂ ਨੂੰ ਸਮਰਪਿਤ ਕਰਕੇ ਮਨਾਇਆ ਜਾਵੇਗਾ, ਇਸ ਨਾਲ ਪੰਜਾਬ ਦੇ ਲੋਕ ਅਤੇ ਬੱਚੇ ਇਨ੍ਹਾਂ ਤੋਂ ਜਾਣੂ ਹੋਣਗੇ ਤੇ ਸੱਭਿਆਚਾਰ ਦੇ ਨੇੜੇ ਲੱਗਣਗੇ।


ਮੀਤ ਹੇਅਰ ਨੇ ਐਲਾਨ ਕੀਤਾ ਕਿ ਬਰਨਾਲਾ ਸਮੇਤ ਪੰਜਾਬ ਦੇ ਹੋਰਨਾਂ ਸ਼ਹਿਰਾਂ ਵਿੱਚ ਸਾਹਿਤਕਾਰਾਂ ਨੂੰ ਸਹੂਲਤਾਂ ਦੇਣ ਲਈ ਵਿਸੇਸ਼ ਇਮਾਰਤਾਂ ਬਣਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬੀ ਦੀ ਪ੍ਰਫੁਲਤਾ ਲਈ ਮਾਨ ਸਰਕਾਰ ਨੇ ਸੀ ਤੇ ਡੀ ਵਰਗ ਦੇ ਸਰਕਾਰੀ ਮੁਲਾਜਮਾਂ ਦੀ ਭਰਤੀ ਲਈ ਪੰਜਾਬੀ ਦਾ ਵਿਸ਼ੇਸ਼ ਇਮਤਿਹਾਨ ਪਾਸ ਕਰਨਾ ਲਾਜਮੀ ਬਣਾਇਆ ਹੈ।