Patiala News: ਪੰਜਾਬ ਵਿੱਚ ਨਸ਼ਿਆਂ ਦੇ ਦਰਿਆ ਨੂੰ ਠੱਲ੍ਹਣ ਲਈ ਪਿੰਡਾਂ ਦੇ ਨੌਜਵਾਨਾਂ ਨੇ ਕਮਾਨ ਸੰਭਾਲੀ ਹੈ। ਇਸ ਲਈ ਹੁਣ ਨਸ਼ਾ ਤਸਕਰ ਨਸ਼ਿਆਂ ਵਿਰੁੱਧ ਡਟੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਣ ਲੱਗੇ ਹਨ। ਪਿਛਲੇ ਸਮੇਂ ਵਿੱਚ ਨਸ਼ਾ ਤਸਕਰਾਂ ਦਾ ਵਿਰੋਧ ਕਰਨ ਵਾਲਿਆਂ ਉੱਪਰ ਲਗਾਤਾਰ ਹਮਲੇ ਹੋ ਰਹੇ ਹਨ। ਇਸ ਕਰਕੇ ਹੁਣ ਪੰਜਾਬ ਪੁਲਿਸ ਉਪਰ ਵੀ ਸਵਾਲ ਖੜ੍ਹੇ ਹੋਣ ਲੱਗੇ ਹਨ।
ਦੱਸ ਦਈਏ ਕਿ ਤਾਜ਼ਾ ਮਾਮਲਾ ਪਟਿਆਲਾ ਨੇੜਲੇ ਪਿੰਡ ਸ਼ੇਰਮਾਜਰਾ ਦਾ ਹੈ। ਇੱਥੇ ਨਸ਼ਾ ਵਿਰੋਧੀ ਮੁਹਿੰਮ ਦੀ ਅਗਵਾਈ ਕਰ ਰਹੇ ਗਗਨਦੀਪ ਸਿੰਘ ’ਤੇ ਦੇਰ ਰਾਤ ਨਸ਼ਾ ਤਸਕਰਾਂ ਨੇ ਹਮਲਾ ਕਰ ਦਿੱਤਾ। ਗਗਨਦੀਪ ਅਨੁਸਾਰ ਜਦੋਂ ਹਮਲਾਵਰਾਂ ਨੇ ਉਸ ’ਤੇ ਹਮਲਾ ਕੀਤਾ ਤਾਂ ਉਸ ਨੇ ਭੱਜ ਕੇ ਜਾਨ ਬਚਾਈ। ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਉਣ ਵਾਲਿਆਂ ਦੇ ਹੱਕ ਵਿੱਚ ਸੰਸਦ ਮੈਂਬਰ ਪ੍ਰਨੀਤ ਕੌਰ ਸਮੇਤ ਡਕਾਲਾ ਦੇ ਸਾਬਕਾ ਚੇਅਰਮੈਨ ਮਦਨਜੀਤ ਸਿੰਘ ਨੇ ਆਵਾਜ਼ ਬੁਲੰਦ ਕਰਦਿਆਂ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪ੍ਰਨੀਤ ਕੌਰ ਨੇ ਕਿਹਾ ਕਿ ਗਗਨਦੀਪ ਸਿੰਘ ਨੂੰ ਤੁਰੰਤ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ।
ਇਸ ਬਾਰੇ ਗਗਨਦੀਪ ਸਿੰਘ ਨੇ ਕਿਹਾ ਕਿ ਰਾਤ ਵੇਲੇ ਜਦੋਂ ਉਹ ਸ਼ੇਰਮਾਜਰਾ ਵੱਲ ਆ ਰਿਹਾ ਸੀ ਤਾਂ ਸਵਿਫ਼ਟ ਕਾਰ ’ਚ ਸਵਾਰ ਛੇ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ, ਜਿਨ੍ਹਾਂ ਕੋਲ ਅਸਲਾ ਵੀ ਸੀ। ਉਨ੍ਹਾਂ ਦੀ ਕਾਰ ਦੀ ਪਿਛਲੀ ਤਾਕੀ ਨਹੀਂ ਖੁੱਲ੍ਹੀ, ਅਗਲੀ ਤਾਕੀ ਤੋਂ ਇਕ ਹਮਲਾਵਰ ਨੇ ਉਸ ਦੇ ਗੱਲ ਨੂੰ ਹੱਥ ਪਾਇਆ ਪਰ ਉਹ ਮੋਟਰਸਾਈਕਲ ਛੱਡ ਕੇ ਸੜਕ ਦੇ ਇਕ ਪਾਸੇ ਖਾਈ ਵਿਚ ਡਿੱਗ ਗਿਆ। ਹਮਲਾਵਰਾਂ ਨੇ ਉਸ ਦਾ ਪਿੱਛਾ ਕੀਤਾ ਪਰ ਉਸ ਨੇ ਕੁਝ ਦੂਰ ਜਾ ਕੇ ਆਪਣੇ ਸਾਥੀਆਂ ਨੂੰ ਫ਼ੋਨ ਕੀਤਾ ਤਾਂ ਉਹ ਮੌਕੇ ’ਤੇ ਆ ਗਏ ਤੇ ਇੰਨੇ ਵਿੱਚ ਨਸ਼ਾ ਤਸਕਰ ਭੱਜ ਗਏ।
ਗਗਨਦੀਪ ਸਿੰਘ ਨੇ ਕਿਹਾ ਕਿ ਸ਼ੇਰਮਾਜਰਾ ਵਿਚ ਤੇ ਆਲੇ ਦੁਆਲੇ ਦੇ ਕੁਝ ਪਿੰਡਾਂ ਵਿਚ ਕੁੱਝ ਲੋਕ ਨਸ਼ਾ ਤਸਕਰੀ ਕਰਦੇ ਹਨ। ਪਿੰਡ ਦੇ ਨੌਜਵਾਨਾਂ ਨੇ ਨਸ਼ਾ ਵਿਰੋਧੀ ਮੁਹਿੰਮ ਚਲਾ ਕੇ ਉਨ੍ਹਾਂ ਨੂੰ ਰੋਕਿਆ। ਪੁਲਿਸ ਨੇ ਵੀ ਪਿੰਡ ਦੇ ਨੌਜਵਾਨਾਂ ਦਾ ਸਾਥ ਦਿੱਤਾ ਜਿਸ ਕਰਕੇ ਨਸ਼ਾ ਤਸਕਰਾਂ ਦਾ ਕੰਮ ਠੱਪ ਹੋ ਕੇ ਰਹਿ ਗਿਆ, ਇਸੇ ਕਰਕੇ ਉਨ੍ਹਾਂ ਨੇ ਹਮਲੇ ਕਰਨੇ ਸ਼ੁਰੂ ਕੀਤੇ ਹਨ।
ਇਹ ਵੀ ਪੜ੍ਹੋ: Punjab Weather: ਮੌਸਮ ਨੇ ਲਈ ਮੁੜ ਕਰਵਟ, ਅੱਜ ਵੀ ਕਈ ਜ਼ਿਲ੍ਹਿਆਂ 'ਚ ਹੋਏਗੀ ਬਾਰਸ਼, ਜਾਣੋ ਮਾਨਸੂਨ ਦਾ ਪੂਰਾ ਲੇਖਾ ਜੋਖਾ
ਇਸ ਬਾਰੇ ਡਕਾਲਾ ਚੌਕੀ ਇੰਚਾਰਜ ਗੁਰਵਿੰਦਰ ਸਿੰਘ ਨੇ ਕਿਹਾ ਕਿ ਗਗਨਦੀਪ ਸਿੰਘ ਸਾਨੂੰ ਸ਼ਿਕਾਇਤ ਦੇ ਗਿਆ ਸੀ, ਜਿਸ ਦੀ ਜਾਂਚ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਬਾਰੇ ਡਕਾਲਾ ਚੌਕੀ ਇੰਚਾਰਜ ਗੁਰਵਿੰਦਰ ਸਿੰਘ ਨੇ ਕਿਹਾ ਕਿ ਗਗਨਦੀਪ ਸਿੰਘ ਦੀ ਸ਼ਿਕਾਇਤ ਪ੍ਰਾਪਤ ਹੋਈ ਸੀ, ਜਿਸ ਦੀ ਜਾਂਚ ਚੱਲ ਰਹੀ ਹੈ, ਸਾਰੇ ਪੱਖਾਂ ਦੀ ਜਾਂਚ ਕੀਤੀ ਹੈ ਜਿਸ ਤੋਂ ਸਪਸ਼ਟ ਹੋਇਆ ਹੈ ਕਿ ਉਸ ’ਤੇ ਹਮਲਾ ਕੀਤਾ ਗਿਆ ਹੈ। ਪੁਲਿਸ ਵੱਲੋਂ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: India-China Tensions: ਜਲ ਸੈਨਾ ਦੇ ਬੇੜੇ 'ਚ ਸ਼ਾਮਲ ਹੋਣਗੇ 175 ਨਵੇਂ ਜੰਗੀ ਬੇੜੇ, ਭਾਰਤ ਚੀਨ ਨੂੰ ਸਮੁੰਦਰ 'ਚ ਹਰਾਉਣ ਦੀ ਤਿਆਰੀ 'ਚ