Kisan Delhi March: ਦਿੱਲੀ ਕੂਚ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਨੇ ਇੱਕ ਵਾਰ ਮੁੜ ਤੋਂ ਕੇਂਦਰ ਸਰਕਾਰ ਸਾਹਮਣੇ ਆਪਣੀਆਂ ਮੰਗਾਂ ਰੱਖੀਆਂ ਹਨ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਹਾਲੇ ਵੀ ਮੌਕਾ ਹੈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਾਡੀਆਂ ਮੰਗਾਂ ਪੂਰੀਆਂ ਕਰ ਲੈਣ ਅਸੀਂ ਦਿੱਲੀ ਨਹੀਂ ਆਵਾਂਗੇ।
ਸ਼ੰਭੂ ਸਰਹੱਦ ਤੋਂ ਅੱਜ ਸਵੇਰੇ ਕਿਸਾਨ ਲੀਡਰ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਬਾਵ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ''ਅਸੀਂ ਆਪਣੇ ਵੱਲੋਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ। ਅਸੀਂ ਮੀਟਿੰਗਾਂ ਵਿਚ ਸ਼ਾਮਲ ਹੋਏ, ਹਰ ਨੁਕਤੇ 'ਤੇ ਚਰਚਾ ਹੋਈ ਅਤੇ ਹੁਣ ਫੈਸਲਾ ਕੇਂਦਰ ਸਰਕਾਰ ਨੇ ਲੈਣਾ ਹੈ।
ਪੰਧੇਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਸਾਡੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ। 1.5 ਲੱਖ ਜਾਂ 2 ਲੱਖ ਕਰੋੜ ਰੁਪਏ ਕੋਈ ਬਹੁਤ ਵੱਡੀ ਰਕਮ ਨਹੀਂ ਹੈ। ਪੰਧੇਰ ਨੇ ਕਿਹਾ ਕਿ ਅਸੀਂ ਸ਼ਾਂਤਮਈ ਢੰਗ ਨਾਲ ਦਿੱਲੀ ਜਾਵਾਂਗੇ, ਕੇਂਦਰ ਸਰਕਾਰ ਰਸਤੇ ਵਿੱਚ ਤਿਆਰ ਕੀਤੀਆਂ ਰੁਕਾਵਟਾਂ ਨੂੰ ਹਟਾਵੇ ਅਤੇ ਸਾਨੂੰ ਦਿੱਲੀ ਵੱਲ ਮਾਰਚ ਕਰਨ ਦੀ ਇਜਾਜ਼ਤ ਦੇਵੇ। ਪੰਧੇਰ ਨੇ ਕਿਹਾ ਕਿ ਪੀਐਮ ਮੋਦੀ ਨੂੰ ਲੋਕਤੰਤਰ ਦੀ ਰਾਖੀ ਕਰਨੀ ਚਾਹੀਦੀ ਹੈ ਸਾਨੂੰ ਰਾਹ ਦੇ ਕੇ।
ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ 'ਸਾਡਾ ਕਿਸੇ ਕਿਸਮ ਦੀ ਅਰਾਜਕਤਾ ਪੈਦਾ ਕਰਨ ਦਾ ਇਰਾਦਾ ਨਹੀਂ ਹੈ, ਦਿਲੀ ਜਾਣ ਦਾ ਪ੍ਰੋਗਰਾਮ ਅਸੀਂ ਹੁਣ ਨਹੀਂ ਉਲੀਕਿਆ ਇਹ ਤਾਂ ਅਸੀਂ 7 ਨਵੰਬਰ ਤੋਂ ਦਿੱਲੀ ਪਹੁੰਚਣ ਦੀ ਯੋਜਨਾ ਬਣਾਈ ਹੈ। ਜੇਕਰ ਸਰਕਾਰ ਕਹਿੰਦੀ ਹੈ ਕਿ ਉਨ੍ਹਾਂ ਨੂੰ ਪੂਰਾ ਸਮਾਂ ਨਹੀਂ ਮਿਲਿਆ ਤਾਂ ਇਸ ਦਾ ਮਤਲਬ ਹੈ ਕਿ ਸਰਕਾਰ ਸਾਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਡੱਲੇਵਾਲ ਨੇ ਕਿਹਾ ਕਿ ਇਹ ਸਹੀ ਨਹੀਂ ਹੈ ਕਿ ਸਾਨੂੰ ਰੋਕਣ ਲਈ ਇੰਨੇ ਵੱਡੇ ਬੈਰੀਕੇਡ ਲਗਾਏ ਗਏ ਹਨ। ਅਸੀਂ ਸ਼ਾਂਤੀ ਨਾਲ ਦਿੱਲੀ ਜਾਣਾ ਚਾਹੁੰਦੇ ਹਾਂ। ਸਰਕਾਰ ਬੈਰੀਕੇਡ ਹਟਾਵੇ ਅਤੇ ਸਾਨੂੰ ਜਾਣ ਦੇਵੇ, ਨਹੀਂ ਤਾਂ ਸਾਡੀਆਂ ਮੰਗਾਂ ਪੂਰੀਆਂ ਕਰੋ, ਅਸੀਂ ਸ਼ਾਂਤੀ ਪਸੰਦ ਹਾਂ।
ਡੱਲੇਵਾਲ ਨੇ ਕਿਹਾ ਕਿ ਜੇਕਰ ਉਹ ਹੱਥ ਵਧਾਉਂਦੇ ਹਨ ਤਾਂ ਅਸੀਂ ਵੀ ਸਹਿਯੋਗ ਦੇਵਾਂਗੇ। ਸਾਨੂੰ ਸਥਿਤੀ ਨੂੰ ਸ਼ਾਂਤੀ ਨਾਲ ਸੰਭਾਲਣਾ ਹੋਵੇਗਾ। ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਕੰਟਰੋਲ ਨਾ ਗੁਆਉਣ।