Patiala News: ਕੋਵਿਡ-19 ਦੇ ਨਵੇਂ ਵੇਰੀਐਂਟ ਜੇਐਨ 1 ਨੇ ਦਹਿਸ਼ਤ ਮਚਾ ਦਿੱਤੀ ਹੈ (Corona's new variant JN 1)। ਬੇਸ਼ੱਕ ਅਜੇ ਤੱਕ ਪੰਜਾਬ ਵਿੱਚ ਨਵੇਂ ਵੇਰੀਐਂਟ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਪਰ ਸਿਹਤ ਮਹਿਕਮਾ ਅਲਰਟ ਹੋ ਗਿਆ ਹੈ। ਪੰਜਾਬ ਵਿੱਚ ਕੋਵਿਡ-19 ਦੇ ਨਵੇਂ ਵੇਰੀਐਂਟ ਜੇਐਨ 1 ਨੂੰ ਵੇਖਦਿਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਸਿਹਤ ਮਹਿਕਮੇ ਵੱਲੋਂ ਜਾਰੀ ਹਦਾਇਤਾਂ ਨੂੰ ਲਾਗੂ ਕਰਵਾਉਣ ਲਈ ਜ਼ਿਲ੍ਹਾ ਪ੍ਰਸਾਸ਼ਨ ਐਕਸ਼ਨ ਮੋਡ ਵਿੱਚ ਆ ਗਿਆ ਹੈ।




ਹਾਸਲ ਜਣਕਾਰੀ ਮੁਤਾਬਕ ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ ਨੇ ਪਟਿਆਲਾ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਡਾਇਰੈਕਟਰ (ਸਿਹਤ ਤੇ ਪਰਿਵਾਰ ਭਲਾਈ ਵਿਭਾਗ) ਵੱਲੋਂ ਕੋਵਿਡ-19 ਦੇ ਨਵੇਂ ਵੇਰੀਐਂਟ ਜੇਐਨ 1 ਤੋਂ ਬਚਾਅ ਲਈ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਤੇ ਭੀੜ ਵਾਲੇ ਸਥਾਨਾਂ ’ਤੇ ਮਾਸਕ ਪਾਉਣ ਸਮੇਤ ਜ਼ਰੂਰੀ ਇਹਤਿਆਤ ਜ਼ਰੂਰ ਵਰਤੀ ਜਾਵੇ।


ਅਪੀਲ ਵਿੱਚ ਦੇਸ਼ ਦੇ ਕੁਝ ਰਾਜਾਂ ਵਿੱਚ ਕੋਵਿਡ 19 ਦੇ ਨਵੇਂ ਵੇਰੀਐਂਟ ਜੇਐਨ 1 ਦਾ ਜ਼ਿਕਰ ਕਰਦਿਆਂ ਕਿਹਾ ਗਿਆ ਹੈ ਕਿ ਕੋਵਿਡ ਉੱਚਿਤ ਵਿਵਹਾਰ ਦੀ ਸਖ਼ਤੀ ਨਾਲ ਪਾਲਣਾ ਕਰਨੀ ਜ਼ਰੂਰੀ ਹੈ ਤੇ ਭੀੜ ਵਾਲੇ ਸਥਾਨਾਂ ’ਚ ਜਾਣ ਸਮੇਂ ਤੇ ਨੇੜੇ ਬੈਠਣ ਵਾਲੇ ਸਥਾਨਾਂ ’ਤੇ ਮਾਸਕ ਪਾਉਣ ਨੂੰ ਤਰਜੀਹ ਦਿੱਤੀ ਜਾਵੇ। ਡਾਕਟਰ, ਪੈਰਾਮੈਡੀਕਲ ਤੇ ਹੋਰ ਹੈਲਥ ਕੇਅਰ ਵਰਕਰ ਮਰੀਜ਼ ਦੀ ਜਾਂਚ ਕਰਨ ਸਮੇਂ ਕੋਵਿਡ ਉੱਚਿਤ ਵਿਵਹਾਰ ਦੀ ਪਾਲਣਾ ਕਰਨ। 


ਇਸ ਤੋਂ ਇਲਾਵਾ ਮਰੀਜ਼ ਅਤੇ ਉਨ੍ਹਾਂ ਨਾਲ ਆਏ ਮੈਂਬਰ ਇਹਤਿਆਤ ਵਜੋਂ ਕੋਵਿਡ ਤੋਂ ਬਚਾਅ ਵਾਲੇ ਨਿਯਮਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ। ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਖੰਘ ਅਤੇ ਛਿੱਕ ਆਉਣ ਸਮੇਂ ਆਪਣੇ ਨੱਕ ਤੇ ਮੂੰਹ ਨੂੰ ਰੁਮਾਲ ਜਾ ਟਿਸ਼ੂ ਨਾਲ ਢਕਿਆ ਜਾਵੇ ਤੇ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਆਪਣੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਤੇ ਜਾਣ। 


ਜੇਕਰ ਬੁਖਾਰ, ਖੰਘ ਜਾ ਫੇਰ ਸਾਹ ਲੈਣ ਵਿੱਚ ਤਕਲੀਫ ਹੋਵੇ ਤਾਂ ਤੁਰੰਤ ਡਾਕਟਰ ਦੀ ਸਲਾਹ ਲਈ ਜਾਵੇ ਅਤੇ ਡਾਕਟਰ ਕੋਲ ਜਾਣ ਸਮੇਂ ਵੀ ਮਾਸਕ ਨਾਲ ਆਪਣਾ ਮੂੰਹ ਤੇ ਨੱਕ ਡੱਕਿਆ ਜਾਵੇ। ਇਸ ਤੋਂ ਇਲਾਵਾ ਕਿਸੇ ਬਿਮਾਰੀ ਨਾਲ ਪੀੜਤ ਵਿਅਕਤੀ, ਗਰਭਵਤੀ ਮਹਿਲਾਵਾਂ ਤੇ ਬਜ਼ੁਰਗ ਭੀੜ ਵਾਲੇ ਸਥਾਨਾਂ ’ਤੇ ਜਾਣ ਤੋਂ ਗੁਰੇਜ਼ ਕਰਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।