Patiala News: ਪਟਿਆਲਾ ਵਿੱਚ ਕੜਾਕੇ ਦੀ ਠੰਢ 'ਚ ਠੰਢੇ ਸਮੋਸਿਆਂ ਨੂੰ ਲੈ ਕੇ ਪਾਰਾ ਚੜ੍ਹ ਗਿਆ। ਮਾਮਲਾ ਇੰਨਾ ਵਧ ਗਿਆ ਕਿ ਤਲਵਾਰਾਂ ਤੇ ਖੁਰਚਣਿਆਂ ਨਾਲ ਗਹਿਗੱਚ ਲੜਾਈ ਹੋਈ। ਇਸ ਝੜਪ ਦੌਰਾਨ ਚਾਰ ਜਣੇ ਜ਼ਖ਼ਮੀ ਹੋਏ ਹਨ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੋਵਾਂ ਧਿਰਾਂ ਉੱਪਰ ਕਾਬੂ ਪਾਇਆ।
ਹਾਸਲ ਜਾਣਕਾਰੀ ਮੁਤਾਬਕ ਪਟਿਆਲਾ ਦੇ ਮੁੱਖ ਬੱਸ ਅੱਡੇ ’ਚ ਵੀਰਵਾਰ ਨੂੰ ਦੋ ਧਿਰਾਂ ਵਿਚਾਲੇ ਝੜਪ ਹੋ ਗਈ, ਜਿਸ ਵਿੱਚ ਚਾਰ ਜਣੇ ਜ਼ਖ਼ਮੀ ਹੋ ਗਏ। ਇਸ ਲੜਾਈ ਵਿੱਚ ਕਿਰਪਾਨਾਂ ਤੇ ਖੁਰਚਣੇ ਆਦਿ ਚੱਲੇ। ਉਂਜ ਇਸ ਸਬੰਧੀ ਸ਼ਾਮ ਤੱਕ ਅਜੇ ਕੇਸ ਦਰਜ ਨਹੀਂ ਕੀਤਾ ਗਿਆ ਸੀ। ਪੁਲਿਸ ਦਾ ਤਰਕ ਸੀ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮੁੱਢਲੀ ਜਾਣਕਾਰੀ ਅਨੁਸਾਰ ਇਹ ਲੜਾਈ ਠੰਢੇ ਸਮੋਸਿਆ ਨੂੰ ਲੈ ਕੇ ਹੋਈ। ਦਰਅਸਲ ਬਲਜਿੰਦਰ ਸਿੰਘ ਨਾਮ ਦੇ ਇੱਕ ਨੌਜਵਾਨ ਨੇ ਜਦੋਂ ਇੱਕ ਦੁਕਾਨ ਤੋਂ ਸਮੋਸੇ ਲਏ ਤਾਂ ਉਸ ਨੇ ਦੁਕਾਨਦਾਰ ਕੋਲ ਸਮੋਸੇ ਠੰਢੇ ਹੋਣ ਦੀ ਸ਼ਿਕਾਇਤ ਕੀਤੀ। ਇਸ ਦੌਰਾਨ ਦੋਵਾਂ ਦਰਮਿਆਨ ਹੋਈ ਤਕਰਾਰ ਲੜਾਈ ਦਾ ਰੂਪ ਧਾਰਨ ਕਰ ਗਈ। ਇਸ ਮੌਕੇ ਬਲਜਿੰਦਰ ਸਿੰਘ ਦਾ ਭਰਾ ਵੀ ਪੁੱਜ ਗਿਆ। ਲੜਾਈ ਇੰਨੀ ਵਧ ਗਈ ਕਿ ਦੋਵਾਂ ਧਿਰਾਂ ਨੇ ਹਥਿਆਰ ਕੱਢ ਲਏ।
ਇਸੇ ਦੌਰਾਨ ਦੁਕਾਨਦਾਰਾਂ ਨੇ ਜਦੋਂ ਦੁਕਾਨ ਵਿਚ ਵਰਤੇ ਜਾਂਦੇ ਖੁਰਚਣੇ ਚੁੱਕੇ ਤਾਂ ਬਲਜਿੰਦਰ ਸਿੰਘ ਤੇ ਉਸ ਦੇ ਭਰਾ ਨੇ ਵੀ ਕਿਰਪਾਨ ਕੱਢ ਲਈ। ਇਸ ਲੜਾਈ ਵਿੱਚ ਦੁਕਾਨ ਨਾਲ ਸਬੰਧਤ ਤਿੰਨ ਮੈਂਬਰਾਂ ਸਣੇ ਚਾਰ ਜਣਿਆ ਨੂੰ ਸੱਟਾਂ ਵੱਜੀਆਂ। ਘਟਨਾ ਦੀ ਇਤਲਾਹ ਮਿਲਣ ’ਤੇ ਥਾਣਾ ਅਰਬਨ ਅਸਟੇਟ ਤੋਂ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਵੀ ਟੀਮ ਸਮੇਤ ਪਹੁੰਚੇ।
ਉਨ੍ਹਾਂ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਪਰ ਉਨ੍ਹਾਂ ਦਾ ਕਹਿਣਾ ਸੀ ਕਿ ਅਜੇ ਪੁਲਿਸ ਕਾਰਵਾਈ ਜਾਰੀ ਹੈ। ਜ਼ਖ਼ਮੀਆਂ ਦੇ ਬਿਆਨਾਂ ਉਪਰੰਤ ਹੀ ਕੇਸ ਦਰਜ ਕੀਤਾ ਜਾ ਸਕੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।