Patiala News: ਪੰਜਾਬ ਸਰਕਾਰ ਨੇ ਨਸ਼ਾ ਤਸਕਰਾਂ ਖਿਲਾਫ ਸ਼ਿਕੰਜਾ ਕੱਸ ਦਿੱਤਾ ਹੈ। ਹੁਣ ਨਸ਼ਾ ਤਸਕਰੀ ਨਾਲ ਬਣਾਈਆਂ ਕਰੋੜਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾ ਰਹੀਆਂ ਹਨ। ਜ਼ਿਲ੍ਹਾ ਪੁਲਿਸ ਪਟਿਆਲਾ ਵੱਲੋਂ ਸੱਤ ਤਸਕਰਾਂ ਦੀਆਂ ਕਈ ਕਰੋੜ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ। ਐਸਐਸਪੀ ਵਰੁਣ ਸ਼ਰਮਾ ਮੁਤਾਬਕ 11 ਹੋਰ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਦੀ ਕਾਰਵਾਈ ਜਾਰੀ ਹੈ। ਪੰਜ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਪਹਿਲਾਂ ਹੀ ਅਮਲ ’ਚ ਲਿਆਂਦੀ ਜਾ ਚੁੱਕੀ ਹੈ।



ਪਟਿਆਲਾ ਦੇ ਡੀਐਸਪੀ (ਰੂਰਲ) ਗੁਰਦੇਵ ਸਿੰਘ ਧਾਲ਼ੀਵਾਲ਼ ਦੀ ਅਗਵਾਈ ਹੇਠ ਅੱਜ ਥਾਣਾ ਸਨੌਰ ਦੀ ਮਹਿਲਾ ਐਸਐਚਓ ਪ੍ਰਿਯਾਂਸ਼ੂ ਸਿੰਘ ਤੇ ਟੀਮ ਨੇ ਰਾਜਿੰਦਰ ਸਿੰਘ ਦੀ 21.50 ਲੱਖ ਦੀ ਕੋਠੀ ਜ਼ਬਤ ਕੀਤੀ ਹੈ। ਉਸ ਖ਼ਿਲਾਫ਼ ਥਾਣਾ ਸਨੌਰ ਵਿੱਚ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਪ੍ਰਿਯਾਂਸ਼ੂ ਸਿੰਘ ਦਾ ਕਹਿਣਾ ਸੀ ਕਿ ਇਹ ਕੋਠੀ ਉਸ ਨੇ 2015 ਵਿੱਚ ਆਪਣੀ ਮਾਂ ਦੇ ਨਾਮ ’ਤੇ ਖਰੀਦੀ ਸੀ।


ਇਸੇ ਤਰ੍ਹਾਂ ਪਟਿਆਲਾ ਦੇ ਡੀਐਸਪੀ ਜਸਵਿੰਦਰ ਟਿਵਾਣਾ ਦੀ ਅਗਵਾਈ ਹੇਠ ਬਖਸ਼ੀਵਾਲਾ ਪੁਲਿਸ ਵੱਲੋਂ ਕੰਗਮ ਸਿੰਘ ਨਾਮ ਦੇ ਤਸਕਰ ਦੀ 15.72 ਲੱਖ ਦੀ, ਡੀਐਸਪੀ ਰਘਬੀਰ ਸਿੰਘ ਦੀ ਅਗਵਾਈ ਹੇਠ ਥਾਣਾ ਖੇੜੀ ਗੰਡਿਆਂ ਦੀ ਪੁਲਿਸ ਨੇ ਸ਼ੀਸ਼ਾ ਸਿੰਘ ਦੀ 31 ਲੱਖ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਹੈ। ਰਾਜਪੁਰਾ ਪੁਲਿਸ ਨੇ ਅਜੇ ਕੁਮਾਰ ਤੇ ਹੋਰਾਂ ਦੀ 5.56 ਲੱਖ ਦੀ, ਸਮਾਣਾ ਪੁਲਿਸ ਨੇ ਅਮਰਜੀਤ ਕੌਰ ਨਾਮ ਦੀ ਤਸਕਰ ਦੀ 27 ਲੱਖ ਦੀ ਤੇ ਕੋਤਵਾਲੀ ਨਾਭਾ ਪੁਲਿਸ ਨੇ ਹਰਪ੍ਰੀਤ ਸਿੰਘ ਨਾਮੀ ਤਸਕਰ ਦੀ 34.80 ਲੱਖ ਦੀ ਜਾਇਦਾਦ ਜ਼ਬਤ ਕੀਤੀ ਹੈ। 



ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਦਾ ਕਹਿਣਾ ਸੀ ਕਿ ਭਾਵੇਂ ਨਸ਼ਾ ਤਸਕਰਾਂ ਖ਼ਿਲਾਫ਼ ਪਹਿਲਾਂ ਹੀ ਸਖ਼ਤ ਕਾਰਵਾਈ ਕੀਤੀ ਜਾ ਰਹੀ ਸੀ, ਪਰ ਮੁੱਖ ਮੰਤਰੀ ਤੇ ਡੀਜੀਪੀ ਵੱਲੋਂ ਇੱਕ ਸਾਲ ’ਚ ਨਸ਼ਾ ਖਤਮ ਕਰਨ ਦੇ ਮਿਥੇ ਟੀਚੇ ਦੇ ਚੱਲਦਿਆਂ, ਹੁਣ ਸ਼ਿਕੰਜਾ ਹੋਰ ਕੱਸ ਦਿੱਤਾ ਗਿਆ ਹੈ।


ਇਸੇ ਤਰ੍ਹਾਂ ਸੰਗਰੂਰ ਪੁਲਿਸ ਵੱਲੋਂ ਤਿੰਨ ਨਸ਼ਾ ਤਸਕਰਾਂ ਦੀ ਕਰੀਬ ਇੱਕ ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਜ਼ਿਲ੍ਹਾ ਪੁਲਿਸ ਮੁਖੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਐਨਡੀਪੀਐਸ ਐਕਟ ਦੇ ਤਹਿਤ ਨਸ਼ਾ ਤਸਕਰਾਂ ਦੇ ਖ਼ਿਲਾਫ਼ ਸਮਰੱਥ ਅਥਾਰਟੀ ਦਿੱਲੀ ਦੇ ਆਦੇਸ਼ਾਂ ਨਾਲ ਤਿੰਨ ਨਸ਼ਾ ਤਸਕਰਾਂ ਦੀ ਕਰੀਬ ਇੱਕ ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ ਜਿਸ ਵਿੱਚ ਮਕਾਨ, ਵਾਹੀਯੋਗ ਜ਼ਮੀਨ ਤੇ ਵਾਹਨ ਸ਼ਾਮਲ ਹਨ।