Patiala News: ਪਟਿਆਲਾ ਵਿੱਚ ਗੁਰਮੁੱਖ ਧਾਲੀਵਾਲ ਖੁਦਕੁਸ਼ੀ ਮਾਮਲੇ ਵਿੱਚ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਕਿਹਾ ਹੈ ਕਿ ਗੁਰਮੁੱਖ ਉਪਰ ਪਟਿਆਲਾ ਵਿੱਚ ਕਈ ਮਾਮਲੇ ਦਰਜ ਸੀ। ਇਰਾਦਾ ਕਤਲ, ਐਨਡੀਪੀਐਸ ਐਕਟ ਤੇ ਹੋਰ ਵੀ ਕਈ ਧਰਾਵਾਂ ਤਹਿਤ ਮਾਮਲੇ ਦਰਜ ਸੀ। ਪੁਲਿਸ ਅਧਿਕਾਰੀਆਂ ਵੱਲੋਂ ਧੱਕੇਸ਼ਾਹੀ ਵਾਲੀ ਗੱਲ ਜੋ ਉਸ ਨੇ ਖੁਦਕੁਸ਼ੀ ਤੋਂ ਪਹਿਲਾਂ ਕਹੀ ਹੈ, ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਕੱਲ੍ਹ ਜੋ ਇਹ ਘਟਨਾ ਵਾਪਰੀ ਹੈ, ਉਸ ਤੇ ਐਸਐਸਪੀ ਪਟਿਆਲਾ ਨੇ ਦੁੱਖ ਜਾਹਿਰ ਕੀਤਾ ਹੈ।


ਦੱਸ ਦਈਏ ਕਿ ਪਟਿਆਲਾ ਦੇ ਸਨੌਰੀ ਅੱਡੇ ਦੇ ਰਹਿਣ ਵਾਲੇ ਗੁਰਮੁੱਖ ਸਿੰਘ ਧਾਲੀਵਾਲ ਵੱਲੋਂ ਆਪਣੇ ਆਪ ਨੂੰ ਅੱਗ ਲਾ ਕੇ ਆਤਮਦਾਹ ਕਰਨ ਦਾ ਮਾਮਲਾ ਗਰਮਾ ਗਿਆ ਹੈ। ਉਸ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਵੱਲੋਂ ਅੱਜ ਦੂਜੇ ਦਿਨ ਪਟਿਆਲਾ ਚੰਡੀਗੜ੍ਹ ਮਾਰਗ ਤੇ ਜਾਮ ਲਾ ਕੇ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਰੋਡ ਜਾਮ ਦੀ ਅਗਵਾਈ ਬੀਜੇਪੀ ਦੀ ਸੀਨੀਅਰ ਆਗੂ ਬੀਬਾ ਜੈ ਇੰਦਰ ਕੌਰ ਵੱਲੋਂ ਕੀਤੀ ਗਈ।


ਹਾਸਲ ਜਾਣਕਾਰੀ ਮੁਤਾਬਕ ਉਨ੍ਹਾਂ ਵੱਲੋਂ ਅੱਜ ਸਵੇਰ ਤੋਂ ਹੀ ਰੋਡ ਨੂੰ ਜਾਮ ਕਰਕੇ ਪੁਲਿਸ ਮੁਲਾਜ਼ਮਾਂ ਖਿਲਾਫ ਮਾਮਲਾ ਦਰਜ ਕਰਨ ਦੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋ ਤੱਕ ਜ਼ਿੰਮੇਵਾਰ ਪੁਲਿਸ ਮੁਲਾਜਮਾਂ ਖਿਲਾਫ ਸਖਤ ਕਾਰਵਾਈ ਨਹੀਂ ਹੁੰਦੀ, ਉਦੋਂ ਤਕ ਉਹ ਜਾਮ ਇਸੇ ਤਰ੍ਹਾਂ ਜਾਰੀ ਰੱਖਣਗੇ।


ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਕਤ ਗੁਰਮੁੱਖ ਸਿੰਘ ਖਿਲਾਫ ਕੁਲ 15 ਮੁਕੱਦਮੇ ਵੱਖ-ਵੱਖ ਜੁਰਮਾਂ ਤਹਿਤ ਦਰਜ ਰਜਿਸਟਰ ਹਨ, ਜਿਨ੍ਹਾਂ ਵਿੱਚੋਂ ਇਰਾਦਾ ਕਤਲ, ਐਨਡੀਪੀਐਸ ਐਕਟ ਤੇ ਜੂਆ ਐਕਟ ਦੀ ਨੋਵੀਅਤ ਦੇ ਹਨ ਤੇ 07 ਮੁਕੱਦਮਿਆਂ ਵਿੱਚ ਗੁਰਮੁੱਖ ਸਿੰਘ ਉਕਤ ਨੂੰ ਸਜਾ ਹੋ ਚੁੱਕੀ ਹੈ। ਉਕਤ ਆਤਮ ਹੱਤਿਆ ਸਬੰਧੀ ਸੀਨੀਅਰ ਅਧਿਕਾਰੀਆ ਵੱਲੋਂ ਡੂੰਘਾਈ ਨਾਲ ਪੜਤਾਲ ਕਰਕੇ ਤੱਥਾਂ ਦੇ ਆਧਾਰ ਤੇ ਮੁਨਾਸਿਬ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।