Patiala News: ਪੰਜਾਬ ਸਰਕਾਰ ਕੋਲੋਂ ਅਜੇ ਤੱਕ ਮਾਈਨਿੰਗ ਦਾ ਮਸਲਾ ਹੱਲ ਨਹੀਂ ਹੋ ਰਿਹਾ। ਇੱਕ ਪਾਸੇ ਜਿੱਥੇ ਨਾਜਾਇਜ਼ ਮਾਈਨਿੰਗ ਨੂੰ ਨੱਥ ਨਹੀਂ ਪੈ ਰਹੀ, ਦੂਜੇ ਪਾਸੇ ਰੇਤਾ ਤੇ ਬੱਜਰੀ ਦੇ ਭਾਅ ਅਸਮਾਨੀਂ ਚੜ੍ਹ ਗਏ ਹਨ। ਇਸ ਨਾਲ ਜਿੱਥੇ ਉਸਾਰੀ ਤੇ ਨਿਰਮਾਣ ਕਾਰਜ ਪ੍ਰਭਾਵਿਤ ਹੋ ਰਹੇ ਹਨ, ਉੱਥੇ ਹੀ ਮਜ਼ਦੂਰਾਂ ਤੇ ਮਿਸਤਰੀਆਂ ਨੂੰ ਰੋਟੀ ਦੇ ਲਾਲੇ ਪੈ ਗਏ ਹਨ। 


ਦੱਸ ਦਈਏ ਕਿ ਪੰਜਾਬ ਵਿੱਚ ਰੇਤਾ ਤੇ ਬੱਜਰੀ ਦੇ ਨਾਲ ਹੀ ਇੱਟਾਂ ਤੇ ਸਰੀਏ ਦੇ ਭਾਅ ਵੀ ਅਸਮਾਨੀ ਚੜ੍ਹੇ ਹੋਏ ਹਨ। ਇਸ ਕਰਕੇ ਮਕਾਨ ਉਸਾਰੀ ਕਰਨ ਵਾਲੇ ਮਜ਼ਦੂਰ ਤੇ ਮਿਸਤਰੀਆਂ ਦੀ ਦਿਹਾੜੀ ਦਾ ਕੰਮ ਠੱਪ ਹੋ ਗਿਆ ਹੈ। ਮਜ਼ਦੂਰ ਤੇ ਮਿਸਤਰੀ ਆਪਣੇ ਅੱਡਿਆਂ ’ਤੇ ਦਿਹਾੜੀ ਦੀ ਭਾਲ ਲਈ ਆਉਂਦੇ ਹਨ ਤੇ ਉਹ ਖਾਲੀ ਹੀ ਮੁੜ ਜਾਂਦੇ ਹਨ ਜਿਸ ਕਰਕੇ ਕਈ ਮਜ਼ਦੂਰਾਂ ਦੇ ਚੁੱਲੇ ਠੰਢੇ ਹੋ ਗਏ ਹਨ। 


ਹਾਸਲ ਜਾਣਕਾਰੀ ਮੁਤਾਬਕ ਇਸ ਵੇਲੇ ਰੇਤਾ 45 ਰੁਪਏ ਫੁੱਟ ਮਿਲ ਰਿਹਾ ਹੈ ਤੇ ਇਸੇ ਰੇਟ ’ਤੇ ਬੱਜਰੀ ਮਿਲ ਰਹੀ ਹੈ, ਜਦ ਕਿ ਇੱਟਾਂ ਦਾ ਰੇਟ 6500 ਤੋਂ 6800 ਤੱਕ ਪ੍ਰਤੀ ਹਜ਼ਾਰ ਮਿਲ ਰਹੀਆਂ ਹਨ। ਇਸੇ ਤਰ੍ਹਾਂ 7000 ਤੋਂ 7500 ਰੁਪਏ ਕੁਇੰਟਲ ਰੇਟ ਸਰੀਏ ਦਾ ਵੀ ਚੱਲ ਰਿਹਾ ਹੈ। ਇਸ ਮਹਿੰਗਾਈ ਕਰਕੇ ਉਸਾਰੀ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। 


ਮਜ਼ਦੂਰਾਂ ਦਾ ਕਹਿਣਾ ਹੈ ਕਿ ਉਹ ਆਮ ਤੌਰ ਤੇ 500 ਰੁਪਏ ਦਿਹਾੜੀ ਲੈਂਦੇ ਹਨ, ਪਰ ਅੱਜਕੱਲ੍ਹ ਕੰਮ ਹੀ ਨਹੀਂ ਮਿਲ ਰਿਹਾ ਇਸ ਕਰਕੇ ਉਹ ਘੱਟ ਰੇਟ ’ਤੇ ਵੀ ਜਾਣ ਲਈ ਤਿਆਰ ਹਨ। ਇਸ ਦੇ ਬਾਵਜੂਦ ਕਈ-ਕਈ ਦਿਨ ਉਨ੍ਹਾਂ ਨੂੰ ਦਿਹਾੜੀ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਹੁਣ ਝੋਨੇ ਦਾ ਸੀਜ਼ਨ ਖਤਮ ਹੋ ਗਿਆ ਹੈ ਤੇ ਇਸ ਲਈ ਖੇਤਾਂ ਵਿੱਚ ਵੀ ਕੰਮ ਨਹੀਂ ਮਿਲ ਰਿਹਾ। ਇਸ ਲਈ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋ ਗਿਆ ਹੈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।