Punjab News: ਬੀਜੇਪੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਨੇ ਪਿੰਡ ਸੇਹਰਾ ਵਿੱਚ ਆਪਣਾ ਪ੍ਰੋਗਰਾਮ ਰੱਖਿਆ ਸੀ, ਜਿਸ ਵਿੱਚ ਕਿਸਾਨਾਂ ਨੇ ਰੋਸ ਪ੍ਰਦਰਸ਼ਨ (farmer protest) ਕੀਤਾ ਅਤੇ ਧੱਕਾ ਮੁੱਕੀ ਦੌਰਾਨ ਇੱਕ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਸੁਰਿੰਦਰਪਾਲ ਸਿੰਘ ਵਾਸੀ ਪਿੰਡ ਆਕੜੀ ਨੂੰ ਰਾਜਪੁਰਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ, ਜਿੱਥੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਮੌਜੂਦ ਹਨ। ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਸਰਕਾਰੀ ਹਸਪਤਾਲ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਹਨ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੇ ਟਵੀਟ ਕਰਕੇ ਆਪ ਸਰਕਾਰ ਨੂੰ ਘੇਰਿਆ ਹੈ। 



ਮਜੀਠੀਆ ਨੇ ਟਵੀਟ ਕਰਦੇ ਹੋਏ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਕਿਸਾਨਾਂ ਨਾਲ ਪੰਜਾਬ ਵਿਚ ਹੀ ਤਸ਼ੱਦਦ ਹੋ ਰਿਹਾ ਹੈ। ਉਨ੍ਹਾਂ ਵੱਲੋਂ ਲੰਬੀ ਚੌੜੀ ਪੋਸਟ ਲਿਖੀ ਗਈ ਹੈ। ਉਨ੍ਹਾਂ ਨੇ ਲਿਖਿਆ ਹੈ- "ਬੇਹੱਦ ਮੰਦਭਾਗੀ ਖ਼ਬਰ  ਸਾਹਮਣੇ ਆ ਰਹੀ ਹੈ ਕਿ ਰਾਜਪੁਰਾ ਨੇੜਲੇ ਪਿੰਡ ਸਿਹਰਾ ਵਿਚ ਕਿਸਾਨਾਂ ਵੱਲੋਂ BJP ਲੀਡਰਾਂ ਦਾ ਵਿਰੋਧ ਕਰਨ ਸਮੇਂ ਹੋਈ ਧੱਕਾ ਮੁੱਕੀ ਵਿਚ ਇਕ ਕਿਸਾਨ ਦੀ ਮੌਤ ਹੋ ਗਈ ਹੈ। ਇਹ ਸਭ ਭਗਵੰਤ ਮਾਨ ਦੀ BJP ਦੀ ਡਿਊਟੀ ਦੇ ਨਤੀਜੇ ਹਨ ਜੋ ਪੰਜਾਬ ਦੇ ਕਿਸਾਨਾਂ ਨਾਲ ਪੰਜਾਬ ਵਿਚ ਹੀ ਤਸ਼ੱਦਦ ਹੋ ਰਿਹਾ ਹੈ। ਇਹ ਪੰਜਾਬ ਦੀ ਜਰਖੇਜ ਧਰਤੀ ਤੇ ਕਿਸੇ ਦੀ ਬਦਮਾਸ਼ ਨਹੀਂ ਚੱਲ ਸਕਦੀ ਅਤੇ ਇਸ ਤਰਾਂ ਲੋਕਾਂ ਨੇ ਇਹਨਾਂ ਦਾ ਪਿੰਡਾਂ ਵਿਚ ਦਾਖਲ ਹੋਣਾ ਬੰਦ ਕਰਨਗੇ। ਲੋਕਤੰਤਰ ਵਿਚ ਵਿਰੋਧ ਦਾ ਹੱਕ ਸਭ ਦਾ ਮੌਲਿਕ ਅਧਿਕਾਰ ਹੈ ਅਤੇ ਇਸ ਤਰੀਕੇ ਕਿਸਾਨਾਂ ਨਾਲ ਧੱਕਾ ਮੁੱਕੀ ਕਰਨਾ ਬੇਹੱਦ ਮੰਦਭਾਗਾ ਅਤੇ ਬੇਹੱਦ ਨਿੰਦਣਯੋਗ ਹੈ"।


ਉਨ੍ਹਾਂ ਨੇ ਅੱਗੇ ਲਿਖਿਆ ਹੈ-"ਮੈਂ ਜਿਥੇ ਇਸ ਧੱਕਾ ਮੁੱਕੀ ਦੇ ਰਵੱਈਏ ਦੀ ਸਖ਼ਤ ਨਿਖੇਧੀ ਕਰਦਾ ਹਾਂ, ਉਥੇ ਹੀ ਤਾੜਨਾ ਕਰਦਾ ਹਾਂ ਕਿ ਕਿਸਾਨਾਂ ਨਾਲ ਅਜਿਹਾ ਧੱਕਾ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ। ਪਹਿਲਾਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਸੀ ਅਤੇ ਹਰਿਆਣਾ ਪੁਲਿਸ ਦੀ ਗੋਲੀ ਨਾਲ ਨੌਜਵਾਨ ਕਿਸਾਨ ਸ਼ੁੱਭਕਰਨ ਦੀ ਮੌਤ ਹੋਈ ਸੀ ਤੇ ਪੰਜਾਬ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਪ੍ਰੀਤਪਾਲ ਤੇ ਵੀ ਪੁਲਿਸ ਨੇ ਤਸ਼ੱਦਦ ਕੀਤਾ ਸੀ। ਇਹ ਸਭ ਲਈ ਜ਼ਿੰਮੇਵਾਰ ਭਗਵੰਤ ਮਾਨ ਤੇ ਪਰਚਾ ਦਰਜ ਕਰ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਇਨਸਾਫ਼ ਮਿਲ ਸਕੇ। ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਿਸ਼ ਕਰਨ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।"