Amritsar News: ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਦੀ ਅੰਮ੍ਰਿਤਸਰ ਫੇਰੀ ਨੇ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਅਹਿਮ ਗੱਲ ਹੈ ਕਿ ਇਸ ਸਾਲ ਦੌਰਾਨ ਰਾਹੁਲ ਗਾਂਧੀ ਦੀ ਸ੍ਰੀ ਦਰਬਾਰ ਸਾਹਿਬ ਵਿੱਚ ਇਹ ਦੂਜੀ ਫੇਰੀ ਹੈ। ਇਸ ਤੋਂ ਪਹਿਲਾਂ ਉਹ 'ਭਾਰਤ ਜੋੜੋ ਯਾਤਰਾ' ਦੌਰਾਨ ਜਨਵਰੀ ਵਿੱਚ ਇੱਥੇ ਆਏ ਸਨ। ਰਾਹੁਲ ਗਾਂਧੀ ਇਸ ਵਾਰ ਕਿਸੇ ਸਿਆਸੀ ਲੀਡਰ ਵਜੋਂ ਨਹੀਂ ਸਗੋਂ ਨਿਮਾਣੇ ਸ਼ਰਧਾਲੂ ਵਜੋਂ ਆਏ ਸੀ।


ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਕਾਂਗਰਸ ਇਸ ਵੇਲੇ ਆਪਣੇ ਪੈਰ ਮਜ਼ਬੂਤ ਕਰਨ ਲਈ ਯਤਨ ਕਰ ਰਹੀ ਹੈ। ਕਾਂਗਰਸ ਸਿੱਖ ਭਾਈਚਾਰੇ ਨੂੰ ਨੇੜੇ ਲਿਆਉਣਾ ਚਾਹੁੰਦੀ ਕਿਉਂਕਿ ਇਸ ਵੇਲੇ ਕੇਂਦਰ ਦੀ ਭਾਜਪਾ ਸਰਕਾਰ ਤੇ ਕੈਨੇਡਾ ਵਿਚਾਲੇ ਸਿੱਖਾਂ ਕਾਰਨ ਕੁੜੱਤਣ ਪੈਦਾ ਹੋਈ ਪਈ ਹੈ। ਇਸ ਤੋਂ ਇਲਾਵਾ ਗਾਂਧੀ ਪਰਿਵਾਰ ਆਪਣੀ ਸਿੱਖ ਵਿਰੋਧੀ ਸਾਖ ਨੂੰ ਵੀ ਠੀਕ ਕਰਨਾ ਚਾਹੁੰਦਾ ਹੈ। ਭਾਜਪਾ ਵਿਰੋਧੀ ਬਣੇ ‘ਇੰਡੀਆ’ ਗੱਠਜੋੜ ਦੀਆਂ ਗਤੀਵਿਧੀਆਂ ਤਹਿਤ ਵੀ ਰਾਹੁਲ ਗਾਂਧੀ ਦੇ ਇਸ ਦੌਰੇ ਨੂੰ ਅਹਿਮ ਦੌਰੇ ਵਜੋਂ ਦੇਖਿਆ ਜਾ ਰਿਹਾ ਹੈ।


ਦੱਸ ਦਈਏ ਕਿ ਸੋਮਵਾਰ ਨੂੰ ਰਾਹੁਲ ਗਾਂਧੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਗੁਰੂਘਰ ਵਿੱਚ ਸੇਵਾ ਵੀ ਕੀਤੀ। ਇਹ ਉਨ੍ਹਾਂ ਦਾ ਦੋ ਰੋਜ਼ਾ ਨਿੱਜੀ ਤੇ ਅਧਿਆਤਮਕ ਦੌਰਾ ਹੈ ਜਿਸ ਕਾਰਨ ਕਾਂਗਰਸੀਆਂ ਨੂੰ ਇਸ ਦੌਰੇ ਤੋਂ ਦੂਰ ਰੱਖਿਆ ਗਿਆ। ਇਸ ਵਾਰ ਉਨ੍ਹਾਂ ਦਸਤਾਰ ਦੀ ਥਾਂ ਸਿਰ ’ਤੇ ਨੀਲਾ ਰੁਮਾਲ ਬੰਨ੍ਹਿਆ ਹੋਇਆ ਸੀ। ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵੀ ਕੀਤੀ।


ਅਹਿਮ ਗੱਲ ਹੈ ਕਿ ਪੁਲਿਸ ਮੁਲਾਜ਼ਮਾਂ ਨੇ ਸਾਦੇ ਕੱਪੜਿਆਂ ਵਿੱਚ ਉਨ੍ਹਾਂ ਨੂੰ ਘੇਰਾ ਪਾਇਆ ਹੋਇਆ ਸੀ ਜਿਸ ’ਤੇ ਰਾਹੁਲ ਗਾਂਧੀ ਨੇ ਇਤਰਾਜ਼ ਕੀਤਾ। ਉਨ੍ਹਾਂ ਕਿਹਾ ਕਿ ਉਹ ਸਾਧਾਰਨ ਸ਼ਰਧਾਲੂ ਵਜੋਂ ਮੱਥਾ ਟੇਕਣ ਆਏ ਹਨ। ਉਂਝ, ਸ਼ਰਧਾਲੂਆਂ ਦੀ ਭਾਰੀ ਆਮਦ ਦੇ ਮੱਦੇਨਜ਼ਰ ਰਾਹੁਲ ਗਾਂਧੀ ਨੂੰ ਵੀਆਈਪੀ ਰਸਤੇ ਰਾਹੀਂ ਅੰਦਰ ਲਿਜਾਇਆ ਗਿਆ। 


ਉਨ੍ਹਾਂ ਹਰਿਮੰਦਰ ਸਾਹਿਬ ਦੇ ਅੰਦਰ ਬੈਠ ਕੇ ਗੁਰਬਾਣੀ ਦੇ ਕੀਰਤਨ ਸਰਵਣ ਕੀਤਾ। ਉਪਰੰਤ ਉਹ ਸ੍ਰੀ ਅਕਾਲ ਤਖ਼ਤ ਵਿਖੇ ਨਤਮਸਤਕ ਹੋਏ। ਇਸ ਮਗਰੋਂ ਪਰਿਕਰਮਾ ਵਿੱਚ ਪਾਣੀ ਦੀ ਛਬੀਲ ਕੋਲ ਬੈਠ ਕੇ ਰਾਹੁਲ ਗਾਂਧੀ ਨੇ ਲਗਪਗ 45 ਮਿੰਟ ਸੰਗਤ ਦੇ ਜੂਠੇ ਭਾਂਡੇ ਸਾਫ ਕਰਨ ਦੀ ਸੇਵਾ ਵੀ ਕੀਤੀ। ਇਸ ਦੌਰਾਨ ਕਈ ਸ਼ਰਧਾਲੂਆਂ ਨੇ ਉਨ੍ਹਾਂ ਨੂੰ ਜੀ ਆਇਆਂ ਕਿਹਾ ਜਿਸ ਨੂੰ ਉਨ੍ਹਾਂ ਹੱਸ ਕੇ ਕਬੂਲ ਕੀਤਾ। 


ਇਸ ਦੌਰਾਨ ਰਾਹੁਲ ਗਾਂਧੀ ਨੇ ਮੀਡੀਆ ਤੋਂ ਵੀ ਦੂਰੀ ਬਣਾ ਕੇ ਰੱਖੀ ਤੇ ਕੋਈ ਵੀ ਗੱਲ ਕਰਨ ਤੋਂ ਗੁਰੇਜ਼ ਕੀਤਾ। ਰਾਹੁਲ ਗਾਂਧੀ ਇੱਥੇ ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚ ਹੀ ਸ਼੍ਰੋਮਣੀ ਕਮੇਟੀ ਦੀ ਸਰਾਂ ਵਿੱਚ ਠਹਿਰਨਾ ਚਾਹੁੰਦੇ ਸਨ ਪਰ ਸੁਰੱਖਿਆ ਕਾਰਨਾਂ ਕਰ ਕੇ ਅਜਿਹਾ ਸੰਭਵ ਨਹੀਂ ਹੋ ਸਕਿਆ।