Rose festival 2023: ਸਿਟੀ ਬਿਊਟੀਫੁੱਲ ਚੰਡੀਗੜ੍ਹ ਸੈਕਟਰ-16 ਸਥਿਤ ਜ਼ਾਕਿਰ ਰੋਜ਼ ਗਾਰਡਨ ਵਿੱਚ ਅੱਜ ਤੋਂ ਰੋਜ਼ ਫੈਸਟੀਵਲ ਸ਼ੁਰੂ ਹੋਇਆ ਹੈ। ਇਸ ਤਿੰਨ ਰੋਜ਼ਾ ਗੁਲਾਬ ਮੇਲੇ ਲਈ ਰੋਜ਼ ਗਾਰਡਨ ਦੇ ਸਾਰੇ ਪ੍ਰਵੇਸ਼ ਦੁਆਰਾਂ ਨੂੰ ਰੰਗ-ਬਰੰਗੇ ਫੁੱਲਾਂ ਨਾਲ ਸਜਾਇਆ ਗਿਆ ਹੈ। ਇਸ ਵਾਰ ਗੁਲਾਬ ਮੇਲਾ ‘ਆਜ਼ਾਦੀ ਦੇ ਅੰਮ੍ਰਿਤ ਮਹੋਤਸਵ’ ਨੂੰ ਸਮਰਪਿਤ ਹੈ। 


ਹਾਸਲ ਜਾਣਕਾਰੀ ਮੁਤਾਬਕ ਇਸ ਵਾਰ ਮੇਲੇ ਦੌਰਾਨ ਲੇਜ਼ਰ ਸ਼ੋਅ ਖਿੱਚ ਦਾ ਕੇਂਦਰ ਹੋਵੇਗਾ। ਇਸ ਤੋਂ ਇਲਾਵਾ ਰੋਜ਼ ਗਾਰਡਨ ਤੇ ਨਾਲ ਲੱਗਦੀ ਲਈਅਰ ਵੈਲੀ ਵਿੱਚ ਹੋਣ ਵਾਲੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਵੱਖ-ਵੱਖ ਕਲਾਕਾਰ ਆਪਣੀ ਕਲਾ ਦੇ ਜੌਹਰ ਦਿਖਾਉਣਗੇ। ਇੱਥੇ ਰੋਜ਼ ਗਾਰਡਨ ਵਿੱਚ ਕਰੀਬ ਡੇਢ ਹਜ਼ਾਰ ਫੁੱਲਾਂ ਦੀਆਂ ਕਿਆਰੀਆਂ ਵਿੱਚ 831 ਵੱਖ-ਵੱਖ ਕਿਸਮਾਂ ਦੇ ਗੁਲਾਬ ਵੇਖਣ ਨੂੰ ਮਿਲਣਗੇ। 


ਚੰਡੀਗੜ੍ਹ ਵਿੱਚ ਰੋਜ਼ ਫੈਸਟੀਵਲ 17 ਤੋਂ 19 ਫਰਵਰੀ ਤੱਕ ਚੱਲੇਗਾ। ਇਸ ਸਾਲਾਨਾ ਗੁਲਾਬ ਮੇਲੇ ਲਈ ਨਿਗਮ ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਸੈਰ ਸਪਾਟਾ ਵਿਭਾਗ ਵੱਲੋਂ ਆਪੋ-ਆਪਣੇ ਪੱਧਰ ’ਤੇ ਤਿਆਰੀਆਂ ਕੀਤੀਆਂ ਗਈਆਂ ਹਨ। ਇੱਥੋਂ ਦੇ ਸੈਕਟਰ-16 ਸਥਿਤ ਵਿਸ਼ਵ ਪ੍ਰਸਿੱਧ ‘ਜ਼ਾਕਿਰ ਰੋਜ਼ ਗਾਰਡਨ’ ਵਿਖੇ ਕਰਵਾਏ ਜਾ ਰਹੇ ਇਸ ਗੁਲਾਬ ਮੇਲੇ ਦੌਰਾਨ ਜਿੱਥੇ ਵੱਖ-ਵੱਖ ਕਿਸਮਾਂ ਦੇ ਰੰਗ-ਬਰੰਗੇ ਫੁੱਲ ਮਹਿਕ ਬਿਖੇਰਨਗੇ ਉੱਥੇ ਮੇਲੇ ਦੌਰਾਨ ਵੱਖ ਵੱਖ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਜਾਣਗੇ। 


ਨਗਰ ਨਿਗਮ ਕਮਿਸ਼ਨਰ ਅਨੰਦਿਤਾ ਮਿੱਤਰਾ ਨੇ ਦੱਸਿਆ ਕਿ ਇਸ ਵਾਰ ਮੇਲੇ ਦੌਰਾਨ ਵਿਸ਼ੇਸ਼ ਲਾਈਟ ਐਂਡ ਸਾਊਂਡ ਸ਼ੋਅ ਵੀ ਹੋਵੇਗਾ, ਜਿਸ ਵਿੱਚ ਚੰਡੀਗੜ੍ਹ ਦੀ ਵਿਰਾਸਤ ਦੀ ਝਲਕ ਦਿਖਾਈ ਜਾਵੇਗੀ। ਇਸ ਸ਼ੋਅ ਵਿੱਚ ਗੁਲਾਬ ਮੇਲੇ ਸਣੇ ‘ਅਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਇਤਿਹਾਸ ਦੀ ਝਲਕ ਵੀ ਦੇਖਣ ਨੂੰ ਮਿਲੇਗੀ, ਜਿਸ ਨੂੰ ਲੈ ਕੇ ਰੋਜ਼ਾਨਾ ਤਿੰਨ ਸ਼ੋਅ ਦਿਖਾਏ ਜਾਣਗੇ। ਇਸ ਸਾਲ ਗੁਲਾਬ ਮੇਲੇ ਦੌਰਾਨ ਦਰਸ਼ਕਾਂ ਨੂੰ ਹੈਲੀਕਾਪਟਰ ਦੀ ਸਵਾਰੀ ਦੀ ਘਾਟ ਰਹੇਗੀ। 


ਇਸ ਮੇਲੇ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਰਹਿੰਦਾ ਹੈ ਤੇ ਹਰ ਸਾਲ ਲੱਗਣ ਵਾਲੇ ਇਸ ਮੇਲੇ ਨੂੰ ਵੇਖਣ ਲਈ ਟ੍ਰਾਈਸਿਟੀ ਚੰਡੀਗੜ੍ਹ ਮੁਹਾਲੀ ਤੇ ਪੰਚਕੂਲਾ ਸਹਿਤ ਨਾਲ ਲਗਦੇ ਹੋਰ ਸ਼ਹਿਰਾਂ ਤੋਂ ਵੀ ਵੱਡੀ ਗਿਣਤੀ ਵਿੱਚ ਲੋਕ ਇੱਥੇ ਪਹੁੰਚਦੇ ਹਨ।


ਇਹ ਵੀ ਪੜ੍ਹੋ: ਕਾਰਤਿਕ ਆਰੀਅਨ ਦੀ ਫਿਲਮ ਸ਼ਹਿਜ਼ਾਦਾ ਹੋਈ ਰਿਲੀਜ਼, ਫੁੱਲ ਫੈਮਿਲੀ ਡਰਾਮਾ ਤੇ ਮਨੋਰੰਜਨ ਦਾ ਡੋਜ਼, ਪੜ੍ਹੋ ਰਿਵਿਊ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।