Sangrur News: ਪੰਜਾਬ ਅੰਦਰ ਆਈਲੈਟਸ ਸੈਂਟਰਾਂ 'ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਮਾਲੇਰਕੋਟਲਾ ਸ਼ਹਿਰ ’ਚ ਚੱਲਦੇ ਆਈਲੈਟਸ ਕੇਂਦਰਾਂ ਦੀ ਜਾਂਚ ਤੋਂ ਬਾਅਦ ਏਡੀਸੀ ਦੀ ਸ਼ਿਕਾਇਤ ’ਤੇ ਮਾਲੇਰਕੋਟਲਾ ਵਿੱਚ ਅਣ-ਅਧਿਕਾਰਤ ਚਲਦੇ ਅੱਠ ਆਈਲੈਟਸ ਸੈਂਟਰਾਂ ਦੇ 12 ਮਾਲਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। 


ਹਾਸਲ ਜਾਣਕਾਰੀ ਅਨੁਸਾਰ ਮਾਲੇਰਕੋਟਲਾ ‘ਚ ਪੈਂਦੇ ਆਈਲੈਟਸ, ਟਰੈਵਲ ਏਜੰਸੀ, ਵੀਜ਼ਾ ਕੰਸਲਟੈਂਸੀ, ਈ-ਟਿਕਟਿੰਗ ਦੇ ਲਾਇਸੈਂਸ ਧਾਰਕਾਂ ਦੀ ਚੈਕਿੰਗ ਲਈ ਜ਼ਿਲ੍ਹੇ ਭਰ ਦੇ ਅੱਠ ਅਧਿਕਾਰੀਆਂ ਦੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਅਧਿਕਾਰੀਆਂ ਦੀ ਕਮੇਟੀ ਵੱਲੋਂ ਸ਼ਹਿਰ ਦੇ ਆਈਲੈਟਸ, ਇਮੀਗ੍ਰੇਸ਼ਨ ਕੰਸਲਟੈਂਸੀ, ਟਰੈਵਲ ਏਜੰਟਾਂ ਦੇ ਸੈਂਟਰਾਂ ਦੀ ਕੀਤੀ ਗਈ। ਇਸ ਦੌਰਾਨ ਅਣ-ਅਧਿਕਾਰਤ ਪਾਏ 8 ਆਈਲੈਟਸ ਸੈਂਟਰਾਂ ਦੇ 12 ਮਾਲਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। 


ਰੇਡ ਮਗਰੋਂ ਨੋਟਿਸ ਜਾਰੀ, ਹੋਏਗਾ ਵੱਡਾ ਐਕਸ਼ਨ


ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਵਿਖੇ ਆਈਲੈਟਸ ਸੈਂਟਰਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਕਈ ਕਮੀਆਂ ਵੀ ਸਾਹਮਣੇ ਆਈਆਂ ਹਨ। ਕਈ ਸੈਂਟਰ ਵਾਲਿਆਂ ਨੇ ਲਾਇਸੰਸ ਕਿਤੇ ਹੋਰ ਦਾ ਲਿਆ ਹੋਇਆ ਹੈ ਤੇ ਆਈਲੈਟਸ ਉਹ ਸ੍ਰੀ ਮੁਕਤਸਰ ਸਾਹਿਬ ਵਿਖੇ ਚਲਾ ਰਹੇ ਹਨ। 


ਜਾਣਕਾਰੀ ਮੁਤਾਬਕ ਡੀਸੀ ਮੁਕਤਸਰ ਦੀਆਂ ਹਦਾਇਤਾਂ ਉੱਤੇ ਐਸਡੀਐਮ ਸ੍ਰੀ ਮੁਕਤਸਰ ਸਾਹਿਬ ਵੱਲੋਂ ਬਣਾਈ ਗਈ ਟੀਮ ਵੱਲੋਂ ਅੱਜ ਆਈਲੈਟਸ ਸੈਂਟਰਾਂ 'ਤੇ ਰੇਡ ਕੀਤੀ ਗਈ। ਇਸ ਰੇਡ ਦੌਰਾਨ ਬਹੁਤੇ ਆਈਲੈਟਸ ਸੈਂਟਰਾਂ ਦੇ ਲਾਇਸੈਂਸ ਨਹੀਂ ਸਨ ਤੇ ਕੁਝ ਦੇ ਲਾਇਸੰਸਾਂ ਦੀ ਮਿਆਦ ਨਿਕਲ ਚੁੱਕੀ ਸੀ। 


ਇਸ ਸਬੰਧੀ ਜਾਣਕਾਰੀ ਦਿੰਦੇ ਹੋਇਆਂ ਤਹਿਸੀਲਦਾਰ ਨੇ ਦੱਸਿਆ ਕਿ ਸਾਨੂੰ ਕਾਫੀ ਸ਼ਿਕਾਇਤਾਂ ਮਿਲ ਰਹੀਆਂ ਸਨ। ਸਾਰੇ ਆਈਲੈਟਸ ਸੈਂਟਰਾਂ ਦੇ ਲਾਇਸੰਸ ਤੇ ਫਾਇਰ ਐਨਓਸੀ (NOC) ਦੀ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅਸੀਂ ਇਨ੍ਹਾਂ ਤੋਂ ਇੱਕ-ਇੱਕ ਸਟੂਡੈਂਟ ਦਾ ਡਾਟਾ ਇਕੱਠਾ ਕਰ ਰਹੇ ਹਾਂ ਤੇ ਕਿੰਨਾ-ਕਿੰਨਾ ਉਪਰ ਐਫਆਈਆਰ ਦਰਜ ਹੋਈ ਹੈ, ਉਨ੍ਹਾਂ ਤੇ ਵੱਖਰਾ ਐਕਸ਼ਨ ਲਿਆ ਜਾਵੇਗਾ। 


ਉਨ੍ਹਾਂ ਨੇ ਦੱਸਿਆ ਕਿ ਕਈ ਸੈਂਟਰ ਵਾਲਿਆਂ ਨੇ ਲਾਇਸੰਸ ਕਿਤੇ ਹੋਰ ਦਾ ਲਿਆ ਹੋਇਆ ਹੈ ਤੇ ਆਈਲੈਟਸ ਉਹ ਇੱਥੇ ਚਲਾ ਰਹੇ ਹਨ। ਉਨ੍ਹਾਂ ਨੇ ਹਾਲੇ ਤੱਕ ਆਪਣੇ ਲਾਇਸੰਸ ਰੀਨਿਊ ਨਹੀਂ ਕਰਵਾਏ ਤੇ ਕੁਝ ਸੈਂਟਰ ਕੋਲ ਲਾਇਸੈਂਸ ਨਹੀਂ ਹਨ। ਇਸ ਦੇ ਚੱਲਦਿਆਂ ਇਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ। 


ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਸੈਂਟਰ ਵਾਲਾ ਫਾਈਲ ਭਰਨ ਲਈ ਬੱਚਿਆਂ ਦਾ ਸ਼ੋਸ਼ਣ ਕਰਦਾ ਹੈ ਤਾਂ ਉਹ ਇਹ ਮਾਮਲਾ ਸਾਡੇ ਧਿਆਨ ਵਿੱਚ ਲਿਆਉਣ। ਉਨ੍ਹਾਂ ਕਿਹਾ ਕਿ ਸੈਂਟਰ ਵਾਲੇ ਬੱਚਿਆਂ ਤੋਂ ਕੈਸ਼ ਪੈਸੇ ਲੈ ਲੈਂਦੇ ਹਨ ਜੋ ਰਿਕਾਰਡ ਵਿੱਚ ਨਹੀਂ ਦਿਖਾਉਂਦੇ ਹਨ। ਸੈਂਟਰ ਵਾਲਿਆਂ ਤੋਂ ਰਿਕਾਰਡ ਮੰਗਿਆ ਗਿਆ ਹੈ ਅਤੇ ਰਿਕਾਰਡ ਪੇਸ਼ ਕਰਨ ਤੋਂ ਬਾਅਦ ਇਨ੍ਹਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।