ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕੈਸ਼ਨਿਟ ਮੰਤਰੀ ਅਮਨ ਅਰੋੜਾ ਨੂੰ ਸੁਨਾਮ ਦੀ ਅਦਾਲਤ ਵੱਲੋਂ 21 ਦਸੰਬਰ 2023 ਨੂੰ ਸੁਣਾਈ ਦੋ ਸਾਲ ਦੀ ਬਾਮੁਸ਼ਕੱਤ ਕੈਦ ਦੀ ਸਜ਼ਾ ਦੇ ਮੱਦੇਨਜ਼ਰ ਉਹਨਾਂ ਨੂੰ ਤੁਰੰਤ ਅਯੋਗ ਠਹਿਰਾਉਣ ਦੀ ਮੰਗ ਕੀਤੀ ਹੈ।


ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਅਕਾਲੀ ਦਲ ਵਿਧਾਇਕ ਦਲ ਵੱਲੋਂ ਲਿਖੇ ਪੱਤਰ ਵਿਚ ਅਕਾਲੀ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਉਹਨਾਂ ਨੂੰ ਦੱਸਿਆ ਕਿ ਸੁਨਾਮ ਦੀ ਸਬ ਡਵੀਜ਼ਨਲ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਨੇ 21 ਦਸੰਬਰ 2023 ਨੂੰ ਉਹਨਾਂ ਨੂੰ ਧਾਰਾ 148, 323, 452 (ਧਾਰਾ 149 ਨਾਲ ਪੜ੍ਹੇ ਜਾਂਦੇ ਹੋਏ) ਤਹਿਤ ਦੋ ਸਾਲ ਦੀ ਬਾਮੁਸ਼ਕੱਤ ਕੈਦ ਦੀ ਸਜ਼ਾ ਸੁਣਾਈ ਹੈ।


ਉਹਨਾਂ ਕਿਹਾ ਕਿ ਇਹ ਮਾਮਲਾ ਰਾਜਿੰਦਰ ਦੀਪਾ ਬਨਾਮ ਅਮਨ ਅਰੋੜਾ ਦਾ ਹੈ। ਉਹਨਾਂ ਕਿਹਾ ਕਿ ਅਮਨ ਅਰੋੜਾ ਨੂੰ ਦੋ ਪਹਿਲੂਆਂ ’ਤੇ ਦੋਸ਼ੀ ਠਹਿਰਾਇਆ ਗਿਆ ਤੇ ਦੋ ਸਾਲ ਬਾਮੁਸ਼ਕੱਤ ਕੈਦ ਦੀ ਸਜ਼ਾ ਸੁਣਾਈ।


ਉਹਨਾਂ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਨੇ ਲਿਲੀ ਥਾਮਸ ਬਨਾਮ ਯੂਨੀਅਨ ਆਫ ਇੰਡੀਆ (ਨਾਲ ਲੋਕ ਪਰਹਾਰ ਬਨਾਮ ਯੂਨੀਅਨ ਆਫ ਇੰਡੀਆ) ਕੇਸ ਵਿਚ 2013 ਕੇਸ ਵਿਚ ਇਹ ਹੁਕਮ ਦਿੱਤਾ ਸੀ ਕਿ ਜੇਕਰ ਕਿਸੇ ਵਿਧਾਇਕ, ਐਮ ਪੀ ਜਾਂ ਐਮ ਐਲ ਸੀ ਨੂੰ ਦੋ ਸਾਲ ਜਾਂ ਵੱਧ ਸਜ਼ਾ ਹੁੰਦੀ ਹੈ ਤਾਂ ਉਸਦੀ ਮੈਂਬਰਸ਼ਿਪ ਤੁਰੰਤ ਸਮਾਪਤ ਹੋ ਜਾਵੇਗੀ ਤੇ ਉਸਨੂੰ ਤੁਰੰਤ ਅਯੋਗ ਠਹਿਰਾਇਆ ਜਾਵੇਗਾ।


ਅਕਾਲੀ ਆਗੂ ਨੇ ਸੁਪਰੀਮ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਐਨ ਜੀ ਓ ਦੇ ਸਕੱਤਰ ਐਸ ਐਨ ਸ਼ੁਕਲਾ ਰਾਹੀਂ ਪਟੀਸ਼ਨ ਵਿਚ ਦੋਸ਼ ਲਾਇਆ ਗਿਆ ਸੀ ਕਿ 2013 ਵਿਚ ਸਪਸ਼ਟ ਕੀਤਾ ਸੀ ਕਿ ਜੇਕਰ ਕਾਨੂੰਨ ਘਾੜੇ ਨੂੰ ਸਜ਼ਾ ਹੋ ਜਾਂਦੀ ਹੈ ਤਾਂ ਉਹ ਤੁਰੰਤ ਅਯੋਗ ਠਹਿਰਾਇਆ ਜਾਵੇਗਾ ਪਰ ਵਿਧਾਨ ਪਾਲਿਕਾ ਦੇ ਸਕੱਤਰੇਤ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਨ ਵਿਚ ਦੇਰੀ ਕਾਰਨ ਦੋਸ਼ੀ ਠਹਿਰਾਏ ਵਿਧਾਇਕ ਮੌਜਾਂ ਮਾਣਦੇ ਰਹਿੰਦੇ ਹਨ।


ਉਹਨਾਂ ਦੱਸਿਆ ਕਿ ਇਸ ਰਾਹੀਂ ਸਾਰੇ ਹਾਈ ਕੋਰਟਾਂ ਦੀ ਰਜਿਸਟਰੀ ਨੂੰ ਇਹ ਹਦਾਇਤ ਦੇਣ ਦੀ ਮੰਗ ਕੀਤੀ ਗਈ ਸੀ ਕਿ ਸਜ਼ਾ ਸੁਣਾਏ ਜਾਣ ਦੇ 24 ਘੰਟੇ ਦੇ ਅੰਦਰ ਅੰਦਰ ਵਿਧਾਨ ਪਾਲਿਕਾ ਸਕੱਤਰੇਤ ਨੋਟੀਫਿਕੇਸ਼ਨ ਜਾਰੀ ਕਰੇਗਾ ਤਾਂ ਜੋ ਵਿਧਾਇਕ ਨੂੰ ਅਯੋਗ ਠਹਿਰਾਇਆ ਜਾਵੇ।


ਉਹਨਾਂ ਕਿਹਾ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਰੋਸ਼ਨੀ ਵਿਚ ਅਮਨ ਅਰੋੜਾ ਨੂੰ ਤੁਰੰਤ ਵਿਧਾਇਕ ਵਜੋਂ ਅਯੋਗ ਕਰਾਰ ਦਿੱਤਾ ਜਾਵੇ ਤੇ ਇਸ ਮਾਮਲੇ ਵਿਚ ਲੋੜੀਂਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ, ਉਹਨਾਂ ਨੇ ਸਪੀਕਰ ਨੂੰ ਇਹ ਅਪੀਲ ਕੀਤੀ।