MSP on paddy - ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੇ ਐਮਪੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ  ਭਗਵੰਤ ਮਾਨ ਝੋਨੇ ’ਤੇ MSP ਖਤਮ ਕਰਨ ਦਾ ਕੇਂਦਰ ਸਰਕਾਰ ਦਾ ਏਜੰਡਾ ਲਾਗੂ ਕਰ ਰਹੇ ਹਨ ਤੇ ਉਹਨਾਂ ਨੇ ਇਸੇ ਵਾਸਤੇ ਸੂਬੇ ਦੇ ਐਡਵੋਕੇਟ ਜਨਰਲ ਨੂੰ ਹਦਾਇਤ ਕੀਤੀ ਹੈ ਕਿ ਉਹ ਦਿੱਲੀ ਵਿਚ ਹਵਾਈ ਪ੍ਰਦੂਸ਼ਣ ’ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੂੰ ਇਸਦੀ ਸਿਫਾਰਸ਼ ਕਰਨ।



ਬਠਿੰਡਾ ਦੇ ਐਮਪੀ ਨੇ ਕਿਹਾ ਕਿ ਅਜਿਹਾ ਕਰਨ ਨਾਲ ਪੰਜਾਬ ਪੰਜਾਹ ਸਾਲ ਪਛੜ ਜਾਵੇਗਾ ਤੇ ਇਸਦੇ ਖੇਤੀਬਾੜੀ ਅਰਥਚਾਰੇ ਨੂੰ ਵੱਡੀ ਢਾਹ ਲੱਗੇਗੀ। ਉਹਨਾਂ ਕਿਹਾ ਕਿ ਪਿਛਲੇ ਪੰਜਾਹ ਸਾਲਾਂ ਤੋਂ ਪੰਜਾਬ ਦੇਸ਼ ਦੇ ਅਨਾਜ ਭੰਡਾਰ ਭਰਨ ’ਤੇ ਲੱਗਾ ਹੋਇਆ ਹੈ। ਅਸੀਂ ਜਨਤਕ ਵੰਡ ਪ੍ਰਣਾਲੀ (ਪੀ ਡੀ ਐਸ) ਲਈ ਸਭ ਤੋਂ ਵੱਡਾ ਯੋਗਦਾਨ ਪਾਉਂਦੇ ਹਾਂ। ਹੁਣ ਐਮ ਐਸ ਪੀ ਖਤਮ ਕਰ ਕੇ ਪੰਜਾਬ ਵਿਚੋਂ ਝੋਨੇ ਦੀ ਪੈਦਾਵਾਰ ਖਤਮ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ।


 ਕੇਂਦਰ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਵੀ ਇਸੇ ਵਾਸਤੇ ਲਿਆਂਦੇ ਸਨ।  ਉਹਨਾਂ ਕਿਹਾ ਕਿ ਭਾਵੇਂ ਕਾਨੂੰਨ ਖਤਮ ਕਰ ਦਿੱਤੇ ਗਏ ਪਰ ਕਿਸਾਨ ਅੰਦੋਲਨ ਦੌਰਾਨ 650 ਕਿਸਾਨਾਂ ਸ਼ਹੀਦ ਹੋ ਗਏ ਸਨ। ਹੁਣ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਵਿਚੋਂ ਝੋਨੇ ਦੀ ਪੈਦਾਵਾਰ ਖਤਮ ਕਰਨ ਲਈ ਕੇਂਦਰ ਸਰਕਾਰ ਦੇ ਏਜੰਡੇ ਦੀ ਇਕਪਾਸੜ ਸਿਫਾਰਸ਼ ਕਰ ਰਹੀ ਹੈ।


ਬਾਦਲ ਨੇ ਕਿਹਾ ਕਿ ਅਜਿਹਾ ਕਦਮ ਸੂਬੇ ਦੀ ਖੇਤੀਬਾੜੀ  ਆਰਥਿਕਤਾ ਨੂੰ ਤਬਾਹ ਹੀ ਨਹੀਂ ਕਰੇਗਾ ਬਲਕਿ ਕਿਸਾਨਾਂ ਨੂੰ ਗਰੀਬੀ ਵੱਲ ਧੱਕੇਗਾ ਜਿਸ ਨਾਲ ਕਿਸਾਨ ਖੁਦਕੁਸ਼ੀਆਂ ਵੱਧ ਜਾਣਗੀਆਂ। ਉਹਨਾਂ ਕਿਹਾ ਕਿ ਅਸੀਂ ਕਿਸੇ ਵੀ ਕੀਮਤ ’ਤੇ ਇਸ ਪੰਜਾਬ ਵਿਰੋਧੀ ਕਦਮ ਨੂੰ ਲਾਗੂ ਨਹੀਂ ਹੋਣ ਦਿਆਂਗੇ।



ਉਹਨਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਪ ਵਿਧਾਇਕਾਂ ਦਾ ਘਿਰਾਓ ਕਰਨ ਤੇ ਉਹਨਾਂ ਨੂੰ ਪੁੱਛਣ ਕਿ ਉਹ ਸੂਬੇ ਦੇ ਖੇਤੀਬਾੜੀ ਅਰਥਚਾਰੇ ਨੂੰ ਤਬਾਹ ਕਿਉਂ ਕਰਨਾ ਚਾਹੁੰਦੇ ਹਨ ਤੇ ਦਹਾਕਿਆਂ ਤੋਂ ਸਹੀ ਢੰਗ ਨਾਲ ਚਲ ਰਹੇ ਖੇਤੀਬਾੜੀ ਮੰਡੀਕਰਣ ਸਿਸਟਮ ਨੂੰ ਕਿਉਂ ਖਤਮ ਕਰਨਾ ਚਾਹੁੰਦੇ ਹਨ ਜਿਸ ਵਿਚ ਮੰਡੀਆਂ ਵੀ ਹਨ, ਸਟੋਰੇਜ ਲਈ ਥਾਂ ਤੇ ਪੇਂਡੂ ਲਿੰਕ ਸੜਕਾਂ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਣਾਈਆਂ ਸਨ।