Bhana Sidhu Case: ਬਲੌਗਰ ਭਾਨਾ ਸਿੱਧੂ ਦੀ ਰਿਹਾਈ ਲਈ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਗਰੂਰ ਵਾਲੇ ਘਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਹੈ। ਜਿਸ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਨੇ ਤੜਕ ਸਾਰ ਹੀ ਕਾਰਵਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹੈ। ਇਸ ਦੇ ਤਹਿਤ ਪੁਲਿਸ ਨੇ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੂੰ ਘਰਾਂ 'ਚ ਹੀ ਨਜ਼ਰਬੰਦ ਕਰ ਦਿੱਤਾ ਹੈ। 



ਮਾਨਸਾ ਤੋਂ ਭਾਰਤੀ ਕਿਸਾਨ ਯੂਨੀਅਨ ਦੇ ਰੁਲਦੂ ਸਿੰਘ ਮਾਨਸਾ ਨੂੰ ਵੀ ਉਹਨਾਂ ਦੇ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਹੈ। ਰੁਲਦੂ ਸਿੰਘ ਮਾਨਸਾ ਇਸ ਤੋਂ ਪਹਿਲਾਂ ਬਰਨਾਲਾ ਵਿੱਚ ਕੋਟ ਦੂਨਾ ਵਿੱਚ ਰੱਖੇ ਇਕੱਠ ਵਿੱਚ ਵੀ ਪਹੁੰਚੇ ਸਨ। ਅੱਜ ਸੰਗਰੂਰ ਜਾਣ ਦੀ ਤਿਆਰੀ ਕਰ ਰਹੇ ਸਨ ਤਾਂ ਪੁਲਿਸ ਨੇ ਉਹਨਾਂ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ। 



ਇਸ ਤੋਂ ਇਲਾਵਾ ਨਿਰਭੈ ਸਿੰਘ ਗਿਆਨੀ ਜਿਲਾ ਪ੍ਰਧਾਨ ਬਰਨਾਲਾ ਨੂੰ ਘਰ ਵਿੱਚ ਹੀ ਨਜ਼ਰ ਬੰਦ ਕਰ ਲਿਆ ਹੈ ਉਹਨਾ ਦੇ ਨਾਲ ਜਰਨਲ ਸਕੱਤਰ ਬਬਲਾ ਰਾਏਸਰ ਅਤੇ ਭੁਪਿੰਦਰ ਸਰਮਾ ਸਰਪੰਚ ਰਾਏਸਰ ਹਰਦੇਵ ਸਿੰਘ ਕਾਕਾ ਨਜਰ ਬੰਦ ਕਰ ਲਿਆ ਹੈ  ਜੋ ਕਿ ਭਾਨਾ ਸਿਧੂ ਦੀ ਹਮਾਇਤ ਤੇ ਜਾਣ ਦੀ ਤਿਆਰੀ ਵਿਚ ਸਨ


ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਆਗੂ ਸੁਰਜੀਤ ਸਿੰਘ ਫੂਲ ਨੇ ਇੱਕ ਵੀਡੀਓ ਜਾਰੀ ਕਰਕੇ ਨੌਜਵਾਨਾਂ ਨੂੰ ਟੁਕੜਿਆਂ ਵਿੱਚ ਮੁੱਖ ਮੰਤਰੀ ਨਿਵਾਸ ਦੇ ਬਾਹਰ ਪਹੁੰਚਣ ਦੀ ਅਪੀਲ ਕੀਤੀ ਹੈ। ਸੁਰਜੀਤ ਫੂਲ ਦਾ ਕਹਿਣਾ ਹੈ ਕਿ ਪੁਲੀਸ ਸਵੇਰ ਤੋਂ ਹੀ ਕਿਸਾਨ ਆਗੂਆਂ ਦੀ ਭਾਲ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਘਰਾਂ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਹੈ। ਜਦੋਂਕਿ ਮੁੱਖ ਮੰਤਰੀ ਖੁਦ ਕਹਿੰਦੇ ਹਨ ਕਿ ਸਕੱਤਰੇਤ ਜਾਂ ਚੰਡੀਗੜ੍ਹ ਵਿੱਚ ਪ੍ਰਦਰਸ਼ਨ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਘਰ ਦੇ ਬਾਹਰ ਆ ਜਾਣ।



ਇਸੇ ਤਹਿਤ ਅੱਜ ਭਾਦਸੋਂ ਪੁਲਿਸ ਵਲੋਂ ਇੰਦਰਜੀਤ ਸਿੰਘ ਦੀ ਅਗਵਾਈ 'ਚ ਅਕਾਲੀ ਦਲ ਸੁਤੰਤਰ ਦੇ ਮੁੱਖ ਦਫ਼ਤਰ ਨਾਭਾ ਪਹੁੰਚ ਕੇ ਪਾਰਟੀ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਦਫ਼ਤਰ 'ਚ ਨਜ਼ਰਬੰਦ ਕੀਤਾ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਨੇ ਕਿਹਾ ਕਿ ਸੂਬੇ ਦੀ ਆਮ ਆਦਮੀ ਦੀ ਸਰਕਾਰ ਅਖਵਾਉਣ ਵਾਲੀ ਆਪ ਸਰਕਾਰ ਬਦਲਾਓ ਨਹੀਂ ਬਦਲਾਖੋਰੀ ਦੇ ਉੱਪਰ ਆਈ ਹੈ, ਜਿਸ ਕਰਕੇ ਸੂਬੇ ਦੇ ਲੋਕ ਤਰਾਹ-ਤਰਾਹ ਕਰ ਰਹੇ ਹਨ।


 


ਪੁਲਿਸ ਥਾਣਾ ਮਲੌਦ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂਆਂ ਨੂੰ ਘਰਾਂ ਵਿਚ ਨਜ਼ਰਬੰਦ ਕਰ ਦਿੱਤਾ ਹੈ, ਜਿਨ੍ਹਾਂ ਆਗੂਆਂ ਨੂੰ ਨਜ਼ਰਬੰਦ ਕੀਤਾ ਗਿਆ ਹੈ, ਉਨ੍ਹਾਂ ਵਿਚ ਬਲਵਿੰਦਰ ਸਿੰਘ ਸਿਹੌੜਾ ਪ੍ਰਧਾਨ ਪੁਲਿਸ ਜ਼ਿਲ੍ਹਾ ਖੰਨਾ ਸਮੇਤ ਹੋਰ ਆਗੂ ਸ਼ਾਮਿਲ ਹਨ।



ਇਸ ਦੇ ਨਾਲ ਹੀ ਸੰਸਦ ਮੈਂਬਰ ਸਿਮਰਜੀਤ ਸਿੰਘ ਮਾਨ ਨੇ ਵੀ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ 1 ਫਰਵਰੀ ਨੂੰ ਆਪਣੇ ਨਾਲ ਵਾਪਰੀ ਘਟਨਾ ਦੀ ਸ਼ਿਕਾਇਤ ਕੀਤੀ ਹੈ। ਸੰਸਦ ਮੈਂਬਰ ਦਾ ਕਹਿਣਾ ਹੈ ਕਿ 1 ਫਰਵਰੀ ਨੂੰ ਭਾਨਾ ਸਿੱਧੂ ਦੇ ਹੱਕ ਵਿੱਚ ਫਤਿਹਗੜ੍ਹ ਸਾਹਿਬ ਵਿੱਚ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾਣਾ ਸੀ। ਪਰ, ਇਸ ਤੋਂ ਪਹਿਲਾਂ ਉਸਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਸੀ।