Sangrur News : ਕੈਬਨਿਟ ਮੰਤਰੀ ਅਮਨ ਅਰੋੜਾ ਲੌਂਗੋਵਾਲ ਦੀ ਗਊਸ਼ਾਲਾ ਗਾਹੁ ਪੱਤੀ ਵਿਖੇ ਹੋਈ ਭਰਵੀਂ ਇਕੱਤਰਤਾ ਦੌਰਾਨ ਇਲਾਕੇ ਦੀਆਂ ਪੰਚਾਇਤਾਂ ਨੂੰ ਵਿਕਾਸ ਕੰਮਾਂ ਲਈ ਗ੍ਰਾਂਟਾਂ ਦੇ ਚੈੱਕ ਵੰਡਣ ਲਈ ਪਹੁੰਚੇ ਹੋਏ ਸਨ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸਿਰਫ਼ ਪਹਿਲੇ ਸਵਾ ਸਾਲ ਵਿੱਚ ਹੀ ਮਾਨ ਸਰਕਾਰ ਵੱਲੋਂ ਪੰਜਾਬ ਵਿੱਚ ਉਹ ਕੰਮ ਕਰਵਾ ਕੇ ਮਿਸਾਲ ਕਾਇਮ ਕੀਤੀ ਗਈ ਹੈ ਜਿਹੜੇ ਪਿਛਲੀਆਂ ਸਰਕਾਰਾਂ ਵੱਲੋਂ ਦਹਾਕਿਆਂ ਵਿੱਚ ਕਰਵਾਏ ਜਾਂਦੇ ਰਹੇ ਹਨ।
         
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਸੇ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਜੱਦੀ ਹਲਕੇ ਸੁਨਾਮ ਲਈ ਵੀ ਲਗਾਤਾਰ ਫੰਡ ਜਾਰੀ ਕਰਕੇ ਰਿਕਾਰਡ ਤੋੜ ਵਿਕਾਸ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਵੀ ਉਨ੍ਹਾਂ ਵੱਲੋਂ ਮੁੱਖ ਮੰਤਰੀ ਤੋਂ ਸੁਨਾਮ ਹਲਕੇ ਲਈ ਫੰਡਾਂ ਦੀ ਮੰਗ ਕੀਤੀ ਗਈ ਹੈ ਤਾਂ ਲੋੜੀਂਦੇ ਫ਼ੰਡ ਤੁਰੰਤ ਉਨ੍ਹਾਂ ਨੂੰ ਜਾਰੀ ਹੋਏ ਹਨ। ਉਨ੍ਹਾਂ ਕਿਹਾ ਕਿ ਅੱਜ ਵੀ ਲੌਂਗੋਵਾਲ ਸ਼ਹਿਰ ਦੇ ਨਾਲ-ਨਾਲ ਇਲਾਕੇ ਦੇ ਸਰਵਪੱਖੀ ਵਿਕਾਸ ਲਈ 5.28 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਜਾਰੀ ਕਰਨ ਦੇ ਨਾਲ-ਨਾਲ ਚੈੱਕ ਵੀ ਵੰਡੇ ਗਏ ਹਨ।
 
ਅਮਨ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਰਕਾਰ ਬਣਨ ਤੋਂ ਤੁਰੰਤ ਬਾਅਦ ਸੁਨਾਮ ਹਲਕੇ ਦੇ ਸਾਰੇ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਸਰਵੇ ਕਰਵਾਇਆ ਗਿਆ ਸੀ ਅਤੇ ਹੁਣ ਪੜਾਅਵਾਰ ਉਨ੍ਹਾਂ ਕੰਮਾਂ ਨੂੰ ਨੇਪਰੇ ਚੜ੍ਹਾਉਣ ਲਈ ਗ੍ਰਾਂਟਾਂ ਦੀ ਵੰਡ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕੰਮ ਲੋਕਾਂ ਦੀ ਰਾਏ ਨਾਲ ਹੀ ਉਲੀਕੇ ਜਾ ਰਹੇ ਹਨ ਅਤੇ ਹਰ ਪਿੰਡ ਵਿੱਚ ਲੋਕਾਂ ਦੀ ਮੰਗ ਤੇ ਲੋੜ ਅਨੁਸਾਰ ਵਿਕਾਸ ਕੰਮ ਕਰਵਾਉਣ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਫੰਡ ਜਾਰੀ ਕਰਨ ਦੇ ਨਾਲ-ਨਾਲ ਪੂਰੀ ਇਮਾਨਦਾਰੀ ਨਾਲ ਇਕੱਲਾ-ਇਕੱਲਾ ਪੈਸਾ ਲੋਕਾਂ ਦੀ ਭਲਾਈ ਲਈ ਵਰਤਿਆ ਜਾਣਾ ਉਹ ਖੁਦ ਯਕੀਨੀ ਬਣਾ ਰਹੇ ਹਨ।
 
ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਲੌਂਗੋਵਾਲ ਗਊਸ਼ਾਲਾ ਗਾਹੁ ਪੱਤੀ ਵਿੱਚ ਸ਼ੈਡ ਲਈ 10.11 ਲੱਖ, ਪਿੰਡੀ ਦੇਸੂਪੁਰਾ ਵਿਚ ਜਨਰਲ ਧਰਮਸ਼ਾਲਾ ਵਿੱਚ ਹਾਲ ਲਈ 4 ਲੱਖ, ਪਿੰਡੀ ਦੁੱਲਟ ਵਿਚ ਸ਼ਮਸ਼ਾਨ ਘਾਟ ਵਿੱਚ ਸ਼ੈਡ ਲਈ 3 ਲੱਖ, ਪਿੰਡੀ ਕੈਂਬੋਵਾਲ ਵਿਖੇ ਖੜਵੰਜੇ ਲਗਵਾਉਣ ਲਈ 5 ਲੱਖ, ਪਿੰਡੀ ਬਟੂਹਾ ਖੁਰਦ ਵਿਖੇ ਵਾਟਰ ਟੈਂਕਰ ਲਈ 1.60 ਲੱਖ, ਪਿੰਡੀ ਸਤੀਪੁਰਾ ਵਿਚ ਧਰਮਸ਼ਾਲਾ ਵਿੱਚ ਸ਼ੈਡ, ਬਾਥਰੂਮ ਅਤੇ ਚਾਰਦੀਵਾਰੀ ਲਈ 5.50 ਲੱਖ, ਪਿੰਡੀ ਭੁੱਲਰ ਵਿਖੇ ਵਾਲੀਬਾਲ ਗਰਾਊਂਡ ਲਈ 4.60 ਲੱਖ, ਪਿੰਡੀ ਵਡਿਆਨੀ ਵਿਚ ਖੇਤਾਂ ਵਾਲੇ ਘਰਾਂ ਨੂੰ ਜਾਂਦੇ ਰਸਤੇ ਵਿੱਚ ਖੜਵੰਜੇ ਲਗਵਾਉਣ ਲਈ 5 ਲੱਖ ਰੁਪਏ ਪਿੰਡ ਭਾਈ ਕੀ ਸਮਾਧ ਵਿਖੇ ਗਲੀਆਂ ਨਾਲੀਆਂ ਲਈ 2 ਲੱਖ ਰੁਪਏ ਅਤੇ ਪਿੰਡੀ ਕੇਹਰ ਸਿੰਘ ਵਾਲੀ ਵਿੱਚ ਗਲੀਆਂ ਨਾਲੀਆਂ ਲਈ 4 ਲੱਖ ਰੁਪਏ ਦੀ ਗਰਾਂਟ ਸੌਂਪੀ ਗਈ।