Barnala News : ਬਰਨਾਲਾ ਵਿੱਚ ਨਾਬਾਲਿਗ ਲੜਕੀ ਨਾਲ ਹੋਏ ਜ਼ਬਰ ਜਿਨਾਹ ਨੂੰ ਲੈ ਕੇ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਥਾਣਾ ਸਿਟੀ ਬਰਨਾਲਾ 2 ਦੇ ਸਾਹਮਣੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਪਿਛਲੇ ਤਿੰਨ ਮਹੀਨਿਆਂ ਤੋਂ ਇਸ ਮਾਮਲੇ 'ਚ ਸਮੇਂ ਸਿਰ ਕਾਰਵਾਈ ਨਾ ਕਰਨ ਦੇ ਵਿਰੋਧ 'ਚ ਪੁਲਿਸ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਤਿੰਨ ਮਹੀਨੇ ਪਹਿਲਾਂ ਨਾਬਾਲਗ ਲੜਕੀ ਨਾਲ ਜਬਰ ਜਨਾਹ ਹੋਇਆ ਸੀ ਅਤੇ ਤਿੰਨ ਮਹੀਨਿਆਂ ਤੱਕ ਇਸ ਸਬੰਧੀ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਸੀ।
ਕਿਸਾਨਾਂ ਅਤੇ ਮਜ਼ਦੂਰ ਜਥੇਬੰਦੀਆਂ ਦੇ ਦਬਾਅ ਤੋਂ ਬਾਅਦ ਪਰਚਾ ਦਰਜ ਕੀਤਾ ਗਿਆ। ਉਨਾਂ ਥਾਣੇ ਦੇ ਪੁਲੀਸ ਅਧਿਕਾਰੀ 'ਤੇ ਮੁਲਜ਼ਮਾਂ ਨੂੰ ਸੁਰੱਖਿਆ ਦੇਣ ਦੇ ਆਰੋਪ ਲਗਾਏ ਹਨ। ਇਸ ਦੇ ਨਾਲ ਹੀ ਥਾਣੇਦਾਰ ਨੇ ਦੱਸਿਆ ਕਿ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਮੌਕੇ 'ਤੇ ਗੱਲਬਾਤ ਕਰਦਿਆਂ ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਕਿ 5 ਅਪ੍ਰੈਲ ਨੂੰ ਇਕ ਆਰੋਪੀ ਨੇ ਉਸ ਦੀ ਲੜਕੀ ਨਾਲ ਜ਼ਬਰਦਸਤੀ ਬਲਾਤਕਾਰ ਕੀਤਾ। ਮੈਂ ਮੌਕੇ 'ਤੇ ਹੀ ਦੋਸ਼ੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਭੱਜ ਗਿਆ। ਜਿਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ। ਪੁਲੀਸ ਮੁਲਾਜ਼ਮਾਂ ਨੇ ਉਕਤ ਆਰੋਪੀ ਨੂੰ ਕਾਬੂ ਕਰਨ ਮਗਰੋਂ ਉਸ ਨੂੰ ਘਰ ਭੇਜ ਦਿੱਤਾ। ਪੁਲੀਸ ਨੇ ਉਕਤ ਆਰੋਪੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਥਾਣਾ ਸਿਟੀ-2 ਦੇ ਅਧਿਕਾਰੀਆਂ ਨੇ ਸਾਨੂੰ ਇਨਸਾਫ਼ ਦੇਣ ਦੀ ਬਜਾਏ ਸਾਡੇ ਚਰਿੱਤਰ 'ਤੇ ਸਵਾਲ ਉਠਾਏ।
ਉਨ੍ਹਾਂ ਦੱਸਿਆ ਕਿ ਇਸ ਮਗਰੋਂ ਉਨ੍ਹਾਂ ਐਸਐਸਪੀ ਬਰਨਾਲਾ ਨੂੰ ਦਰਖਾਸਤ ਦਿੱਤੀ ਤੇ ਪੁਲੀਸ ਨੇ ਕੇਸ ਦਰਜ ਕਰ ਲਿਆ ਪਰ ਪੁਲਿਸ ਵੱਲੋਂ ਅਜੇ ਤੱਕ ਇਨਸਾਫ਼ ਨਹੀਂ ਦਿੱਤਾ ਗਿਆ। ਜਿਸ ਕਾਰਨ ਉਸ ਨੇ ਕਿਸਾਨ ਮਜ਼ਦੂਰ ਜਥੇਬੰਦੀਆਂ ਤੱਕ ਪਹੁੰਚ ਕੀਤੀ, ਜਿਨ੍ਹਾਂ ਨੇ ਉਸ ਦਾ ਸਮਰਥਨ ਕੀਤਾ। ਪੁਲੀਸ ਅੱਜ ਆਰੋਪੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਮੇਰੀ ਧੀ ਨਾਲ ਬਲਾਤਕਾਰ ਕਰਨ ਵਾਲੇ ਆਰੋਪੀ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇ।
ਇਸ ਮੌਕੇ ਮਜ਼ਦੂਰ ਆਗੂ ਕਾਮਰੇਡ ਖੁਸ਼ੀਆ ਸਿੰਘ ਨੇ ਕਿਹਾ ਕਿ ਪੁਲਿਸ ਜਬਰ ਜਨਾਹ ਪੀੜਤਾ ਨੂੰ ਇਨਸਾਫ਼ ਨਹੀਂ ਦੇ ਰਹੀ | ਜਿਸ ਤੋਂ ਬਾਅਦ ਵੱਖ-ਵੱਖ ਕਿਸਾਨ ਮਜ਼ਦੂਰ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਪੀੜਤ ਪਰਿਵਾਰ ਦੀ ਮਦਦ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਤੋਂ ਬਾਅਦ ਜਥੇਬੰਦੀਆਂ ਨੇ ਐਸਐਸਪੀ ਬਰਨਾਲਾ ਨੂੰ ਮਿਲ ਕੇ ਇਨਸਾਫ਼ ਦੀ ਮੰਗ ਕੀਤੀ। ਹਾਲਾਂਕਿ ਥਾਣਾ ਸਦਰ ਦੇ ਐਸਐਚਓ ਨੂੰ ਲਾਇਨ ਹਾਜ਼ਿਰ ਕਰ ਦਿੱਤਾ ਗਿਆ ਹੈ ਪਰ ਜਾਂਚ ਅਧਿਕਾਰੀ ਜਗਸੀਰ ਸਿੰਘ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਥੇਬੰਦੀਆਂ ਦੇ ਦਬਾਅ ਮਗਰੋਂ ਆਰੋਪੀ ਲੜਕੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਮੌਕੇ ਥਾਣਾ ਇੰਚਾਰਜ ਯਸ਼ਪਾਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ 'ਚ ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ ਕਰਨ ਵਾਲੇ ਮਨਪ੍ਰੀਤ ਸਿੰਘ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਇੱਕ ਦਿਨ ਦੇ ਰਿਮਾਂਡ ’ਤੇ ਲਿਆ ਗਿਆ ਹੈ।