Sangrur Jail: ਜੇਲ੍ਹਾਂ ਵਿੱਚ ਗੈਂਗਸਟਰਾਂ ਦੀ ਪੂਰੀ 'ਸਰਦਾਰੀ' ਹੈ। ਇਹ ਖੁਲਾਸਾ ਸੰਗਰੂਰ ਜੇਲ੍ਹ ਤੋਂ ਗੈਂਗਸਟਰ ਅਮਨਾ ਉਬਾ ਦੀ ਵੀਡੀਓ ਲੀਕ ਹੋਣ ਨਾਲ ਹੋਇਆ ਹੈ। ਵੀਡੀਓ 'ਚ ਗੈਂਗਸਟਰ ਪੂਰੇ ਟਸ਼ਨ 'ਚ ਆਪਣੀ ਬੈਰਕ 'ਚੋਂ ਬਾਹਰ ਨਿਕਲਦਾ ਦਿਖਾਈ ਦੇ ਰਿਹਾ ਹੈ। ਟੋਪੀ ਪਹਿਨੇ ਹੋਏ ਗੈਂਗਸਟਰ ਆਪਣੇ ਲੋਅਰ ਦੀਆਂ ਦੋਵੇਂ ਜੇਬਾਂ ਵਿੱਚ ਹੱਥ ਪਾਈ ਨਜ਼ਰ ਆ ਰਿਹਾ ਹੈ। ਉਹ ਬਿਨਾਂ ਕਿਸੇ ਰੋਕ-ਟੋਕ ਦੇ ਬਾਹਰ ਜਾਂਦਾ ਦਿਖਾਈ ਦੇ ਰਿਹਾ ਹੈ।


ਵੀਡੀਓ ਲੀਕ ਹੋਣ 'ਤੇ ਜੇਲ੍ਹ ਪ੍ਰਸ਼ਾਸਨ 'ਚ ਹੜਕੰਪ ਮਚ ਗਿਆ। ਇਸ ਤੋਂ ਤੁਰੰਤ ਬਾਅਦ ਗੈਂਗਸਟਰ ਦੀ ਬੈਰਕ ਦੀ ਤਲਾਸ਼ੀ ਲਈ ਗਈ। ਬੈਰਕ ਵਿੱਚੋਂ ਇੱਕ ਮੋਬਾਈਲ ਫੋਨ ਬਰਾਮਦ ਹੋਇਆ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਗੈਂਗਸਟਰ ਅਮਨਾ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਗੈਂਗਸਟਰ ਅਮਨਾ ਉਬਾ ਨੇ ਕੁਝ ਸਾਲ ਪਹਿਲਾਂ ਬਠਿੰਡਾ 'ਚ ਗੈਂਗਸਟਰ ਕੁਲਬੀਰ ਨੂਰਵਾਣਾ 'ਤੇ ਹਮਲਾ ਕੀਤਾ ਸੀ। ਗੈਂਗਸਟਰ ਅਮਨਾ ਉਬਾ ਪਿੰਡ ਦਾ ਸਰਪੰਚ ਵੀ ਰਹਿ ਚੁੱਕੀ ਹੈ।


ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੰਗਰੂਰ ਜੇਲ੍ਹ ਵਿੱਚੋਂ ਅੱਧੀ ਦਰਜਨ ਦੇ ਕਰੀਬ ਕੈਦੀਆਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ। ਇਸ ਵੀਡੀਓ 'ਚ ਕੈਦੀਆਂ ਨੇ ਤਤਕਾਲੀ ਜੇਲ੍ਹ ਸੁਪਰਡੈਂਟ ਤੇ ਹੋਰ ਜੇਲ੍ਹ ਸਟਾਫ 'ਤੇ ਉਨ੍ਹਾਂ ਤੋਂ ਪੈਸੇ ਵਸੂਲਣ ਦਾ ਦੋਸ਼ ਲਗਾਇਆ ਸੀ। ਕੈਦੀਆਂ ਦਾ ਇਲਜ਼ਾਮ ਸੀ ਕਿ ਉਨ੍ਹਾਂ ਤੋਂ 35,000 ਰੁਪਏ ਦੀ ਵਸੂਲੀ ਕੀਤੀ ਗਈ ਤੇ ਫਿਰ 1-1 ਲੱਖ ਰੁਪਏ ਦੀ ਮੰਗ ਕੀਤੀ ਗਈ। ਇਸ ਤੋਂ ਬਾਅਦ ਸੰਗਰੂਰ ਦੇ ਤਤਕਾਲੀ ਐਸਐਸਪੀ ਡਾਕਟਰ ਸੰਦੀਪ ਗਰਗ ਨੇ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਪੁਲਿਸ ਅਧਿਕਾਰੀਆਂ ਨੂੰ ਸੌਂਪੀ ਸੀ।



ਇਸ ਤੋਂ ਪਹਿਲਾਂ ਵੀ ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਗੈਂਗਸਟਰਾਂ ਦੀਆਂ ਕਈ ਵੀਡੀਓਜ਼ ਵਾਇਰਲ ਹੋ ਚੁੱਕੀਆਂ ਹਨ। ਗੈਂਗਸਟਰ ਜੇਲ੍ਹਾਂ ਦੇ ਅੰਦਰੋਂ ਵੀਡੀਓ ਬਣਾ ਰਹੇ ਹਨ। ਜੇਲ੍ਹਾਂ ਵਿੱਚ ਨਸ਼ੀਲੇ ਪਦਾਰਥਾਂ ਤੇ ਮੋਬਾਈਲ ਫੋਨਾਂ ਦੀ ਵਰਤੋਂ ਦੇ ਖੁਲਾਸੇ ਹੋਏ ਹਨ। ਗੋਇੰਦਵਾਲ ਜੇਲ੍ਹ ਵਿੱਚ ਬੰਦ ਲਾਰੈਂਸ ਗੈਂਗ ਦੇ ਗੈਂਗਸਟਰਾਂ ਦੀ ਜਸ਼ਨ ਮਨਾਉਣ ਦੀ ਵੀਡੀਓ ਸਾਹਮਣੇ ਆਈ ਸੀ। ਇਸ ਵੀਡੀਓ 'ਚ ਗੈਂਗਸਟਰ ਸਚਿਨ ਭਿਵਾਨੀ, ਦੀਪਕ ਮੁੰਡੀ ਤੇ ਅੰਕਿਤ ਸਿਰਸਾ ਨਜ਼ਰ ਆਏ ਸੀ। ਲਾਰੈਂਸ ਗੈਂਗ ਦੇ ਉਕਤ ਗੈਂਗਸਟਰਾਂ ਨੇ ਗੋਇੰਦਵਾਲ ਜੇਲ੍ਹ 'ਚ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੇ ਦੋ ਸਾਥੀਆਂ ਨੂੰ ਮਾਰਨ ਤੋਂ ਬਾਅਦ ਇਹ ਵੀਡੀਓ ਬਣਾਈ ਸੀ।