Sangrur News: ਸੰਗਰੂਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਖਹਿਰਾ ਦੀ ਚੋਣ ਸਭਾ ਦੌਰਾਨ ਕਿੰਨਰਾਂ ਨਾਲ ਹੋਈ ਖਿੱਚ-ਧੂਹ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਬਾਰੇ ਸੋਸ਼ਲ ਮੀਡੀਆ ਉਪਰ ਖੂਬ ਚਰਚਾ ਹੋ ਰਹੀ ਹੈ। ਕੁਝ ਲੋਕ ਕਿੰਨਰ ਸਿਮਰਨ ਮਹੰਤ ਨੂੰ ਬੁਰਾ ਭਲਾ ਕਹਿ ਰਹੇ ਹਨ ਤੇ ਕੁਝ ਲੋਕ ਕਾਂਗਰੀਆਂ ਦੀ ਅਲੋਚਨਾ ਕਰ ਰਹੇ ਹਨ। 


ਇਸ ਬਾਰੇ ਮੀਡੀਆ ਸਾਹਮਣੇ ਆਪਣਾ ਪੱਖ ਰੱਖਦਿਆਂ ਸਿਮਰਨ ਮਹੰਤ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਸੁਖਪਾਲ ਖਹਿਰਾ ਨੂੰ ਫੋਨ ਕੀਤੇ ਪਰ ਗੱਲ ਨਾ ਹੋਈ। ਇਸ ਮਗਰੋਂ ਉਨ੍ਹਾਂ ਖਹਿਰਾ ਦੇ ਦਫ਼ਤਰ ’ਚ ਗੱਲ ਕਰਕੇ ਕਿਹਾ ਸੀ ਕਿ ਮਿੱਠੂ ਲੱਡਾ ਨੂੰ ਆਪਣੇ ਤੋਂ ਦੂਰ ਰੱਖੋ ਕਿਉਂਕਿ ਇਸ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ ਤੇ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ, ਉਸ ਨੇ ਉਨ੍ਹਾਂ ਦੀ ਜ਼ਿੰਦਗੀ ਖ਼ਰਾਬ ਕੀਤੀ ਹੈ। 


ਸਿਮਰਨ ਮਹੰਤ ਨੇ ਕਿਹਾ ਕਿ ਇਹ ਸਭ ਕੁਝ ਉਹ ਖਹਿਰਾ ਨੂੰ ਦੱਸਣਾ ਚਾਹੁੰਦੇ ਸਨ। ਇਸ ਲਈ ਮੰਗਲਵਾਰ ਨੂੰ ਜਦੋਂ ਪਿੰਡ ਲੱਡਾ ਵਿੱਚ ਚੋਣ ਸਭਾ ਦੌਰਾਨ ਖਹਿਰਾ ਨੂੰ ਆਪਣਾ ਦੁੱਖ ਦੱਸਣ ਲੱਗੇ ਤਾਂ ਮਿੱਠੂ ਲੱਡਾ ਨੇ ਮਾਈਕ ਖੋਹ ਲਿਆ। ਉਨ੍ਹਾਂ ਦੋਸ਼ ਲਾਇਆ ਕਿ ਮੌਕੇ ’ਤੇ ਮੌਜੂਦ ਮਿੱਠੂ ਲੱਡਾ ਤੇ ਉਸ ਦੇ ਸਮਰਥਕਾਂ ਨੇ ਉਨ੍ਹਾਂ ਤੇ ਉਸ ਦੇ ਸਾਥੀਆਂ ਦੀ ਕੁੱਟਮਾਰ ਕੀਤੀ ਤੇ ਕੱਪੜੇ ਪਾੜ ਦਿੱਤੇ। ਉਨ੍ਹਾਂ ਭੱਜ ਕੇ ਜਾਨ ਬਚਾਈ। ਸਿਮਰਨ ਮਹੰਤ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। 


ਦਰਅਸਲ ਮੰਗਲਵਾਰ ਨੂੰ ਪਿੰਡ ਲੱਡਾ ਵਿੱਚ ਸੁਖਪਾਲ ਖਹਿਰਾ ਦੀ ਚੋਣ ਸਭਾ ਦੌਰਾਨ ਉਸ ਸਮੇਂ ਜ਼ੋਰਦਾਰ ਹੰਗਾਮਾ ਹੋ ਗਿਆ ਜਦੋਂ ਸਿਮਰਨ ਮਹੰਤ ਪਟਿਆਲਾ (ਕਿੰਨਰ) ਤੇ ਉਸ ਦੇ ਸਾਥੀਆਂ ਨੇ ਤਾੜੀਆਂ ਮਾਰ ਸਟੇਜ ’ਤੇ ਚੜ੍ਹ ਕੇ ਖਹਿਰਾ ਅੱਗੇ ਬੋਲਣਾ ਸ਼ੁਰੂ ਕਰ ਦਿੱਤਾ। ਸਟੇਜ ’ਤੇ ਮੌਜੂਦ ਕਾਂਗਰਸੀ ਆਗੂ ਤੇ ਪਿੰਡ ਦੇ ਸਰਪੰਚ ਮਿੱਠੂ ਲੱਡਾ ਵੱਲੋਂ ਸਿਮਰਨ ਮਹੰਤ ਦਾ ਵਿਰੋਧ ਕੀਤਾ ਗਿਆ। 


ਇਸ ਦੌਰਾਨ ਤਕਰਾਰਬਾਜ਼ੀ ਤੇ ਤਣਾਅਪੂਰਨ ਮਾਹੌਲ ਦੌਰਾਨ ਮਿੱਠੂ ਲੱਡਾ ਦੇ ਸਮਰਥਕਾਂ ਵੱਲੋਂ ਸਿਮਰਨ ਮਹੰਤ ਤੇ ਉਸ ਦੇ ਸਾਥੀਆਂ ਦੀ ਕਥਿਤ ਕੁੱਟਮਾਰ ਕੀਤੀ ਗਈ। ਮਗਰੋਂ ਸਿਮਰਨ ਮਹੰਤ ਨੇ ਪੁਲਿਸ ਥਾਣਾ ਧੂਰੀ ਵਿੱਚ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ।



ਉਧਰ, ਮਿੱਠੂ ਲੱਡਾ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਸਿਮਰਨ ਮਹੰਤ ਤੇ ਉਸ ਦੇ ਸਾਥੀ ਉਸ ਦਾ ਅਕਸ ਖਰਾਬ ਕਰਨ ਤੇ ਚੋਣ ਸਭਾ ਵਿੱਚ ਜਾਣਬੁੱਝ ਕੇ ਵਿਘਨ ਪਾਉਣ ਲਈ ਆਏ ਸਨ। ਉਨ੍ਹਾਂ ਪਿੰਡ ਦੇ ਲੋਕਾਂ ਸਾਹਮਣੇ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਸ ਦੇ ਸਮਰਥਕਾਂ ਦੇ ਸੱਟਾਂ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਸਿਮਰਨ ਮਹੰਤ ਨਾਲ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ ਤੇ ਜੋ ਵੀ ਫੈਸਲਾ ਲਿਆ ਜਾਵੇਗਾ, ਉਸ ਨੂੰ ਮਨਜ਼ੂਰ ਹੋਵੇਗਾ।