Sangrur: ਸੰਗਰੂਰ ਵਾਸੀਆਂ ਵੱਲੋਂ ਆਰਗੈਨਿਕ ਪਦਾਰਥਾਂ ਦੀ ਖਰੀਦ ਵੱਲ ਵਧ ਰਹੇ ਰੁਝਾਨ ਨੂੰ ਦੇਖਦਿਆਂ ਆਜੀਵਿਕਾ ਮਿਸ਼ਨ ਤਹਿਤ ਜਲਦੀ ਹੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੰਗਰੂਰ ਵਿਖੇ ਸਥਾਈ ਤੌਰ ’ਤੇ ਇੱਕ ਦੁਕਾਨ ਪਹਿਲ ਮੰਡੀ ਦੇ ਵੱਖ-ਵੱਖ ਉਤਪਾਦਾਂ ਦੀ ਵਿਕਰੀ ਲਈ ਸਥਾਪਿਤ ਕੀਤੀ ਜਾਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੋਰਵਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੈਦਾਨ ਵਿਖੇ ਆਰਜ਼ੀ ਤੌਰ ’ਤੇ ਸਥਾਪਤ ਪਹਿਲ ਮੰਡੀ ਦਾ ਜਾਇਜ਼ਾ ਲੈਂਦਿਆਂ ਸਾਂਝੀ ਕੀਤੀ।
ਸ਼੍ਰੀ ਜੋਰਵਾਲ ਨੇ ਕਿਹਾ ਕਿ ਪ੍ਰਸ਼ਾਸਨ ਦਾ ਮਕਸਦ ਪਿੰਡਾਂ ਦੀਆਂ ਗਰੀਬ ਔਰਤਾਂ ਤੇ ਕਿਸਾਨ ਵੀਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਨਿਰੰਤਰ ਉਪਰਾਲੇ ਕਰਨਾ ਹੈ ਜਿਸ ਤਹਿਤ ਪਹਿਲ ਮੰਡੀ ਅਜਿਹੇ ਲੋੜਵੰਦਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਵੀਰਵਾਰ ਨੂੰ ਅਕਾਲ ਡਿਗਰੀ ਕਾਲਜ ਨੇੜੇ ਖਾਲੀ ਮੈਦਾਨ ਵਿੱਚ ਅਤੇ ਐਤਵਾਰ ਨੂੰ ਬੀ.ਐਸ.ਐਨ.ਐਲ ਪਾਰਕ ਵਿੱਚ ਲੱਗ ਰਹੀ ਪਹਿਲ ਮੰਡੀ ਵਿੱਚ ਖਰੀਦਦਾਰਾਂ ਦੀ ਵਧ ਰਹੀ ਮੰਗ ਨੂੰ ਦੇਖਦਿਆਂ ਡੀ.ਸੀ ਕੰਪਲੈਕਸ ਵਿਖੇ ਵੀ ਸੋਮਵਾਰ ਤੋਂ ਸ਼ੁਕਰਵਾਰ ਤੱਕ ਦੇ ਸਮੇਂ ਲਈ ਪਹਿਲ ਮੰਡੀ ਰਾਹੀਂ ਵੱਖ-ਵੱਖ ਸਵੈ ਸਹਾਇਤਾ ਸਮੂਹ ਹੱਥੀਂ ਤਿਆਰ ਕੀਤੇ ਸਮਾਨ ਦੀ ਵਿਕਰੀ ਕਰਨਗੇ।
ਉਨ੍ਹਾਂ ਦੱਸਿਆ ਕਿ ਅੱਜ ਪਹਿਲੇ ਹੀ ਦਿਨ ਇਨ੍ਹਾਂ ਵਿਕਰੇਤਾਵਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਪ੍ਰਸ਼ਾਸਨ ਨੇ ਆਜੀਵਿਕਾ ਮਿਸ਼ਨ ਤਹਿਤ ਇਨ੍ਹਾਂ ਸਮੂਹਾਂ ਦੇ ਆਰਥਿਕ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਪਹਿਲ ਮੰਡੀ ਨੂੰ ਕੰਪਲੈਕਸ ਵਿਖੇ ਹੀ ਇੱਕ ਦੁਕਾਨ ਦੇ ਮਾਧਿਅਮ ਰਾਹੀਂ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ ਅਤੇ ਆਉਣ ਵਾਲੇ ਕੁਝ ਦਿਨਾਂ ਵਿੱਚ ਇਸ ਦੀ ਰਸਮੀ ਤੌਰ ’ਤੇ ਸ਼ੁਰੂਆਤ ਕਰ ਦਿੱਤੀ ਜਾਵੇਗੀ ਤਾਂ ਜੋ ਵਿਕ੍ਰੇਤਾਵਾਂ ਤੇ ਖਰੀਦਦਾਰਾਂ ਵਿਚਾਲੇ ਆਪਸੀ ਤਾਲਮੇਲ ਹੋਰ ਮਜ਼ਬੂਤ ਹੋ ਸਕੇ ਅਤੇ ਲੋਕਾਂ ਨੂੰ ਵੀ ਸਾਫ਼ ਸੁਥਰਾ ਸਮਾਨ ਮਿਲ ਸਕੇ।
ਉਨ੍ਹਾਂ ਦੱਸਿਆ ਕਿ ਸਵੈ ਸਹਾਇਤਾ ਸਮੂਹਾਂ ਵੱਲੋਂ ਤਿਆਰ ਵੱਖ ਵੱਖ ਕਿਸਮਾਂ ਦੇ ਆਚਾਰ, ਮੁਰੱਬੇ, ਸ਼ਹਿਦ, ਡਿਟਰਜੈਂਟ ਪਾਊਡਰ, ਬਦਾਮਾਂ, ਸਰੋਂ ਅਤੇ ਨਾਰੀਅਲ ਦਾ ਕੋਲਡ ਪ੍ਰੈਸਡ ਤੇਲ ਆਦਿ ਸਮੇਤ ਹੋਰ ਸਮਾਨ ਵਿਕਰੀ ਲਈ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: Viral Video: ਜੰਗਲ ਸਫਾਰੀ ਦਾ ਆਨੰਦ ਲੈ ਰਹੇ ਸੈਲਾਨੀਆਂ ਨੂੰ ਹਾਥੀ ਦੇ ਨੇੜੇ ਜਾਣਾ ਪਿਆ ਮਹਿੰਗਾ, ਵੀਡੀਓ ਦੇਖ ਕੇ ਕੰਬ ਜਾਵੇਗੀ ਰੂਹ!
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵਰਜੀਤ ਵਾਲੀਆ, ਅੰਜਲੀ ਸਿੰਘ, ਮੇਘਾ ਚੌਧਰੀ, ਰਜਿੰਦਰ ਕੁਮਾਰ, ਵਿਕਾਸ ਸਿੰਗਲਾ ਤੋਂ ਇਲਾਵਾ ਵੱਖ-ਵੱਖ ਸਵੈ ਸਹਾਇਤਾ ਸਮੂਹਾਂ ਦੇ ਮੈਂਬਰ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ: Viral Video: ਬਜ਼ੁਰਗ ਔਰਤ ਦਾ ਕਮਾਲ, 98 ਸਾਲ ਦੀ ਉਮਰ 'ਚ 5 ਕਿਲੋਮੀਟਰ ਦੀ ਦੌੜ ਪੂਰੀ ਕਰਕੇ ਹਾਸਲ ਕੀਤਾ ਪਹਿਲਾ ਸਥਾਨ!