Sangrur News :  ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪਿਛਲੇ ਦਿਨ੍ਹੀਂ ਆਏ ਹੜ੍ਹਾਂ ਕਾਰਨ ਨੁਕਸਾਨੇ ਗਏ ਪੁਲਾਂ ਦੀ ਲਾਂਘੇ ਵਜੋਂ ਵਰਤੋਂ ਕਰਨ ਤੋਂ ਪੂਰੀ ਤਰ੍ਹਾਂ ਗੁਰੇਜ਼ ਕੀਤਾ ਜਾਵੇ। ਡਿਪਟੀ ਕਮਿਸ਼ਨਰ ਵੱਲੋਂ ਇਹ ਅਪੀਲ ਲੋਕ ਹਿੱਤ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਤੇ ਮਾਲੀ ਨੁਕਸਾਨ ਨੂੰ ਰੋਕਣ ਲਈ ਕੀਤੀ ਗਈ ਹੈ।


ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇੱਕ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ ਸ਼ਾਖਾ) ਦੇ ਐਕਸੀਅਨ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਪਿਛਲੇ ਦਿਨੀਂ ਹੋਈਆਂ ਭਾਰੀ ਬਰਸਾਤਾਂ ਤੋਂ ਬਾਅਦ ਆਏ ਹੜ੍ਹਾਂ ਕਾਰਨ ਸੁਨਾਮ ਤੋਂ ਲਹਿਰਾਗਾਗਾ ਸੜਕ ਅਤੇ ਸੰਗਰੂਰ ਤੋਂ ਸੁਨਾਮ ਜਾਣ ਵਾਲੀ ਸੜਕ ਲਈ ਸਰਹਿੰਦ ਚੋਅ 'ਤੇ ਬਣੇ ਪੁਲ ਦੇ ਨੁਕਸਾਨਗ੍ਰਸਤ ਹੋ ਜਾਣ ਕਾਰਨ ਪ੍ਰਸ਼ਾਸਨ ਵੱਲੋਂ ਲੋਕ ਹਿੱਤ ਵਿੱਚ ਲਗਾਈਆਂ ਰੋਕਾਂ ਦੇ ਬਾਵਜੂਦ ਕਈ ਲੋਕ ਆਪਣਾ ਸਮਾਂ ਬਚਾਉਣ ਦੇ ਚੱਕਰ ਵਿੱਚ ਪੈਦਲ ਲੰਘਣ ਜਾਂ ਆਵਾਜਾਈ ਲਈ ਛੋਟੇ ਤੇ ਭਾਰੀ ਵਾਹਨਾਂ ਸਮੇਤ ਇਨ੍ਹਾਂ ਪੁਲਾਂ ਦੀ ਵਰਤੋਂ ਕਰ ਰਹੇ ਹਨ ,ਜੋ ਕਿ ਕਿਸੇ ਵੀ ਵੇਲੇ ਅਣਸੁਖਾਵੀਂ ਘਟਨਾ ਦਾ ਕਾਰਨ ਬਣ ਸਕਦਾ ਹੈ।

 

 ਡਿਪਟੀ ਕਮਿਸ਼ਨਰ ਨੇ ਹਦਾਇਤ ਕਰਦਿਆਂ ਕਿਹਾ ਕਿ ਇਨ੍ਹਾਂ ਪੁਲਾਂ ਦੇ ਦੋਵੇਂ ਪਾਸਿਓਂ ਲਗਾਈਆਂ ਰੋਕਾਂ ਨੂੰ ਹੋਰ ਮਜ਼ਬੂਤ ਕੀਤੇ ਜਾਣ ਦੀ ਲੋੜ ਹੈ। ਡਿਪਟੀ ਕਮਿਸ਼ਨਰ ਨੇ ਐਕਸੀਅਨ ਅਤੇ ਪੁਲਿਸ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਪੁਲਾਂ ’ਤੇ ਆਵਾਜਾਈ ਨੂੰ ਮੁਕੰਮਲ ਤੌਰ ’ਤੇ ਰੋਕਣ ਲਈ ਤੁਰੰਤ ਢੁਕਵੇਂ ਕਦਮ ਚੁੱਕੇ ਜਾਣ।


ਡਿਪਟੀ ਕਮਿਸ਼ਨਰ ਨੇ ਸਖ਼ਤ ਹਦਾਇਤ ਕਰਦਿਆਂ ਕਿਹਾ ਕਿ ਨੁਕਸਾਨਗ੍ਰਸਤ ਪੁਲਾਂ ’ਤੇ ਕਿਸੇ ਵੀ ਤਰ੍ਹਾਂ ਦੇ ਲਾਂਘੇ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਬਣਾਈਆਂ ਕੰਧਾਂ ਅਤੇ ਹੋਰ ਸਮੱਗਰੀ ਨੂੰ ਹਟਾ ਕੇ ਜਿਹੜੇ ਵਾਹਨ ਚਾਲਕ ਜਾਂ ਰਾਹਗੀਰ ਸਰਕਾਰੀ ਆਦੇਸ਼ਾਂ ਦੀ ਉਲੰਘਣਾ ਕਰਦੇ ਪਾਏ ਜਾਣਗੇ ਉਨ੍ਹਾਂ ਵਿਰੁੱਧ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

 
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਜੀਤ ਵਾਲੀਆ, ਸਹਾਇਕ ਕਮਿਸ਼ਨਰ ਜਸਪਿੰਦਰ ਸਿੰਘ, ਐਸ.ਡੀ.ਐਮ ਮੂਨਕ ਤੇ ਲਹਿਰਾ ਸੂਬਾ ਸਿੰਘ, ਐਕਸੀਅਨ ਲੋਕ ਨਿਰਮਾਣ ਵਿਭਾਗ ਚਰਨਜੀਤ ਬੈਂਸ ਸਮੇਤ ਹੋਰ ਐਕਸੀਅਨ ਤੇ ਅਧਿਕਾਰੀ ਵੀ ਹਾਜ਼ਰ ਸਨ।