ਅਨਿਲ ਜੈਨ


Sangrur News: ਸੰਗਰੂਰ ਜ਼ਿਲੇ ’ਚ ਪੰਜਾਬੀ ਭਾਸ਼ਾ ਨੂੰ ਵਧੇਰੇ ਮਹੱਤਤਾ ਦੇਣ ਲਈ ਪ੍ਰਾਈਵੇਟ ਦੁਕਾਨਦਾਰਾਂ ਤੇ ਹੋਰਨਾਂ ਅਦਾਰਿਆਂ ਨੂੰ ਬੋਰਡ ’ਤੇ ਸਭ ਤੋਂ ਪਹਿਲਾਂ ਪੰਜਾਬੀ ਭਾਸ਼ਾ ਲਿਖਣ ਲਈ ਉਤਸ਼ਾਹਿਤ ਕਰਨ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਜਾਗਰੂਕਤਾ ਰੈਲੀ ਕਰਵਾਈ ਗਈ। ਭਾਸ਼ਾ ਵਿਭਾਗ ਦੀ ਅਗਵਾਈ ’ਚ ਕਰਵਾਈ ਗਈ ਇਸ ਜਾਗਰੂਕਤਾ ਰੈਲੀ ਨੂੰ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜੋ ਵੱਖ-ਵੱਖ ਬਜ਼ਾਰਾਂ ਵਿੱਚੋਂ ਲੰਘੀ।


ਇਸ ਮੌਕੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਮੂਹ ਸਰਕਾਰੀ ਤੇ ਅਰਧ ਸਰਕਾਰੀ ਦਫ਼ਤਰਾਂ, ਵਿਭਾਗਾਂ, ਅਦਾਰਿਆਂ, ਸੰਸਥਾਵਾਂ, ਵਿੱਦਿਅਕ ਅਦਾਰਿਆਂ, ਬੋਰਡਾਂ, ਨਿਗਮਾਂ ਤੇ ਗੈਰ ਸਰਕਾਰੀ ਸੰਸਥਾਵਾਂ, ਪਬਲਿਕ ਤੇ ਪ੍ਰਾਇਵੇਟ ਦੁਕਾਨਾਂ ਤੇ ਵਪਾਰਕ ਅਦਾਰਿਆਂ ਆਦਿ ਦੇ ਨਾਮ ਅਤੇ ਸੜਕਾਂ ਦੇ ਨਾਮ, ਨਾਮ ਪੱਟੀਆਂ, ਮੀਲ ਪੱਥਰ ਤੇ ਸਾਈਨ ਬੋਰਡ ਲਿਖਣ ਸਮੇਂ ਸਭ ਤੋਂ ਪਹਿਲਾਂ ਗੁਰਮੁਖੀ ਲਿਪੀ ’ਚ ਪੰਜਾਬੀ ਭਾਸ਼ਾ ਤੇ ਹੇਠਾਂ ਦੂਸਰੀ ਭਾਸ਼ਾ ਦੀ ਵਰਤੋਂ ਕਰਨ ਦੀ ਹਦਾਇਤ ਕੀਤੀ ਗਈ ਹੈ ਜਿਸ ਨੂੰ ਜ਼ਿਲ੍ਹਾ ਸੰਗਰੂਰ ਵਿੱਚ ਲਾਗੂ ਕਰਨ ਲਈ ਪ੍ਰਸ਼ਾਸ਼ਨਿਕ ਪੱਧਰ ਉੱਤੇ ਮੀਟਿੰਗਾਂ ਰਾਹੀਂ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ। 


ਉਨਾਂ ਕਿਹਾ ਕਿ 21 ਫਰਵਰੀ ਤੱਕ ਸਭ ਤੋਂ ਪਹਿਲਾਂ ਗੁਰਮੁਖੀ ਲਿੱਪੀ ’ਚ ਸਬੰਧਤ ਥਾਵਾਂ ਦਾ ਨਾਮ ਲਿਖਿਆ ਜਾਣਾ ਯਕੀਨੀ ਬਣਾਉਣ ਲਈ ਜਾਗਰੂਕਤਾ ਰੈਲੀ ਕੱਢੀ ਗਈ ਹੈ ਜਿਸ ਤਹਿਤ ਦੁਕਾਨਦਾਰਾਂ ਅਤੇ ਹੋਰਨਾਂ ਲੋਕਾਂ ਨੂੰ ਹਰ ਥਾਂ ਪੰਜਾਬੀ ਭਾਸ਼ਾ ਨੂੰ ਪਹਿਲ ਦੇਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਗੁਰਮੁਖੀ ਲਿੱਪੀ ਦੀ ਵਰਤੋਂ ਮੌਕੇ ਤਰੁੱਟੀ ਰਹਿਤ ਪੰਜਾਬੀ ਭਾਸ਼ਾ ਹੀ ਵਰਤੀ ਜਾਵੇ। ਜਤਿੰਦਰ ਜੋਰਵਾਲ ਨੇ ਕਿਹਾ ਕਿ ਸੰਗਰੂਰ ਜ਼ਿਲੇ ਦੀ ਹਦੂਦ ਅੰਦਰ 21 ਫਰਵਰੀ ਤੱਕ ਇਨਾਂ ਹੁਕਮਾਂ ਦੀ ਪਾਲਣਾ ਨਾ ਕਰਨ ਦੀ ਸੂਰਤ ’ਚ ਪੰਜਾਬ ਰਾਜ ਭਾਸ਼ਾ ਐਕਟ (ਤਰਮੀਮ) ਐਕਟ 2008 ਤੇ 2021 ’ਚ ਦਰਜ ਉਪਬੰਧਾਂ ਅਨੁਸਾਰ ਜੁਰਮਾਨਾ ਲਗਾਉਣ ਸਬੰਧੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। 



ਉਨਾਂ ਕਿਹਾ ਕਿ ਪੰਜਾਬੀ ਭਾਸ਼ਾ ਦੀ ਵਰਤੋਂ ਨੂੰ ਪਹਿਲ ਦੇ ਆਧਾਰ ’ਤੇ ਯਕੀਨੀ ਬਣਾਉਣ ਲਈ ਜ਼ਿਲਾ ਪੱਧਰ ’ਤੇ ਟੀਮਾਂ ਦਾ ਗਠਨ ਕੀਤਾ ਜਾਵੇਗਾ। ਉਨਾਂ ਕਿਹਾ ਕਿ ਉਪ ਮੰਡਲ ਮੈਜਿਸਟਰੇਟ ਨੂੰ  ਹਦਾਇਤ ਕੀਤੀ ਗਈ ਹੈ ਕਿ ਆਪੋ ਆਪਣੀਆਂ ਸਬ ਡਵੀਜ਼ਨਾਂ ਵਿੱਚ ਦੁਕਾਨਦਾਰਾਂ ਖ਼ਾਸ ਕਰ ਵਪਾਰ ਮੰਡਲ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਬੋਰਡਾਂ ’ਤੇ ਪੰਜਾਬੀ ਭਾਸ਼ਾ ਨੂੰ ਪਹਿਲ ਦੇਣੀ ਯਕੀਨੀ ਬਣਾਈ ਜਾਵੇ। ਜਾਗਰੂਕਤਾ ਰੈਲੀ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਰਣਜੋਧ ਸਿੰਘ ਵੀ ਹਾਜ਼ਰ ਸਨ।