Sangrur News: ਸੰਗਰੂਰ 'ਚ ਲੁੱਟ ਦੀਆਂ ਵਾਰਦਾਤਾਂ ਲਗਤਾਰ ਵਧ ਰਹੀਆਂ ਹਨ। ਦੋ ਦਿਨ ਪਹਿਲਾਂ ਦੁਕਾਨ ਬੰਦ ਕਰਕੇ ਘਰ ਜਾ ਰਹੇ ਦੁਕਾਨਦਾਰ ਤੋਂ ਬਾਈਕ ਸਵਾਰਾਂ ਨੇ 1,7,0000 ਦੀ ਨਕਦੀ ਖੋਹ ਲਈ ਸੀ। ਇਸ ਮਾਮਲੇ ਦੀ ਚਰਚਾ ਅਜੇ ਚੱਲ ਰਹੀ ਸੀ ਕਿ ਕੱਲ੍ਹ ਬੱਚੇ ਨੂੰ ਘੁੰਮਾਉਣ ਘਰੋਂ ਨਿਕਲੀ ਔਰਤ ਦੇ ਗਲੇ 'ਚੋਂ ਚੇਨ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇਹ ਹਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਗ੍ਰਹਿ ਜ਼ਿਲ੍ਹੇ ਦਾ ਹੈ।
ਹਾਸਲ ਜਾਣਕਾਰੀ ਮੁਤਾਬਕ ਪਿਛਲੇ ਦਿਨਾਂ 'ਚ ਦੋ ਦਰਜਨ ਦੇ ਕਰੀਬ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ। ਲੰਘੇ ਦਿਨੀਂ ਸਕੂਟਰੀ ਜਾ ਰਹੇ ਦੁਕਾਨਦਾਰ ਨੂੰ ਰਾਡ ਨਾਲ ਹੇਠਾਂ ਸੁੱਟ ਕੇ ਲੁਟੇਰੇ 1,70,000 ਰੁਪਏ ਲੁੱਟ ਕੇ ਫਰਾਰ ਹੋ ਗਏ। ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਇੱਕ ਘਟਨਾ ਹੋਰ ਵਾਪਰ ਗਈ। ਲੁਟੇਰਿਆਂ ਵੱਲੋਂ ਔਰਤ ਦੇ ਗਲੇ 'ਚੋਂ ਚੇਨ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੀ ਵੀਡੀਓ ਵਾਇਰਲ ਹੋ ਰਹੀ ਹੈ।
ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜਿਸ ਵਿੱਚ ਇੱਕ ਔਰਤ ਆਪਣੇ ਬੱਚੇ ਨੂੰ ਗਲੀ ਵਿੱਚ ਘੁੰਮਾ ਰਹੀ ਹੈ। ਉਸ ਦੇ ਪਿੱਛੇ ਇੱਕ ਨਕਾਬਪੋਸ਼ ਵਿਅਕਤੀ ਹੈ, ਜੋ ਉਸ ਦੇ ਗਲੇ 'ਚੋਂ ਚੇਨ ਖੋਹਣ ਦੀ ਫਰਾਕ 'ਚ ਹੈ ਪਰ ਔਰਤ ਦੀ ਸਮਝਦਾਰੀ ਤੇ ਘਰ ਨੇੜੇ ਹੋਣ ਕਾਰਨ ਚੇਨ ਤਾਂ ਬਚ ਗਈ ਪਰ ਸੀਸੀਟੀਵੀ ਤਸਵੀਰਾਂ 'ਚ ਸਾਫ ਹੈ ਕਿ ਮੁੱਖ ਮੰਤਰੀ ਦੇ ਗ੍ਰਹਿ ਜ਼ਿਲ੍ਹੇ 'ਚ ਵੀ ਕੋਈ ਸੇਫ ਨਹੀਂ।
ਇਸ ਬਾਰੇ ਮਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਲੜਕਾ ਰੋ ਰਿਹਾ ਸੀ। ਉਹ ਖਾਣਾ ਬਣਾ ਕੇ ਸਵੇਰੇ 9 ਵਜੇ ਦੇ ਕਰੀਬ ਬੱਚੇ ਨੂੰ ਲੈ ਕੇ ਸੈਰ ਕਰਨ ਲਈ ਘਰੋਂ ਨਿਕਲੀ ਤਾਂ ਬਾਈਕ 'ਤੇ ਤਿੰਨ ਲੜਕੇ ਬੈਠੇ ਵੇਖੇ। ਇੱਕ ਨੇ ਚਿਹਰਾ ਢੱਕਿਆ ਹੋਇਆ ਸੀ। ਉਸ ਨੂੰ ਕੁਝ ਸ਼ੱਕ ਹੋਇਆ। ਉਹ ਘਰ ਵੱਲ ਨੂੰ ਚੱਲ ਪਈ। ਉਨ੍ਹਾਂ ਨੇ ਉਸ ਦਾ ਪਿੱਛਾ ਕੀਤਾ, ਜਦੋਂ ਉਹ ਘਰ ਨੇੜੇ ਪਹੁੰਚੀ ਤਾਂ ਉਨ੍ਹਾਂ ਨੇ ਉਸ ਦੇ ਗਲੇ ਵਿੱਚ ਪਈ ਚੇਨ ਖੋਹਣ ਦੀ ਕੋਸ਼ਿਸ਼ ਕੀਤੀ। ਉਸ ਨੇ ਰੌਲਾ ਪਾ ਦਿੱਤਾ ਤੇ ਜਦੋਂ ਗੁਆਂਢੀ ਤੇ ਪਰਿਵਾਰਕ ਮੈਂਬਰ ਬਾਹਰ ਆ ਗਏ ਤਾਂ ਉਹ ਭੱਜ ਗਏ।