Sangrur News : ਸੰਗਰੂਰ ਵਿਜੀਲੈਂਸ ਦੀ ਟੀਮ ਨੇ ਭਵਾਨੀਗੜ੍ਹ ਥਾਣੇ ਵਿੱਚ ਤਾਇਨਾਤ ASI ਸੁਖਦੇਵ ਸਿੰਘ ਨੂੰ 8000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਹੈ। ASI ਸੁਖਦੇਵ ਸਿੰਘ ਨੇ 10 ਹਜ਼ਾਰ ਰੁਪਏ ਰਿਸ਼ਵਤ ਵਜੋਂ ਮੰਗੇ ਸੀ ਪਰ ਸ਼ਿਕਾਇਤਕਰਤਾ ਨੇ ਪਹਿਲਾਂ 2000 ਦਿੱਤੇ ਅਤੇ ਅੱਜ 8000 ਰੁਪਏ ਦੇਣ ਸਮੇਂ ਵਿਜੀਲੈਂਸ ਟੀਮ ਨੇ ਟ੍ਰੈਪ ਲਗਾ ਕੇ ਉਸਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਹੈ। 

 

ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਹਰਦਮ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਰਾਮਪੁਰਾ ਤਹਿ.ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਦਾ ਕਰੀਬ 15 ਦਿਨ ਪਹਿਲਾਂ ਉਸਦੇ ਪਿੰਡ ਦੇ ਮਲਕੀਤ ਸਿੰਘ ਪੁੱਤਰ ਨੇਕ ਸਿੰਘ ਨਾਲ ਝਗੜਾ ਹੋ ਗਿਆ ਸੀ। ਜਿਸ ਨੇ ਉਸਨੂੰ ਭਰੀ ਪੰਚਾਇਤ ਵਿੱਚ ਗਾਲਾਂ ਕੱਢੀਆਂ ਅਤੇ ਉਸਨੂੰ ਨਜਾਇਜ ਅਸਲੇ ਨਾਲ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸੀ।  ਜਿਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਥਾਣਾ ਭਵਾਨੀਗੜ੍ਹ ਵਿਖੇ ਐਸ.ਐਚ.ਓ. ਨੂੰ ਸ਼ਿਕਾਇਤ ਕੀਤੀ  ,ਜਿਸ ਨੇ ਉਸਨੂੰ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਪਰ ਜਦੋਂ ਕੋਈ ਮੁਲਾਜ਼ਮ ਕਾਰਵਾਈ ਕਰਨ ਲਈ ਨਹੀਂ ਆਇਆ ਤਾਂ ਉਹ ਫਿਰ ਥਾਣਾ ਭਵਾਨੀਗੜ੍ਹ ਵਿਖੇ ਗਿਆ। 

 

ਉੱਥੇ ਉਹ ਏ.ਐਸ.ਆਈ. ਸੁਖਦੇਵ ਸਿੰਘ ਮਿਲਿਆ ,ਜਿਸ ਨੇ ਉਸਦੀ ਕੰਪਿਊਟਰ 'ਤੇ ਦਰਖਾਸਤ ਲਿਖਕੇ ਪ੍ਰਿੰਟ ਕੱਢ ਕੇ ਉਸਦੇ ਦਸਤਖਤ ਕਰਵਾ ਲਏ ਅਤੇ ਉਸਨੂੰ ਗੱਲਾਂ ਗੱਲਾਂ ਵਿੱਚ ਕਿਹਾ ਕਿ ਜੇਕਰ ਤੁਸੀਂ ਦਰਖਾਸਤ 'ਤੇ ਕਾਰਵਾਈ ਕਰਵਾਉਣੀ ਹੈ ਤਾਂ 10000/-ਰੁਪੈ ਰਿਸ਼ਵਤ ਦੇ ਦੇਣੇ ਪੈਣਗੇ ਤਾਂ  ਸ਼ਿਕਾਇਤਕਰਤਾ ਨੇ ਉਸ ਨੂੰ ਕਿਹਾ ਕਿ ਇਹ ਰਕਮ ਤਾਂ ਬਹੁਤ ਜ਼ਿਆਦਾ ਹੈ ,ਮੈਂ ਗਰੀਬ ਆਦਮੀ ਹਾਂ ਤਾਂ ਉਸ ਨੇ ਕਿਹਾ ਕਿ ਇਸ ਤੋਂ ਘੱਟ ਨਹੀਂ ਹੋਣੇ। ਮਦੱਈ ਨੇ ਉਸ ਨੂੰ ਕਿਹਾ ਕਿ ਮੈਂ ਕੋਈ ਇੰਤਜ਼ਾਮ ਕਰਦਾ ਹਾਂ ਤਾਂ ਉਸ ਨੇ ਕਿਹਾ ਕਿ ਤੂੰ ਕੱਲ੍ਹ ਨੂੰ 10000/-ਰੁਪੈ ਲੈ ਕੇ ਮੇਰੇ ਕੋਲ ਆ ਜਾਵੀਂ। 

 

ਸ਼ਿਕਾਇਤਕਰਤਾ ਫਿਰ ਥਾਣਾ ਭਵਾਨੀਗੜ੍ਹ ਵਿਖੇ ਜਾ ਕੇ ਏਐਸਆਈ ਸੁਖਦੇਵ ਸਿੰਘ ਨੂੰ ਮਿਲਿਆ ਤਾਂ ਉਸ ਨੇ ਫਿਰ ਸ਼ਿਕਾਇਤਕਰਤਾ ਪਾਸੋਂ ਰਿਸਵਤ ਦੀ ਮੰਗ ਕੀਤੀ ਤਾਂ ਉਸ ਸਮੇਂ ਸ਼ਿਕਾਇਤਕਰਤਾ ਕੋਲ 2000/-ਰੁਪੈ ਹੀ ਸਨ ,ਜੋ  ਸ਼ਿਕਾਇਤਕਰਤਾ ਨੇ ਮਜਬੂਰੀ ਬਸ ਏਐਸਆਈ ਸੁਖਦੇਵ ਸਿੰਘ ਨੂੰ ਦੇ ਦਿੱਤੇ ਤਾਂ ਉਸ ਨੇ 2000/-ਰੁਪੈ ਲੈ ਕੇ 8000/-ਰੁਪੈ 19 ਜੁਲਾਈ ਨੂੰ ਦੇਣ ਲਈ ਕਿਹਾ ਸੀ। 

 

ਏਐਸਆਈ ਸੁਖਦੇਵ ਸਿੰਘ ਥਾਣਾ ਭਵਾਨੀਗੜ ਨੂੰ ਮੁਦੱਈ ਹਰਦਮ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਰਾਮਪੁਰਾ ਤਹਿ.ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਪਾਸੋਂ ਉਸਦੀ ਦਰਖਾਸਤ 'ਤੇ ਕਾਰਵਾਈ ਕਰਨ ਬਦਲੇ 8000/-ਰਿਸਵਤ ਲੈਂਦੇ ਨੂੰ ਅੱਜ ਮਿਤੀ 17.07.23 ਨੂੰ ਸਰਕਾਰੀ ਗਵਾਹਾ ਦੀ ਹਾਜਰੀ ਵਿੱਚ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਹੈ। ਤਫਤੀਸ਼ ਜਾਰੀ ਹੈ।