Punjab Politics: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜ਼ਿਲ੍ਹੇ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 8 ਹੋ ਗਈ ਹੈ। ਇਨ੍ਹਾਂ ਵਿੱਚੋਂ 4 ਦੀ ਮੌਤ ਮੰਗਲਵਾਰ ਰਾਤ ਹੀ ਹੋ ਗਈ ਤੇ 4 ਲੋਕਾਂ ਦੀ ਹੁਣ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਤੇ ਨਿਸ਼ਾਨੇ ਸਾਧੇ ਗਏ ਹਨ।
ਪਰਮਿੰਦਰ ਢੀਂਡਸਾ ਨੇ ਸਰਕਾਰ ਤੋਂ ਪੁੱਛੇ ਸਵਾਲ
ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਤੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਆਪ ਨੂੰ ਇਮਾਨਦਾਰਾਂ ਦੀ ਸਰਕਾਰ ਕਹਾਉਂਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੀ ਸੰਗਰੂਰ ਨੂੰ ਆਪ ਦੀ ਰਾਜਧਾਨੀ ਕਹਿੰਦੇ ਹਨ। ਮੁੱਖ ਮੰਤਰੀ ਦੇ ਆਪਣੇ ਜ਼ਿਲ੍ਹੇ ਅਤੇ ਕਰ ਅਤੇ ਆਬਕਾਰੀ ਮੰਤਰੀ ਦੇ ਹਲਕੇ ਦੇ ਪਿੰਡ ਗੁੱਜਰਾਂ ਵਿੱਚ ਸ਼ਰੇਆਮ ਹਰਿਆਣਾ ਦੀ ਨਜਾਇਜ਼ ਸ਼ਰਾਬ ਵਿਕ ਰਹੀ ਹੈ।
ਇੱਕ-ਇੱਕ ਕਰੋੜ ਦੀ ਦਿੱਤੀ ਜਾਵੇ ਮੁਆਵਜ਼ਾ ਰਾਸ਼ੀ
ਇਸ ਮੌਕੇ ਢਾੀਂਡਸਾ ਨੇ ਦੋਸ਼ੀਆਂ ਦੇ ਨਾਲ ਹੀ ਇਸ ਵਿੱਚ ਲੁਪਤ ਅਫ਼ਸਰਾਂ 'ਤੇ ਸਖਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮੌਕੇ ਢੀਂਡਸਾ ਨੇ ਮੰਗ ਕੀਤੀ ਕਿ ਹਾਦਸੇ ਵਿੱਚ ਮਾਰੇ ਜਾਣ ਵਾਲੇ ਲੋਕਾਂ ਨੂੰ ਇੱਕ-ਇੱਕ ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ਜਿਸ ਦੇ ਨਤੀਜੇ ਵਜੋਂ ਇਹ ਹਾਦਸਾ ਵਾਪਰਿਆ ਹੈ। ਸਰਕਾਰ ਵੱਲੋਂ ਬਣਾਈ ਜਾਣ ਵਾਲੀ ਜਾਂਚ ਕਮੇਟੀ ਸਿਰਫ਼ ਖ਼ਾਨਾਪੂਰਤੀ ਲਈ ਹੀ ਹੈ।
ਮੌਤਾਂ ਤੋਂ ਬਾਅਦ ਟੱਪੇ ਗਾਉਣੇ ਸ਼ੋਭਦੇ ਨਹੀਂ
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਜੀ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਅਤੇ ਜਦ ਪੰਜਾਬ ਵਿੱਚ ਤੁਹਾਡੇ ਆਪਣੇ ਜ਼ਿਲੇ ਸੰਗਰੂਰ ਵਿਚ 8 ਮੌਤਾਂ ਜਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਹੋਣ ਤੇ ਤੁਹਾਡੇ ਵੱਲੋਂ ਟੱਪੇ ਗਾਏ ਜਾਣੇ ਸ਼ੋਭਦੇ ਨਹੀਂ। ਸੂਬਾ ਮੁੱਖੀ ਹੋਣ ਦੀ ਜ਼ਿੰਮੇਵਾਰੀ ਨਿਭਾਉ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰੋ ਨਾ ਕਿ ਆਪਣੇ ਰੰਗਾਰੰਗ ਪ੍ਰੋਗਰਾਮ ਵਿਚ ਮਸਤੀ ਕਰੋਂ