Sangrur News: ਬਰਨਾਲਾ-ਲੁਧਿਆਣਾ ਰਾਜ ਮਾਰਗ 'ਤੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਦੇਰ ਸ਼ਾਮ ਵਾਪਰੇ ਇਸ ਸੜਕ ਹਾਦਸੇ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਗੰਭੀਰ ਜ਼ਖਮੀ ਹੋ ਗਿਆ। ਇਹ ਹਾਦਸਾ ਪਿਕਅੱਪ ਗੱਡੀ ਉੱਪਰ ਕੰਟੇਨਰ ਪਲਟ ਜਾਣ ਕਰਕੇ ਹੋਇਆ। ਲੋਕਾਂ ਨੇ ਟੋਲ ਕੰਪਨੀ ਖਿਲਾਫ ਗੁੱਸਾ ਜ਼ਾਹਰ ਕੀਤਾ ਹੈ। ਮੌਕੇ 'ਤੇ ਟੋਲ ਕੰਪਨੀ ਵੱਲੋਂ ਕੋਈ ਮਦਦ ਨਹੀਂ ਕੀਤੀ ਗਈ।


ਹਾਸਲ ਜਾਣਕਾਰੀ ਮੁਤਾਬਕ ਕੰਟੇਨਰ ਪਿਕਅੱਪ ਗੱਡੀ 'ਤੇ ਡਿੱਗਣ ਕਾਰਨ ਇੱਕ ਵਾਹਨ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਗੱਡੀ ਵਿੱਚ ਸਵਾਰ ਦੋ ਵਿਅਕਤੀ ਕੰਟੇਨਰ ਦੇ ਹੇਠਾਂ ਆ ਗਏ। ਉਨ੍ਹਾਂ ਨੂੰ ਕੰਟੇਨਰ ਹੇਠੋਂ ਬਾਹਰ ਕੱਢਣ ਵਿੱਚ ਦੋ ਘੰਟੇ ਲੱਗ ਗਏ। ਬਰਨਾਲਾ ਤੋਂ ਜੇਸੀਬੀ ਮਸ਼ੀਨ ਮੰਗਵਾ ਕੇ ਗੱਡੀ ’ਚੋਂ ਕੰਟੇਨਰ ਹਟਾਇਆ ਗਿਆ। ਦੋ ਜ਼ਖ਼ਮੀਆਂ ਵਿੱਚੋਂ ਇੱਕ ਦੀ ਹਸਪਤਾਲ ਵਿੱਚ ਮੌਤ ਹੋ ਗਈ।



ਇਸ ਮੌਕੇ ਚਸ਼ਮਦੀਦਾਂ ਨੇ ਦੱਸਿਆ ਕਿ ਕੱਲ੍ਹ ਸ਼ਾਮ ਬਰਨਾਲਾ-ਲੁਧਿਆਣਾ ਰੋਡ 'ਤੇ ਕਸਬਾ ਮਹਿਲ ਕਲਾਂ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ। ਲੁਧਿਆਣਾ ਸਾਈਡ ਤੋਂ ਇੱਕ ਮਹਿੰਦਰਾ ਪਿਕਅੱਪ ਗੱਡੀ ਸੜਕ 'ਤੇ ਆ ਰਹੀ ਸੀ। ਵਾਹਨ ਚਾਲਕ ਸਾਹਮਣੇ ਤੋਂ ਆ ਰਹੀ ਤੂੜੀ ਵਾਲੀ ਟਰੈਕਟਰ ਟਰਾਲੀ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸੇ ਦੌਰਾਨ ਸਾਹਮਣੇ ਤੋਂ ਇੱਕ ਕੰਟੇਨਰ ਆ ਰਿਹਾ ਸੀ। ਗੱਡੀ ਨੂੰ ਟੱਕਰ ਮਾਰਨ ਤੋਂ ਬਚਦੇ ਹੋਏ ਕੰਟੇਨਰ ਗੱਡੀ 'ਤੇ ਪਲਟ ਗਿਆ। 


ਇਸ ਕਾਰਨ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂਕਿ ਕੰਟੇਨਰ ਹੇਠਾਂ ਆਉਣ ਵਾਲੀ ਗੱਡੀ ਵਿੱਚ ਦੋ ਵਿਅਕਤੀ ਫਸ ਗਏ। ਪਹਿਲਾਂ ਨੇੜਲੇ ਪਿੰਡਾਂ ਦੇ ਲੋਕਾਂ ਨਾਲ ਮਿਲ ਕੇ ਟਰੈਕਟਰਾਂ ਨਾਲ ਕੰਟੇਨਰ ਨੂੰ ਗੱਡੀ ਦੇ ਉਪਰੋਂ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਬਾਅਦ ਵਿੱਚ ਗੱਡੀ ਤੋਂ ਕੰਟੇਨਰ ਹਟਾਉਣ ਲਈ ਬਰਨਾਲਾ ਤੋਂ ਜੇਸੀਬੀ ਮਸ਼ੀਨ ਮੰਗਵਾਈ ਗਈ ਤੇ ਉਸ ਤੋਂ ਬਾਅਦ ਦੋ ਜ਼ਖ਼ਮੀਆਂ ਨੂੰ ਗੱਡੀ ਵਿੱਚੋਂ ਬਾਹਰ ਕੱਢਿਆ ਗਿਆ, ਜਿਨ੍ਹਾਂ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਸੀ। 


ਲੋਕਾਂ ਨੇ ਸੜਕ ’ਤੇ ਲੱਗੇ ਟੋਲ ਪਲਾਜ਼ਾ ਪ੍ਰਬੰਧਕਾਂ ਖ਼ਿਲਾਫ਼ ਗੁੱਸਾ ਪ੍ਰਗਟ ਕਰਦਿਆਂ ਕਿਹਾ ਕਿ ਟੋਲ ਕੰਪਨੀ ਇਸ ਸੜਕ ’ਤੇ ਰਾਹਗੀਰਾਂ ਤੋਂ ਟੋਲ ਪਰਚੀ ਤਾਂ ਕੱਟ ਰਹੀ ਹੈ, ਪਰ ਲੋੜ ਪੈਣ ’ਤੇ ਕੋਈ ਸਹੂਲਤ ਨਹੀਂ ਦਿੰਦੀ। ਦੋ ਘੰਟੇ ਤੱਕ ਚੱਲੀ ਇਸ ਹਫੜਾ-ਦਫੜੀ ਦੌਰਾਨ ਟੋਲ ਕੰਪਨੀ ਦਾ ਇੱਕ ਵੀ ਅਧਿਕਾਰੀ ਮੌਕੇ ’ਤੇ ਨਹੀਂ ਪੁੱਜਿਆ। ਟੋਲ ਮੁਲਾਜ਼ਮਾਂ ਨੇ ਵੀ ਕਿਸੇ ਮਸ਼ੀਨਰੀ ਦੀ ਮਦਦ ਨਹੀਂ ਕੀਤੀ। 



ਇਸ ਸਬੰਧੀ ਮ੍ਰਿਤਕ ਦੇ ਰਿਸ਼ਤੇਦਾਰ ਨਿਰਭੈ ਸਿੰਘ ਨੇ ਦੱਸਿਆ ਕਿ ਇਸ ਸੜਕ ਹਾਦਸੇ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਪੁੱਤਰ ਭੁਪਿੰਦਰ ਸਿੰਘ ਤੇ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਹੈ। ਜਦਕਿ ਇੱਕ ਵਿਅਕਤੀ ਦੀ ਲੱਤ ਟੁੱਟ ਗਈ ਹੈ। ਉਸ ਨੇ ਦੱਸਿਆ ਕਿ ਕੰਟੇਨਰ ਗੱਡੀ 'ਤੇ ਡਿੱਗਣ ਨਾਲ ਕਾਰ 'ਚ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ। 



ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਸ਼ਾਮ 5.30 ਵਜੇ ਬਰਨਾਲਾ ਲੁਧਿਆਣਾ ਰੋਡ 'ਤੇ ਵੱਡਾ ਸੜਕ ਹਾਦਸਾ ਵਾਪਰਿਆ। ਕੰਟੇਨਰ ਗੱਡੀ 'ਤੇ ਡਿੱਗ ਗਿਆ, ਜਿਸ ਕਾਰਨ ਆਵਾਜਾਈ ਵਿੱਚ ਸਮੱਸਿਆ ਆਈ। ਇਸ ਹਾਦਸੇ 'ਚ ਇੱਕ ਵਿਅਕਤੀ ਦੋ ਮੌਤਾਂ ਹੋ ਗਈਆਂ, ਜਦਕਿ ਇੱਕ ਜਣਾ ਜ਼ਖਮੀ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਕੰਟੇਨਰ ਵਿੱਚੋਂ ਬਾਹਰ ਕੱਢਣ ਵਿੱਚ ਡੇਢ ਘੰਟਾ ਲੱਗ ਗਿਆ। ਇਹ ਵੱਡੀ ਕ੍ਰੇਨ ਤੇ ਆਲੇ-ਦੁਆਲੇ ਦੇ ਲੋਕਾਂ ਦੀ ਮਦਦ ਨਾਲ ਸੰਭਵ ਹੋਇਆ।