Sangrur News: ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਕੂਚ ਕਰਨ ਤੋਂ ਪਹਿਲਾਂ ਹਰਿਆਣਾ ਦੀ ਪੁਲਿਸ ਐਕਸ਼ਨ ਮੋਡ ਵਿੱਚ ਆ ਗਈ ਹੈ। ਇਸ ਲਈ ਹਰਿਆਣਾ ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ ਖਨੌਰੀ ਬਾਰਡਰ ਰਾਹੀਂ ਦਿੱਲੀ ਜਾਣ ਤੋਂ ਰੋਕਣ ਲਈ ਤਿਆਰੀਆਂ ਖਿੱਚ ਲਈਆਂ ਹਨ। ਪੁਲਿਸ ਵੱਲੋਂ ਸੰਗਰੂਰ-ਦਿੱਲੀ ਮੁੱਖ ਮਾਰਗ 'ਤੇ ਸਥਿਤ ਕਸਬਾ ਖਨੌਰੀ ਨੇੜੇ ਲੋਹੇ ਦੇ ਬੈਰੀਕੇਡ ਤੇ ਮੁੱਖ ਮਾਰਗ ਦੇ ਕਿਨਾਰੇ ਪਈਆਂ ਸੀਮਿੰਟ ਦੀਆਂ ਸਲੈਬਾਂ ਰੱਖੀਆਂ ਗਈਆਂ ਹਨ।
ਦੱਸ ਦਈਏ ਕਿ 13 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਗਿਆ ਹੈ। ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਤੇ ਕਈ ਹੋਰ ਜਥੇਬੰਦੀਆਂ ਵੱਲੋਂ ਕਿਸਾਨਾਂ ਦੀਆਂ ਹੱਕੀ ਮੰਗਾਂ ਸਬੰਧੀ ਦਿੱਲੀ ਕੂਚ ਕਰਨ ਦੇ ਸੱਦੇ 'ਤੇ ਕਿਸਾਨ ਆਗੂਆਂ ਵੱਲੋਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਲਾਮਬੰਦ ਕਰਕੇ ਤਿਆਰੀਆਂ ਅਰੰਭੀਆਂ ਹੋਈਆਂ ਹਨ।
ਦੱਸ ਦਈਏ ਕਿ ਕਰੀਬ ਤਿੰਨ ਸਾਲ ਪਹਿਲਾਂ ਵੀ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਸੂਬੇ ਦੇ ਵੱਡੀ ਗਿਣਤੀ ਵਿੱਚ ਕਿਸਾਨ ਆਪਣੇ ਟਰੈਕਟਰਾਂ ਤੇ ਕਾਰਾਂ-ਜੀਪਾਂ 'ਤੇ ਸਵਾਰ ਹੋ ਕੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿੱਚ ਰੋਸ ਧਰਨਾ ਦੇਣ ਲਈ ਖਨੌਰੀ ਬਾਰਡਰ 'ਤੇ ਪਹੁੰਚੇ ਸਨ। ਉਸ ਵੇਲੇ ਵੀ ਹਰਿਆਣਾ ਪੁਲਿਸ ਵੱਲੋਂ ਬਾਰਡਰ ਪੂਰੀ ਤਰ੍ਹਾਂ ਸੀਲ ਕਰਕੇ ਕਿਸਾਨਾਂ ਨੂੰ ਹਰਿਆਣਾ 'ਚ ਦਾਖਲ ਹੋਣ ਤੋਂ ਦੋ-ਤਿੰਨ ਦਿਨ ਤੱਕ ਰੋਕੀ ਰੱਖਿਆ ਗਿਆ ਸੀ। ਪਰ 26 ਨਵੰਬਰ 2020 ਨੂੰ ਨੌਜਵਾਨ ਕਿਸਾਨਾਂ ਨੇ ਪੁਲਿਸ ਵੱਲੋਂ ਲਾਈਆਂ ਰੋਕਾਂ ਨੂੰ ਤੋੜ ਕੇ ਹਰਿਆਣਾ ਵਿੱਚ ਪ੍ਰਵੇਸ਼ ਕਰਦਿਆਂ ਦਿੱਲੀ ਵਿਖੇ ਪਹੁੰਚ ਕੇ ਟਿਕਰੀ ਬਾਰਡਰ 'ਤੇ ਧਰਨਾ ਲਾਇਆ ਗਿਆ ਸੀ।
ਇਸ ਵਾਰ ਫਿਰ ਕਿਸਾਨਾਂ ਨੂੰ ਪੰਜਾਬ ਤੇ ਹਰਿਆਣਾ ਦੀ ਹੱਦ ਉੱਪਰ ਰੋਕਣ ਲਈ ਅਗਾਊਂ ਵਿਉਂਤਬੰਦੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਤਹਿਤ ਹਰਿਆਣਾ ਸੂਬੇ ਦੀ ਪੁਲਿਸ ਵੱਲੋਂ ਸੰਗਰੂਰ-ਦਿੱਲੀ ਮੁੱਖ ਮਾਰਗ 'ਤੇ ਸੰਗਰੂਰ ਜ਼ਿਲ੍ਹੇ ਦੇ ਕਸਬਾ ਖਨੌਰੀ ਨੇੜੇ ਸਥਿਤ ਪੰਜਾਬ-ਹਰਿਆਣਾ ਬਾਰਡਰ 'ਤੇ ਬੈਰੀਕੇਡ ਤੇ ਸੀਮਿੰਟ ਦੀਆਂ ਵੱਡੀਆਂ-ਵੱਡੀਆਂ ਸਲੈਬਾਂ ਲਿਆ ਕੇ ਧਰ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ: Jasprit Bumrah: ਜਸਪ੍ਰੀਤ ਬੁਮਰਾਹ ਦੇ ਸਾਹਮਣੇ ਨਹੀਂ ਟਿਕ ਪਾ ਰਹੇ ਬੇਨ ਸਟੋਕਸ, ਸਾਬਕਾ ਕਪਤਾਨ ਨੇ ਦੱਸਿਆ ਕਿਉਂ ਹੋ ਰਹੇ ਫੇਲ
ਇਸ ਨਾਲ ਪੰਜਾਬ ਤੇ ਹਰਿਆਣਾ ਨੂੰ ਆਪਸ ਵਿੱਚ ਜੋੜਨ ਵਾਲੇ ਇਸ ਬਾਰਡਰ 'ਤੇ ਨਵੰਬਰ 2020 ਵਿੱਚ ਹੋਏ ਘਟਨਾਕ੍ਰਮ ਦੀਆਂ ਯਾਦਾਂ ਇੱਕ ਵਾਰ ਫਿਰ ਤਾਜ਼ਾ ਹੋ ਗਈਆਂ ਹਨ। ਇਸ ਸਬੰਧੀ ਜਦੋਂ ਹਰਿਆਣਾ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਅਜੇ ਕੋਈ ਆਦੇਸ਼ ਨਹੀਂ ਆਏ।
ਇਹ ਵੀ ਪੜ੍ਹੋ: JEE Mains 2024: ਸੈਸ਼ਨ 1 ਦੀ Answer key ਜਾਰੀ, ਫਟਾਫਟ ਇੰਝ ਕਰੋ ਚੈੱਕ