Sangrur News:  ਸੰਗਰੂਰ ਦੇ ਮੂਨਕ ਇਲਾਕੇ ਦੇ ਪਿੰਡ ਫੁਲਦ ਨੇੜੇ ਘੱਗਰ ਦਰਿਆ ਦਾ ਬੰਨ੍ਹ ਜੋ ਕਿ 2 ਹਫਤੇ ਪਹਿਲਾਂ ਟੁੱਟਿਆ ਸੀ ਉਹ ਅਜੇ ਤੱਕ ਵੀ ਨਹੀਂ ਭਰਿਆ ਗਿਆ ਹੈ। ਪਿੰਡ ਦੇ ਲੋਕਾਂ ਨੇ ਖੁਦ ਹੀ ਮਿੱਟੀ ਦੀਆਂ ਬੋਰੀਆਂ ਭਰ ਕੇ ਇਸ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਕੋਈ ਮਦਦ ਨਹੀਂ ਮਿਲੀ।


ਸੰਗਰੂਰ ਦੇ ਮੂਨਕ ਇਲਾਕੇ ਵਿੱਚ ਘੱਗਰ ਨਦੀ ਦੋ ਹਫਤਿਆਂ ਤੋਂ ਨੁਕਸਾਨ ਕਰ ਰਹੀ ਹੈ ।ਘੱਗਰ ਨਦੀ ਦੇ ਬੰਨ੍ਹ ਕਰੀਬ 55 ਥਾਵਾਂ ਤੋਂ ਟੁੱਟ ਚੁੱਕੇ ਹਨ ਅਤੇ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਚੁੱਕੀ ਹੈ। ਇਸ ਵਿੱਚ ਵੱਡੀ ਫਿਕਰ ਦੀ ਗੱਲ ਇਹ ਹੈ ਕਿ ਜੋ ਬੰਨ੍ਹ ਪਹਿਲਾਂ ਟੁੱਟੇ ਸਨ ਉਨ੍ਹਾਂ ਦੀ ਚੌੜਾਈ 200 ਫੁੱਟ ਤੋਂ ਵੀ ਜ਼ਿਆਦਾ ਦੀ ਹੋ ਗਈ ਹੈ ਤੇ ਇਨ੍ਹਾਂ ਨੂੰ ਅਜੇ ਤੱਕ ਭਰਿਆ ਨਹੀਂ ਗਿਆ ਹੈ।


ਦੱਸ ਦਈਏ ਕਿ ਕਿਸਾਨ ਖ਼ੁਦ ਹੀ ਬੰਨ੍ਹ ਨੂੰ ਭਰਨ ਵਿੱਚ ਲੱਗੇ ਹੋਏ ਹਨ। ਇਸ ਮੌਕੇ ਕਿਸਾਨਾਂ ਨੇ ਪ੍ਰਸ਼ਾਸਨ ਖ਼ਿਲਾਫ਼ ਨਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਦਦ ਲਈ ਕੋਈ ਵੀ ਨਹੀਂ ਆਇਆ ਹੈ ਜੇ ਉਨ੍ਹਾਂ ਨੇ ਇਹ ਬੰਨ੍ਹ ਨਾ ਬੰਦ ਕੀਤਾ ਤਾਂ ਉਨ੍ਹਾਂ ਦੇ ਖੇਤਾਂ ਵਿੱਚ ਕੋਈ ਵੀ ਫ਼ਸਲ ਨਹੀਂ ਹੋਵੇਗੀ। ਇਸ ਮੌਕੇ ਪਿੰਡ ਦੇ ਲੋਕ ਜੁਗਾੜੂ ਕਿਸ਼ਤੀ ਰਾਹੀਂ ਇੱਕ ਪਾਸੇ ਤੋਂ ਦੂਜੇ ਪਾਸੇ ਜਾ ਰਹੇ ਹਨ ਜਿੱਥੇ ਮਿੱਟੀ ਦੀਆਂ ਬੋਰੀਆਂ ਭਰ ਤੇ ਰੱਖੀਆਂ ਗਈਆਂ ਹਨ ਤਾਂ ਜੋ ਪਾੜ ਨੂੰ ਭਰਿਆ ਜਾ ਸਕੇ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਹੁਣ ਘੱਗਰ ਦਾ ਪਾਣੀ ਕਈ ਫੁੱਟ ਤੱਕ ਘਟਿਆ ਹੈ ਤੇ ਉਨ੍ਹਾਂ ਨੂੰ ਡਰ ਹੈ ਕਿ ਜੇ ਦੁਬਾਰਾ ਮੀਂਹ ਪੈ ਗਿਆ ਤਾਂ ਇੱਕ ਵਾਰ ਮੁੜ ਤੋਂ ਹੜ੍ਹ ਆ ਜਾਵੇਗਾ ।


ਇਸ ਮੌਕੇ ਪਿੰਡ ਵਾਲਿਆਂ ਨੇ ਕਿਹਾ ਕਿ ਜਦੋਂ 2 ਹਫ਼ਤੇ ਪਹਿਲਾਂ ਬੰਨ੍ਹ ਟੁੱਟਿਆ ਸੀ ਸਿਰਫ਼ ਉਦੋਂ ਹੀ 2 ਦਿਨ ਇੱਥੇ ਪ੍ਰਸ਼ਾਸਨ ਆਇਆ ਸੀ। ਉਸ ਵੇਲੇ ਮਿਲਟਰੀ ਤੇ ਐਨਡੀਆਰੀਐਫ਼ ਦੀਆਂ ਟੀਮਾਂ ਨੇ ਵੀ ਪਾੜ ਭਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਵੀ 2 ਦਿਨ ਬਾਅਦ ਹੱਥ ਖੜ੍ਹੇ ਕਰਕੇ ਉੱਥੋਂ ਚਲੇ ਗਏ ਤੇ ਹੁਣ ਤੱਕ ਕੋਈ ਵੀ ਵਾਪਸ ਨਹੀਂ ਆਇਆ ਹੈ।


ਪਿੰਡ ਦੇ ਸਰਪੰਚ ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਜੋ ਮਿੱਟੀ ਦੀਆਂ ਬੋਰੀਆਂ ਉਹ ਭਰ ਕੇ ਲਿਆ ਰਹੇ ਹਨ ਉਹ ਵੀ ਮੁੱਲ ਲਈਆਂ ਜਾ ਰਹੀਆਂ ਹਨ। ਪ੍ਰਸ਼ਾਸਨ ਵੱਲੋਂ ਕੁਝ ਵੀ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਜੇ ਹੜ੍ਹ ਦਾ ਪਾਣੀ ਇਸੇ ਤਰ੍ਹਾਂ ਹੀ ਰਿਹਾ ਤਾਂ ਉਨ੍ਹਾਂ ਦੇ ਖੇਤਾਂ ਵਿੱਚ ਕੋਈ ਵੀ ਫ਼ਸਲ ਨਹੀਂ ਹੋਵੇਗੀ।