CM Bhagwant Mann -

  ਮੁੱਖ ਮੰਤਰੀ ਭਗਵੰਤ ਮਾਨ ਦਾ ਅੱਜ ਜਨਮ ਦਿਨ ਹੈ।  ਭਗਵੰਤ ਮਾਨ ਅੱਜ 50 ਸਾਲ ਦੇ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਅੱਜ ਆਪਣੇ ਜੱਦੀ ਪਿੰਡ ਸਤੌਜ ਵਿੱਚ ਹੀ ਰਹਿਣਗੇ। ਜਨਮਦਿਨ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਪੂਰਾ ਦਿਨ ਆਪਣੇ ਅਤੇ ਨਜਦੀਕੀ ਪਿੰਡਾਂ ਦੇ ਲੋਕਾਂ ਨੂੰ ਮਿਲਣਗੇ। 



ਭਗਵੰਤ ਮਾਨ ਦਾ ਕਾਮੇਡੀਅਨ ਤੋਂ ਸਿਆਸਤਦਾਨ ਤੱਕ ਦਾ ਸਫ਼ਰ ਸ਼ਾਨਦਾਰ ਰਿਹਾ ਹੈ। ਕਾਮੇਡੀਅਨ ਤੋਂ ਸਿਆਸਤਦਾਨ ਬਣੇ ਭਗਵੰਤ ਮਾਨ ਅੱਜ ਅਰਵਿੰਦ ਕੇਜਰੀਵਾਲ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਸਭ ਤੋਂ ਮਸ਼ਹੂਰ ਚਿਹਰਾ ਹੈ। 



ਭਗਵੰਤ ਮਾਨ ਦਾ ਜਨਮ 17 ਅਕਤੂਬਰ 1973 ਨੂੰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਸ਼ੀਮਾ ਮੰਡੀ ਨੇੜੇ ਪਿੰਡ ਸਤੋਜ ਵਿੱਚ ਹੋਇਆ ਸੀ।  ਉਹਨਾਂ ਦੇ ਪਿਤਾ ਪੇਸ਼ੇ ਤੋਂ ਅਧਿਆਪਕ ਸਨ ਅਤੇ ਉਹਨਾਂ ਦੀ ਮਾਤਾ ਹਰਪਾਲ ਕੌਰ ਇੱਕ ਘਰੇਲੂ ਔਰਤ ਹੈ। ਭਗਵੰਤ ਸਿੰਘ ਨੇ ਮੁੱਢਲੀ ਵਿੱਦਿਆ ਪਿੰਡ ਪਰੋਸੀ ਚੀਮਾ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ। 


ਅੱਗੇ ਦੀ ਪੜ੍ਹਾਈ ਲਈ ਉਸਨੇ ਊਧਮ ਸਿੰਘ ਕਾਲਜ ਤੋਂ 12ਵੀਂ ਪਾਸ ਕੀਤੀ ਅਤੇ ਉੱਚ ਪੱਧਰੀ ਪੜ੍ਹਾਈ ਲਈ ਬੀ.ਕਾਮ ਕਰਨ ਲਈ ਇਸੇ ਕਾਲਜ ਵਿੱਚ ਦਾਖਲਾ ਲਿਆ ਪਰ ਇੱਕ ਸਾਲ ਬਾਅਦ 1992 ਵਿੱਚ ਉਹਨਾਂ ਨੇ ਆਪਣੀ ਪੜ੍ਹਾਈ ਛੱਡ ਦਿੱਤੀ। ਭਗਵੰਤ ਮਾਨ ਖੇਡਾਂ ਦੇ ਕ੍ਰਿਕਟ, ਹਾਕੀ ਅਤੇ ਫੁੱਟਬਾਲ ਮੈਚ ਦੇਖਣ ਦੇ ਕਾਫ਼ੀ ਸ਼ੌਕੀਨ ਹਨ।



 ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਜਨਮ ਦਿਨ ਮੌਕੇ ਪੰਜਾਬ ਭਰ ਵਿੱਚ ਹਰ ਜ਼ਿਲ੍ਹੇ ਵਿੱਚ ਖੂਨਦਾਨ ਕੈਂਪ ਲਾਏ ਜਾਣਗੇ।  ਇਸ ਸਬੰਧੀ ਜਾਣਕਾਰੀ ਦਿੰਦਿਆਂ ‘ਆਪ’ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ‘ਆਪ’ ਪੰਜਾਬ ਇਕਾਈ ਨੇ 17 ਅਕਤੂਬਰ ਨੂੰ ਮੁੱਖ ਮੰਤਰੀ ਮਾਨ ਦਾ ਜਨਮ ਦਿਨ ਮਨਾਉਣ ਲਈ ਖੂਨਦਾਨ ਕੈਂਪ ਲਾਉਣ ਦਾ ਫੈਸਲਾ ਕੀਤਾ ਹੈ।  ਉਨ੍ਹਾਂ 'ਆਪ' ਵਲੰਟੀਅਰਾਂ ਅਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਖੂਨਦਾਨ ਮਨੁੱਖਤਾ ਦੀ ਮਹਾਨ ਸੇਵਾ ਹੈ ਅਤੇ ਸਾਰੇ ਤੰਦਰੁਸਤ ਲੋਕਾਂ ਨੂੰ ਸਮੇਂ-ਸਮੇਂ 'ਤੇ ਖੂਨਦਾਨ ਕਰਨਾ ਚਾਹੀਦਾ ਹੈ।



 ਆਪ ਆਗੂ ਨੇ ਪਾਰਟੀ ਦੇ ਸਮੂਹ ਜ਼ਿਲ੍ਹਾ ਪ੍ਰਧਾਨਾਂ ਅਤੇ ਅਹੁਦੇਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਖੂਨਦਾਨ ਕੈਂਪ ਲਗਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦੇਣ। ਉਨ੍ਹਾਂ ਕਿਹਾ ਕਿ 'ਆਪ' ਪੰਜਾਬ ਦੇ ਸਾਰੇ ਵਰਕਰਾਂ ਨੂੰ ਮੰਗਵਾਰ ਨੂੰ (17 ਅਕਤੂਬਰ) ਖੂਨਦਾਨ ਕਰਨਾ ਚਾਹੀਦਾ ਹੈ, ਇਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ ਦਾ ਤੋਹਫਾ ਹੋਵੇਗਾ।