ਅਨਿਲ ਜੈਨ ਦੀ ਰਿਪੋਰਟ


Sangrur News: ਬੀਕੇ ਯੂ ਏਕਤਾ (ਉਗਰਾਹਾਂ) ਵੱਲੋਂ ਕੁਝ ਮਹੀਨੇ ਪਹਿਲਾਂ ਵੱਖ-ਵੱਖ ਦੋਸ਼ ਲਾਉਂਦਿਆਂ ਯੂਨੀਅਨ ਦੇ ਬਰਖਾਸਤ ਕੀਤੇ ਗਏ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਆਪਣੀ ਵੱਖਰੀ ਯੂਨੀਅਨ ਬੀਕੇਯੂ (ਆਜ਼ਾਦ ) ਬਣਾ ਲੈਣ ਤੋਂ ਬਾਅਦ ਦੋਵਾਂ ਯੂਨੀਅਨ ਵਿੱਚ ਤਕਰਾਰ ਦੇਖਣ ਨੂੰ ਮਿਲ ਰਿਹਾ ਹੈ। ਇਸ ਤਹਿਤ ਜਿੱਥੇ ਦੋਵਾਂ ਯੂਨੀਅਨਾਂ ਵੱਲੋਂ ਯੂਨੀਅਨ ਦੀ ਇੱਕ ਟਰੈਕਟਰ ਟਰਾਲੀ ਉਪਰ ਆਪਣਾ ਦਾਅਵਾ ਤੇ ਹੱਕ ਜਤਾਇਆ ਜਾ ਰਿਹਾ ਹੈ। 


ਜ਼ਿਕਰਯੋਗ ਹੈ ਕਿ ਸਬ ਡਿਵੀਜ਼ਨ ਮੂਨਕ ਦੇ ਪਿੰਡ ਗੋਬਿੰਦਪੁਰਾ ਪਾਪੜਾ ਵਿਖੇ ਉਗਰਾਹਾਂ ਯੂਨੀਅਨ ਦੀ ਇਕਾਈ ਵੱਲੋਂ ਦਿੱਲੀ ਸੰਘਰਸ਼ ਮੌਕੇ ਖਰੀਦੇ ਟਰੈਕਟਰ-ਟਰਾਲੀ ਨੂੰ ਲੈ ਕੇ ਦੋਵੇਂ ਯੂਨੀਅਨਾਂ ਵਿਚਕਾਰ ਪੈਦਾ ਹੋਇਆ ਟਕਰਾਅ ਸਿਖਰਾਂ 'ਤੇ ਹੈ। ਦੋਵੇਂ ਯੂਨੀਅਨਾਂ ਇੱਕ-ਦੂਜੇ ਤੇ ਟਰੈਕਟਰ- ਟਰਾਲੀ ਚੋਰੀ ਕਰਨ ਦੇ ਦੋਸ਼ ਲਾਉਂਦਿਆਂ ਪੁਲਿਸ ਕਾਰਵਾਈ ਦੀ ਮੰਗ ਕਰ ਰਹੀਆਂ ਹਨ। 


ਉਗਰਾਹਾਂ ਧੜੇ ਦੀ ਪਿੰਡ ਪਾਪੜਾ ਇਕਾਈ ਵੱਲੋਂ ਟਰੈਕਟਰ ਵੇਚੇ ਜਾਣ ਤੋਂ ਬਾਅਦ ਆਜ਼ਾਦ ਯੂਨੀਅਨ ਦੇ ਧੜੇ ਵੱਲੋਂ ਪੁਲਿਸ ਥਾਣੇ ਟਰੈਕਟਰ ਚੋਰੀ ਹੋਣ ਦੀ ਦਰਖਾਸਤ ਦੇ ਦਿੱਤੀ ਗਈ। ਦੂਜੇ ਪਾਸੇ ਉਗਰਾਹਾਂ ਗਰੁੱਪ ਵੱਲੋਂ ਟਰਾਲੀ ਨੂੰ ਕੁਝ ਵਿਅਕਤੀਆਂ ਵੱਲੋਂ ਕਬਜ਼ੇ ਵਿੱਚ ਲੈਣ ਤੇ ਚੋਰੀ ਹੋਣ ਦੀ ਦਰਖਾਸਤ ਦੇਣ ਤੋਂ ਬਾਅਦ ਮਾਮਲਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਉਗਰਾਹਾਂ ਗਰੁੱਪ ਵੱਲੋ ਡੀਐਸਪੀ ਦਫਤਰ ਤੇ ਥਾਣਾ ਮੂਨਕ ਦਾ ਮੁਕੰਮਲ ਘਰਾਓ ਕਰ ਦਿੱਤਾ ਗਿਆ ਹੈ ਜੋ ਲਗਾਤਾਰ ਜਾਰੀ ਹੈ।


ਦੂਸਰੇ ਪਾਸੇ ਆਜ਼ਾਦ ਯੂਨੀਅਨ ਵੱਲੋਂ ਵੀ ਟਰੈਕਟਰ ਚੋਰੀ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ 12 ਸਤੰਬਰ ਨੂੰ ਮੂਨਕ ਥਾਣੇ ਅੱਗੇ ਬਲਾਕ ਪੱਧਰੀ ਧਰਨਾ ਦੇ ਕੇ ਡੀਐਸਪੀ ਮੂਣਕ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਕਿ ਜੇਕਰ ਟਰਾਲੀ ਚੋਰੀ ਨੂੰ ਲੈ ਕੇ ਕਿਸੇ ਖਿਲਾਫ ਕੋਈ ਝੂਠਾ ਪਰਚਾ ਦਰਜ ਕੀਤਾ ਜਾਂਦਾ ਹੈ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵੱਡਾ ਸੰਘਰਸ਼ ਕਰਨ ਤੋਂ ਗੁਰੇਜ਼ ਨਹੀਂ ਕਰੇਗੀ। 


ਇਹ ਵੀ ਪੜ੍ਹੋ: Sangrur News: ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ 100 ਮੁਲਾਜ਼ਮਾਂ 'ਤੇ ਛਾਂਟੀ ਦੀ ਤਲਵਾਰ


ਉਕਤ ਟਰੈਕਟਰ ਟਰਾਲੀ ਦੇ ਮਾਮਲੇ ਨੂੰ ਲੈ ਕੇ ਜਿੱਥੇ ਦੋਵੇਂ ਯੂਨੀਅਨਾਂ ਵਿਚਕਾਰ ਟਕਰਾ ਵਧਦਾ ਜਾ ਰਿਹਾ ਹੈ, ਉੱਥੇ ਹੀ ਉਕਤ ਮਾਮਲਾ ਪ੍ਰਸ਼ਾਸਨ ਲਈ ਵੀ ਸਿਰਦਰਦੀ ਬਣਿਆ ਹੋਇਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ, ਪ੍ਰਸ਼ਾਸਨ ਤੇ ਦੋਵਾਂ ਯੂਨੀਅਨ ਦੇ ਸੂਝਵਾਨ ਆਗੂ ਮਿਲ ਬੈਠ ਕੇ ਉਕਤ ਮਾਮਲੇ ਨੂੰ ਹੱਲ ਕਰਨ ਵਿੱਚ ਕਾਮਯਾਬ ਹੋਣਗੇ ਜਾਂ ਦੋਵੇਂ ਧਿਰਾਂ ਇੱਕ ਦੂਜੇ ਖਿਲਾਫ ਮਾਮਲਾ ਦਰਜ ਕਰਵਾਉਣ ਲਈ ਇਸੇ ਤਰ੍ਹਾਂ ਮੈਦਾਨ ਵਿੱਚ ਡਟੀਆਂ ਰਹਿਣਗੀਆਂ।


ਉਕਤ ਮਾਮਲੇ ਤੇ ਬੀਕੇਯੂ ਉਗਰਾਹਾਂ ਦੇ ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਜਿਸ ਕਰਕੇ ਬੀਤੇ ਦਿਨ ਤੋਂ ਥਾਣੇ ਤੇ ਡੀਐਸਪੀ ਦਾ ਦਫਤਰ ਦਾ ਗੇਟ ਬੰਦ ਕਰਕੇ ਮੁਕੰਮਲ ਘਿਰਾਓ ਕੀਤਾ ਹੋਇਆ ਹੈ। ਇਹ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਟਰਾਲੀ ਵਾਪਸ ਨਹੀਂ ਕਰਵਾਈ ਜਾਂਦੀ ਜਾਂ ਫਿਰ ਦੋਸ਼ੀਆਂ ਤੇ ਪਰਚਾ ਦਰਜ ਕਰਕੇ ਸਾਨੂੰ ਐਫਆਈਆਰ ਦੀ ਕਾਪੀ ਨਹੀਂ ਦਿੱਤੀ ਜਾਂਦੀ ਜਾਂ ਫਿਰ ਟਰਾਲੀ ਚੋਰੀ ਕਰਨ ਵਾਲੇ ਖੁਦ ਸਾਨੂੰ ਟਰਾਲੀ ਵਾਪਸ ਨਹੀਂ ਕਰ ਦਿੰਦੇ।‌ 


ਪਿੰਡ ਵਾਸੀਆਂ ਵੱਲੋਂ ਮਸਲਾ ਪਿੰਡ ਵਿੱਚ ਬੈਠ ਕੇ ਸੁਲਝਾਏ ਜਾਣ ਲਈ ਰੱਖੇ ਪੱਖ ਤੇ ਉਨ੍ਹਾਂ ਕਿਹਾ ਕਿ ਭਾਵੇਂ ਮਸਲਾ ਪਾਪੜਾ ਪਿੰਡ ਦਾ ਹੈ ਪਰ ਇਹ ਫੰਡ ਬੀਕੇਯੂ ਉਗਰਾਹਾਂ ਦੀਆਂ ਪਰਚੀਆਂ ਤੇ ਕੱਟਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਇਨਸਾਫ ਦੇਣ ਦੀ ਬਜਾਏ ਚੋਰਾਂ ਦੀ ਪਿੱਠ ਥਾਪੜ ਰਿਹਾ ਹੈ।


ਉਕਤ ਮਾਮਲੇ ਤੇ ਭਾਕਿਯੂ ਆਜ਼ਾਦ ਦੇ ਬਲਾਕ ਲਹਿਰਾ, ਮੂਨਕ ਦੇ ਸੀਨੀਅਰ ਆਗੂ ਮੱਖਣ ਸਿੰਘ ਪਾਪੜਾਂ ਨੇ ਕਿਹਾ ਕਿ ਦਿੱਲੀ ਸੰਘਰਸ਼ ਸਮੇਂ ਪਿੰਡ ਵਿੱਚੋਂ ਪ੍ਰਤੀ ਏਕੜ 500 ਰੁਪਏ ਵਾਛ ਪਾ ਕੇ 8 ਲੱਖ ਰੁਪਏ ਦੇ ਕਰੀਬ ਫੰਡ ਇਕੱਠਾ ਕੀਤਾ ਸੀ ਜਿਸ ਵਿੱਚੋਂ ਟਰੈਕਟਰ ਤੇ ਟਰਾਲੀ ਵੀ ਖਰੀਦੀ ਸੀ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਧਰਨੇ ਤੇ ਜਾਣ ਲਈ ਟਰੈਕਟਰ ਟਰਾਲੀ ਮੰਗਿਆ ਤਾਂ ਉਗਰਾਹਾਂ ਧੜੇ ਦੇ ਬੰਦਿਆਂ ਨੇ ਜਵਾਬ ਦੇ ਦਿੱਤਾ। 


ਹੁਣ ਉਗਰਾਹਾਂ ਗਰੁੱਪ ਨੌਜਵਾਨਾਂ ਤੇ ਝੂਠੇ ਪਰਚੇ ਕਰਾਉਣ ਲਈ ਧਰਨਾ ਲਾ ਕੇ ਬੈਠੇ ਹੋਏ ਹਨ। ਮੱਖਣ ਪਾਪੜਾ ਨੇ ਕਿਹਾ ਕਿ ਮਸਲੇ ਦੇ ਹੱਲ ਲਈ ਟਰੈਕਟਰ ਟਰਾਲੀ ਪਿੰਡ ਚ ਲਿਆ ਕੇ ਪੂਰੇ ਪੰਡ ਦਾ ਇਕੱਠ ਕੀਤਾ ਜਾਵੇ ਤੇ ਪਿੰਡ ਵਾਸੀਆਂ ਦਾ ਬਹੁਮਤ ਜੇਕਰ ਟਰੈਕਟਰ, ਟਰਾਲੀ ਉਗਰਾਹਾਂ ਯੂਨੀਅਨ ਨੂੰ ਜਾਂ ਕਿਸੇ ਵੀ ਧਾਰਮਿਕ ਸੰਸਥਾ ਗੁਰਦੁਆਰਾ ਸਾਹਿਬ, ਮੰਦਰ, ਗਉਸ਼ਾਲਾ, ਡੇਰਾ ਆਦਿ ਨੂੰ ਦੇਣ ਲਈ ਸਹਿਮਤੀ ਪ੍ਰਗਟ ਕਰਦਾ ਹੈ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੋਵੇਗਾ।


ਮਾਮਲੇ ਤੇ ਗੱਲਬਾਤ ਕਰਦਿਆਂ ਪਿੰਡ ਗੋਬਿੰਦਪੁਰਾ ਪਾਪੜਾ ਦੇ ਵਾਸੀ ਸਤਿਗੁਰ ਸਿੰਘ ਆਦਿ ਨੇ ਦਾਅਵੇ ਨਾਲ ਕਿਹਾ ਕਿ ਅਸੀਂ ਦੋਵਾਂ ਯੂਨੀਅਨਾਂ ਚੋਂ ਕਿਸੇ ਦੇ ਵੀ ਮੈਂਬਰ ਨਹੀਂ ਹਾਂ। ਪਿਛਲੇ ਸਮੇਂ ਯੂਨੀਅਨਾਂ ਦੋ ਬਣ ਗਈਆਂ ਤਾਂ ਪਿੰਡ ਵਾਸੀਆਂ ਨੇ ਕਿਹਾ ਸੀ ਕਿ ਟਰੈਕਟਰ-ਟਰਾਲੀ ਸਾਂਝਾ ਰੱਖ ਕੇ ਦੇਵੋ, ਪਰ ਉਗਰਾਹਾਂ ਗਰੁੱਪ ਨੇ ਆਪਣਾ ਇਕੱਲਿਆਂ ਦਾ ਹੱਕ ਜਿਤਾਉਂਦਿਆਂ ਟਰੈਕਟਰ ਵੇਚ ਦਿੱਤਾ ਪਰ ਜਦੋਂ ਪਿੰਡ ਵਾਸੀਆਂ ਨੇ ਇਸ ਤੇ ਇਤਰਾਜ਼ ਕੀਤਾ ਕਿ ਪਿੰਡ ਦਾ ਸਾਂਝਾ ਸੀ। 


ਸਲਾਹ ਮਸ਼ਵਰੇ ਤੋਂ ਬਿਨਾਂ ਵੇਚ ਦਿੱਤਾ ਤਾਂ ਉਗਰਾਹਾਂ ਯੂਨੀਅਨ ਦੀ ਇਕਾਈ ਆਗੂਆਂ ਨੇ ਕਿਹਾ ਕਿ ਸਾਡੀ ਮਰਜ਼ੀ ਹੈ ਤੁਸੀਂ ਜੋ ਮਰਜ਼ੀ ਕਰ ਲਓ, ਜਿਸ ਕਰਕੇ ਪਿੰਡ ਵਾਲਿਆਂ ਨੇ ਟਰਾਲੀ ਆਪਣੇ ਕਬਜ਼ੇ ਚ ਲੈ ਲਈ , ਜਿਸ ਤੋਂ ਬਾਅਦ ਉਗਰਾਹਾਂ ਗਰੁੱਪ ਨੇ ਥਾਣੇ ਚ ਚਾਰ ਜਣਿਆਂ ਖਿਲਾਫ ਦਰਖਾਸਤ ਦੇ ਦਿੱਤੀ ਤੇ ਝੂਠੇ ਪਰਚੇ ਦਰਜ ਕਰਾਉਣ ਲਈ ਧਰਨੇ ਲਾਉਣ ਲੱਗੇ ਤਾਂ ਆਜ਼ਾਦ ਯੂਨੀਅਨ ਟਰਾਲੀ ਕਬਜੇ ਚ ਲੈਣ ਵਾਲਿਆਂ ਨਾਲ ਖੜ ਗਈ । ਉਨਾਂ ਕਿਹਾ ਕਿ ਟਰਾਲੀ ਚੋਰੀ ਨਹੀਂ ਹੋਈ ਬਲਕਿ ਪਿੰਡ ਵਾਲਿਆਂ ਨੇ ਕਬਜ਼ੇ ਚ ਲਈ ਹੈ। ਉਨਾਂ ਕਿਹਾ ਕਿ ਪਿੰਡ ਵਾਸੀ ਚਾਹੁੰਦੇ ਹਨ ਕਿ ਮਸਲੇ ਦਾ ਹੱਲ ਪਿੰਡ ਚ ਬੈਠ ਕੇ ਹੋਵੇ, ਪਿੰਡ ਦੇ ਲੋਕਾਂ ਦੇ ਪੈਸੇ ਨਾਲ ਟਰੈਕਟਰ ਟਰਾਲੀ ਖਰੀਦਿਆ ਹੈ ਇਸ ਲਈ ਟਰੈਕਟਰ ਟਰਾਲੀ ਦੋਵੇਂ ਯੂਨੀਅਨਾਂ ਨੂੰ ਨਾ ਦੇ ਕੇ ਕਿਸੇ ਸਾਂਝੇ ਧਾਰਮਿਕ ਸਥਾਨ ਨੂੰ ਦੇ ਕੇ ਮਸਲੇ ਦਾ ਹੱਲ ਕੀਤਾ ਜਾਵੇ।


ਇਹ ਵੀ ਪੜ੍ਹੋ: Vigilance: ਲੁਕੇ ਹੋਏ ਮਨਪ੍ਰੀਤ ਬਾਦਲ ਤੇ ਭਰਤ ਇੰਦਰ ਸਿੰਘ ਚਾਹਲ ਖਿਲਾਫ਼ ਵਿਜੀਲੈਂਸ ਨੇ ਇੱਕ ਹੋਰ ਕਾਰਵਾਈ ਦੀ ਖਿੱਚੀ ਤਿਆਰੀ, ਜਲਦ ਆਉਣੇ ਬਾਹਰ


ਉਕਤ ਮਾਮਲੇ ਤੇ ਗੱਲਬਾਤ ਕਰਦਿਆਂ ਪੁਲਿਸ ਥਾਣਾ ਮੂਨਕ ਦੇ ਇੰਚਾਰਜ਼  ਸੁਰਿੰਦਰ ਭੱਲਾ ਨੇ ਕਿਹਾ ਕਿ ਪਿੰਡ ਗੋਬਿੰਦਪੁਰਾ ਪਾਪੜਾ ਦੇ ਲੋਕਾਂ ਨੇ ਫੰਡ ਇਕੱਠਾ ਕਰਕੇ ਉਗਰਾਹਾਂ ਯੂਨੀਅਨ ਦੋਫਾੜ ਹੋਣ ਤੋਂ ਪਹਿਲਾਂ ਟਰੈਕਟਰ ਟਰਾਲੀ ਖਰੀਦਿਆ ਸੀ, ਆਜ਼ਾਦ ਯੂਨੀਅਨ ਬਣਨ ਤੋਂ ਬਾਅਦ ਪਿੰਡ ਪਾਪੜਾ ਚ ਵੀ ਦੋਵੇਂ ਯੂਨੀਅਨਾਂ ਦੀਆਂ ਇਕਾਈਆਂ ਬਣ ਗਈਆਂ, ਅਲੱਗ ਹੋਣ ਤੋਂ ਬਾਅਦ ਉਗਰਾਹਾਂ ਧੜੇ ਨੇ ਟਰੈਕਟਰ ਵੇਚ ਦਿੱਤਾ ਤੇ ਟਰਾਲੀ ਆਜ਼ਾਦ ਗਰੁੱਪ ਨੇ ਰੱਖੀ ਹੋਈ ਹੈ। 


ਆਜ਼ਾਦ ਗਰੁੱਪ ਨੇ ਟਰੈਕਟਰ ਚੋਰੀ ਹੋਣ ਤੇ ਉਗਰਾਹਾਂ ਗਰੁੱਪ ਨੇ ਟਰਾਲੀ ਚੋਰੀ ਹੋਣ ਦੀ ਦਰਖਾਸਤ ਥਾਣੇ ਦਿੱਤੀ ਹੋਈ ਹੈ। ਜੇਕਰ ਕਾਨੂੰਨੀ ਕਾਰਵਾਈ ਦੀ ਗੱਲ ਹੁੰਦੀ ਤਾਂ ਅਸੀਂ ਕਰ ਦਿੰਦੇ, ਦੋਵੇਂ ਧਿਰਾਂ ਇੱਕ ਦੂਜੇ ਤੇ ਟਰੈਕਟਰ ਤੇ ਟਰਾਲੀ ਚੋਰੀ ਕਰਨ ਦੇ ਦੋਸ਼ ਲਾ ਰਹੇ ਨੇ ਪਰ ਚੋਰੀ ਵਾਲੀ ਕੋਈ ਗੱਲ ਨਹੀਂ ਸਿਰਫ ਤੇ ਸਿਰਫ ਦੋਵੇਂ ਧਿਰਾਂ ਦੀ ਆਪਸੀ ਰੰਜਸ ਹੈ। ਜਦੋਂਕਿ ਅਸੀਂ ਸ਼ੁਰੂ ਤੋਂ ਹੀ ਦੋਵੇਂ ਧਿਰਾਂ ਨੂੰ ਬਿਠਾ ਕੇ ਗੱਲਬਾਤ ਕਰਾਉਣ ਲਈ ਤਿਆਰ ਹਾਂ ਪਰ ਉਗਰਾਹਾਂ ਧੜਾ ਮਿਲ ਬੈਠਣ ਲਈ ਤਿਆਰ ਨਹੀਂ ਤਾਂ ਫਿਰ ਮਸਲਾ ਹੱਲ ਕਿਵੇਂ ਹੋਵੇਗਾ।


ਇਹ ਵੀ ਪੜ੍ਹੋ: Khalistani Supporters: ਕੈਨੇਡਾ ਤੋਂ ਬਾਅਦ ਯੂਕੇ 'ਚ ਐਕਟਿਵ ਹੋਏ ਖਾਲਿਸਤਾਨੀ, ਤਿਰੰਗੇ ਨੂੰ ਸਾੜਿਆ, ਪੀਐਮ ਨੂੰ ਗਾਊ ਮੂਤਰ ਪੀਣ ਦੀ ਚੁਣੌਤੀ