Sangrur News: ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ‘ਪੰਜਾਬ ਸਰਕਾਰ ਤੁਹਾਡੇ ਦੁਆਰ’ ਮੁਹਿੰਮ ਤਹਿਤ ਸਮੂਹ ਸਬ ਡਵੀਜ਼ਨਾਂ ਵਿਖੇ ਹਰ ਹਫ਼ਤੇ ਸੁਵਿਧਾ ਕੈਂਪ ਲਗਾਉਣ ਦੀ ਪ੍ਰਕਿਰਿਆ ਜਾਰੀ ਹੈ। ਇਸ ਲੜੀ ਤਹਿਤ ਐਸਡੀਐਮ ਸੂਬਾ ਸਿੰਘ ਦੀ ਅਗਵਾਈ ਹੇਠ ਸਬ ਡਵੀਜ਼ਨ ਮੂਨਕ ਦੇ ਪਿੰਡ ਕਰੌਂਦਾ ਤੇ ਐਸਡੀਐਮ ਰਾਜੇਸ਼ ਸ਼ਰਮਾ ਦੀ ਅਗਵਾਈ ਹੇਠ ਸਬ ਡਵੀਜ਼ਨ ਦਿੜ੍ਹਬਾ ਦੇ ਪਿੰਡ ਬਘਰੌਲ ਵਿਖੇ ਸੁਵਿਧਾ ਕੈਂਪਾਂ ਦਾ ਆਯੋਜਨ ਵੱਡੀ ਗਿਣਤੀ ਲੋਕਾਂ ਲਈ ਵਰਦਾਨ ਸਾਬਤ ਹੋਇਆ।
ਜ਼ਿਕਰਯੋਗ ਹੈ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਲੋਕਾਂ ਤੱਕ ਸਿੱਧੀ ਪਹੁੰਚ ਯਕੀਨੀ ਬਣਾਉਣ ਦੀ ਇਸ ਮੁਹਿੰਮ ਦੀ ਨਿਗਰਾਨੀ ਖੁਦ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਕੀਤੀ ਜਾ ਰਹੀ ਹੈ ਤੇ ਹਰੇਕ ਕੈਂਪ ਦਾ ਲਾਭ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਦਾ ਕਰਨ ਲਈ ਹਦਾਇਤਾਂ ਕੀਤੀਆਂ ਗਈਆਂ ਹਨ।
ਇਨ੍ਹਾਂ ਕੈਂਪਾਂ ਦੌਰਾਨ ਲੋਕਾਂ ਨੂੰ ਵੱਖ ਵੱਖ ਸਰਕਾਰੀ ਸੇਵਾਵਾਂ ਦਾ ਲਾਭ ਉਨ੍ਹਾਂ ਦੇ ਹੀ ਪਿੰਡਾਂ ਵਿੱਚ ਜਾ ਕੇ ਪਹੁੰਚਾਉਣ ਲਈ ਜਿਥੇ ਉਚ ਪ੍ਰਸ਼ਾਸਨਿਕ ਅਧਿਕਾਰੀ ਜੁਟੇ ਰਹੇ ਉਥੇ ਹੀ ਖੇਤੀਬਾੜੀ ਤੇ ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਦੁਆਰਾ ਕਿਸਾਨਾਂ ਨੂੰ ਦੋਵੇਂ ਵਿਭਾਗਾਂ ਵਿੱਚ ਉਪਲਬਧ ਖੇਤੀ ਮਸ਼ੀਨਰੀ ਬਾਰੇ ਵਿਸਤ੍ਰਿਤ ਜਾਣਕਾਰੀ ਦੇਣ ਦੇ ਨਾਲ ਨਾਲ ਕਣਕ ਦੀ ਕਟਾਈ ਮਗਰੋਂ ਨਾੜ ਨਾ ਸਾੜਨ ਬਾਰੇ ਵੀ ਜਾਗਰੂਕ ਕਰਨ ਵਿੱਚ ਸਾਰਥਕ ਭੂਮਿਕਾ ਨਿਭਾਈ ਗਈ।
ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਹਰ ਹਫ਼ਤੇ ਲਗਾਏ ਜਾਣ ਵਾਲੇ ਇਨ੍ਹਾਂ ਲੋਕ ਪੱਖੀ ਕੈਂਪਾਂ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਤੇ ਸਹਿਕਾਰਤਾ ਵਿਭਾਗ ਦੇ ਅਧਿਕਾਰੀ ਪਿੰਡ ਪਿੰਡ ਜਾ ਕੇ ਵਿਭਾਗ ਤੇ ਸਹਿਕਾਰੀ ਸੁਸਾਇਟੀ ਕੋਲ ਉਪਲਬਧ ਖੇਤੀ ਸੰਦਾਂ ਤੇ ਮਸ਼ੀਨਰੀ ਨੂੰ ਪ੍ਰਾਪਤ ਕਰਨ ਦੇ ਤਰੀਕਿਆਂ, ਮਸੀਨਰੀ ਦੀ ਵਰਤੋਂ ਕਰਨ ਤੇ ਧਰਤੀ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਕੀਤੇ ਜਾ ਸਕਣ ਵਾਲੇ ਉਪਰਾਲਿਆਂ ਬਾਰੇ ਸੁਚੇਤ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ‘ਪੰਜਾਬ ਸਰਕਾਰ ਤੁਹਾਡੇ ਦੁਆਰ’ ਦੇ ਆਯੋਜਨ ਮੌਕੇ ਪਹਿਲਾਂ ਤੋਂ ਹੀ ਪਿੰਡਾਂ ਵਿੱਚ ਲੋਕ ਇਕੱਤਰ ਹੁੰਦੇ ਹਨ ਤੇ ਅਜਿਹੇ ਸਾਂਝੇ ਪਲੇਟਫਾਰਮ ’ਤੇ ਕਿਸਾਨਾਂ ਦੀ ਸੁਵਿਧਾ ਲਈ ਇਹ ਚੇਤਨਾ ਪੈਦਾ ਕਰਨਾ ਭਵਿੱਖ ਵਿੱਚ ਕਿਸਾਨ ਵੀਰਾਂ ਨੂੰ ਫਸਲਾਂ ਦੀ ਰਹਿੰਦ ਖੂੰਹਦ ਦੇ ਯੋਗ ਪ੍ਰਬੰਧਨ ਲਈ ਪ੍ਰੇਰਿਤ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਦੌਰਾਨ ਖੇਤੀ ਮਾਹਿਰਾਂ ਵੱਲੋਂ ਖੇਤੀ ਤਕਨੀਕਾਂ ਤੇ ਫ਼ਸਲਾਂ ਦੀ ਸਾਂਭ ਸੰਭਾਲ ਬਾਰੇ ਵੀ ਜਾਣਕਾਰੀ ਪ੍ਰਦਾਨ ਕੀਤੀ ਜਾ ਰਹੀ ਹੈ।