Jalandhar News: ਜਲੰਧਰ ਵਿੱਚ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਹੈ। ਇੱਥੇ ਗਰੀਬ ਮਾਪਿਆਂ ਨੇ ਘਰ ਚਲਾਉਣ ਲਈ ਖਰਚਾ ਨਾ ਹੋਣ ਕਰਕੇ ਆਪਣੀਆਂ ਤਿੰਨ ਧੀਆਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਹੈ। ਇਸ ਘਟਨਾ ਨੇ ਪੂਰੇ ਦੇਸ਼ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਅੱਜ ਵੀ ਕਰੋੜਾਂ ਲੋਕਾਂ ਲਈ ਦੋ ਵਕਤ ਦੀ ਰੋਟੀ ਦਾ ਪ੍ਰਬੰਧ ਕਰਨਾ ਔਖਾ ਹੋ ਗਿਆ ਹੈ। ਇਸ ਘਟਨਾ ਨੇ ਭਾਰਤ ਦੇ ਵਿਸ਼ਵ ਸ਼ਕਤੀ ਬਣਨ ਦੇ ਦਾਅਵਿਆਂ ਉੱਪਰ ਵੀ ਸਵਾਲ ਉਠਾਏ ਹਨ।


ਦਰਅਸਲ ਜਲੰਧਰ ਦੇ ਕਾਹਨਪੁਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਇੱਕ ਵਿਅਕਤੀ ਤੇ ਉਸ ਦੀ ਪਤਨੀ ਵੱਲੋਂ ਆਪਣੀਆਂ ਤਿੰਨ ਧੀਆਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਹੈ। ਮ੍ਰਿਤਕ ਬੱਚੀਆਂ ਦੀ ਪਛਾਣ ਅੰਮ੍ਰਿਤਾ ਕੁਮਾਰੀ (9), ਕੰਚਨ ਕੁਮਾਰੀ (7) ਤੇ ਵਾਸੂ (3) ਵਜੋਂ ਹੋਈ ਹੈ। ਮਾਪਿਆਂ ਦਾ ਕਹਿਣਾ ਹੈ ਕਿ ਗਰੀਬੀ ਹੋਣ ਕਰਕੇ ਉਨ੍ਹਾਂ ਦੇ ਘਰ ਦਾ ਖਰਚਾ ਪੂਰਾ ਨਹੀਂ ਹੋ ਰਿਹਾ ਸੀ ਤੇ ਮਜਬੂਰੀ ਵਿੱਚ ਉਨ੍ਹਾਂ ਨੇ ਇਹ ਕਦਮ ਉਠਾਇਆ ਹੈ। 


ਹਾਸਲ ਜਾਣਕਾਰੀ ਅਨੁਸਾਰ ਥਾਣਾ ਮਕਸੂਦਾਂ ਦੀ ਪੁਲਿਸ ਨੂੰ ਸੁਰਿੰਦਰ ਸਿੰਘ ਵਾਸੀ ਪਿੰਡ ਕਾਹਨਪੁਰ ਨੇ ਹੈਲਪਲਾਈਨ ਨੰਬਰ 112 ’ਤੇ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਦੇ ਕਿਰਾਏਦਾਰ ਤੇ ਪਰਵਾਸੀ ਮਜ਼ਦੂਰ ਸੁਸ਼ੀਲ ਮੰਡਲ ਦੀਆਂ ਤਿੰਨ ਧੀਆਂ ਗੁੰਮ ਹੋ ਗਈਆਂ ਹਨ। ਪੁਲਿਸ ਨੇ ਮਾਮਲੇ ਦੀ ਜਾਂਚ-ਪੜਤਾਲ ਕਰਨ ਮਗਰੋਂ ਛੇ ਘੰਟਿਆਂ ਵਿੱਚ ਮਾਮਲਾ ਹੱਲ ਕਰ ਲਿਆ।


ਐਸਐਸਪੀ ਮੁਖਵਿੰਦਰ ਸਿੰਘ ਨੇ ਦੱਸਿਆ ਕਿ ਸੁਸ਼ੀਲ ਮੰਡਲ ਸ਼ਰਾਬ ਪੀਣ ਦਾ ਆਦੀ ਹੈ ਤੇ ਉਸ ਦੀ ਪਤਨੀ ਮੰਜੂ ਦੇਵੀ ਦੇ ਮੰਦੇ ਹਾਲਾਤ ਨੂੰ ਦੇਖਦੇ ਹੋਏ ਜਦੋਂ ਪੁਲਿਸ ਅਧਿਕਾਰੀਆਂ ਨੇ ਸੁਸ਼ੀਲ ਕੋਲੋਂ ਸਖ਼ਤੀ ਨਾਲ ਪੁੱਛ-ਪੜਤਾਲ ਕੀਤੀ ਤਾਂ ਸੁਸ਼ੀਲ ਨੇ ਮੰਨਿਆ ਕਿ ਉਸ ਨੇ ਆਪਣੀ ਪਤਨੀ ਨਾਲ ਮਿਲ ਕੇ ਬੀਤੇ ਦਿਨ ਦੁੱਧ ਵਿੱਚ ਜ਼ਹਿਰੀਲੀ ਦਵਾਈ ਮਿਲਾ ਕੇ ਤਿੰਨੋਂ ਬੱਚੀਆਂ ਨੂੰ ਪਿਲਾ ਦਿੱਤੀ ਸੀ। 


ਉਨ੍ਹਾਂ ਦੱਸਿਆ ਕਿ ਜਦੋਂ ਤਿੰਨੋਂ ਬੇਹੋਸ਼ ਹੋ ਗਈਆਂ ਸਨ ਤਾਂ ਉਨ੍ਹਾਂ ਨੂੰ ਟਰੰਕ ਵਿੱਚ ਬੰਦ ਕਰ ਕੇ ਚੌਥੇ ਨੰਬਰ ਵਾਲੀ ਬੇਟੀ ਅਨੁਸ਼ਕਾ ਨੂੰ ਆਪਣੇ ਨਾਲ ਲੈ ਕੇ ਉਹ ਕੰਮ ’ਤੇ ਚਲੇ ਗਏ ਸਨ। ਜਦੋਂ ਪੁਲਿਸ ਮੁਲਾਜ਼ਮਾਂ ਨੇ ਟਰੰਕ ਖੋਲ੍ਹਿਆ ਤਾਂ ਟਰੰਕ ਵਿੱਚੋਂ ਬੱਚੀਆਂ ਦੀਆਂ ਲਾਸ਼ਾਂ ਮਿਲੀਆਂ, ਜਿਨ੍ਹਾਂ ਦੇ ਮੂੰਹ ਵਿੱਚੋਂ ਝੱਗ ਨਿਕਲੀ ਹੋਈ ਸੀ। 



ਸੁਸ਼ੀਲ ਮੰਡਲ ਤੇ ਉਸ ਦੀ ਪਤਨੀ ਨੇ ਦੱਸਿਆ ਕਿ ਗਰੀਬੀ ਹੋਣ ਕਰ ਕੇ ਉਨ੍ਹਾਂ ਦੇ ਘਰ ਦਾ ਖਰਚਾ ਪੂਰਾ ਨਹੀਂ ਹੋ ਰਿਹਾ ਸੀ ਤੇ ਮਜਬੂਰੀ ਵਿੱਚ ਉਨ੍ਹਾਂ ਨੇ ਇਹ ਕਦਮ ਉਠਾਇਆ ਹੈ। ਸਬ-ਇੰਸਪੈਕਟਰ ਸਿਕੰਦਰ ਸਿੰਘ ਨੇ ਇਸ ਸਬੰਧੀ ਥਾਣਾ ਮਕਸੂਦਾਂ ਵਿੱਚ ਕੇਸ ਦਰਜ ਕਰ ਕੇ ਸੁਸ਼ੀਲ ਮੰਡਲ ਅਤੇ ਉਸ ਦੀ ਪਤਨੀ ਮੰਜੂ ਰਾਣੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।