ਲਹਿਰਾਗਾਗਾ : ਲਹਿਰਾਗਾਗਾ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਲਹਿਰਾਗਾਗਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਰਿੰਦਰ ਗੋਇਲ ਐਡਵੋਕੇਟ ਨੂੰ ਕਿਆਸ ਅਰਾਈਆਂ ਤੋਂ ਕਿਤੇ ਵੱਧ ਵੋਟਰਾਂ ਵੱਲੋਂ ਪਿਆਰ ਦਿੱਤਾ ਗਿਆ। 20 ਫਰਵਰੀ ਤੋਂ ਬਾਅਦ  ਹਲਕੇ ਦੇ ਸਿਆਸੀ ਮਾਹਰ ਬਰਿੰਦਰ ਗੋਇਲ ਦੀ 5-6 ਹਜ਼ਾਰ ਵੋਟਾਂ ਤੇ ਜਿੱਤ ਦੇ ਦਾਅਵੇ ਕਰ ਰਹੇ ਸਨ, ਜੋ ਇਹ ਅੰਦਾਜ਼ਾ ਪੰਜ ਗੁਣਾ ਤੋਂ ਵੀ ਵਧੇਰੇ ਸਾਬਤ ਹੋਇਆ। 

 

ਇੱਥੇ ਇਹ ਵੀ ਦਿਲਚਸਪ ਪਹਿਲੂ ਹੈ ਕਿ 2017  ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਬੀਬੀ ਭੱਠਲ ਨੂੰ 26815 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਇਸ ਵਾਰ ਲੱਗਭੱਗ ਓਨੇ ਹੀ 26518 ਵੋਟਾਂ ਦੇ ਫ਼ਰਕ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਰਿੰਦਰ ਗੋਇਲ ਨੇ ਪਰਮਿੰਦਰ ਢੀਂਡਸਾ ਨੂੰ ਹਰਾ ਕੇ ਬਰਾਬਰੀ ਕਰ ਲਈ ਹੈ।

 

ਇੱਥੇ ਇਹ ਵੀ ਵਰਣਨ ਕਰਨਾ ਕੁਥਾਂ ਨਹੀਂ ਹੋਵੇਗਾ, ਕਿ ਇਸ ਵਾਰ ਆਪ ਦਾ ਝਾੜੂ ਦੱਬ ਕੇ ਚੱਲਿਆ। ਕਈ ਹਲਕਿਆਂ ਦੇ ਪਿੰਡਾਂ ਵਿੱਚ ਕੁਝ ਵੋਟਰਾਂ ਨੂੰ ਆਪਣੇ ਉਮੀਦਵਾਰ ਦਾ ਨਾਮ ਤੱਕ ਨਹੀਂ ਸੀ ਪਤਾ ਪਰ ਉਹ ਪਾਰਟੀ ਦਾ ਚੋਣ ਨਿਸ਼ਾਨ ਝਾੜੂ- ਝਾੜੂ ਕਰ ਰਹੇ ਸਨ।

 

ਜਿਸ ਤੋਂ ਸਾਫ ਪਤਾ ਚਲਦਾ ਹੈ ਕਿ ਇਸ ਵਾਰ ਪੰਜਾਬ ਦੇ ਵੋਟਰਾਂ ਨੇ ਪਾਰਟੀ ਛੱਡ ਬਦਲਾਅ ਨੂੰ ਵੋਟਾਂ ਪਾਈਆਂ ਹਨ। ਇਸ ਬਦਲਾਅ ਦੇ ਹੜ੍ਹ ਨੇ ਹੀ ਜਿੱਥੇ ਸਾਬਕਾ ਮੁੱਖ ਮੰਤਰੀ  ਬੀਬੀ ਰਾਜਿੰਦਰ ਕੌਰ ਭੱਠਲ, ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਸਮੇਤ ਪੰਜਾਬ ਦੇ ਵੱਡੇ- ਵੱਡੇ ਕੱਦਾਵਾਰ ਬਾਬਾ ਬੋਹੜਾਂ ਨੂੰ ਵੀ ਰੋੜ੍ਹ ਕੇ ਰੱਖ ਦਿੱਤਾ ਹੈ।

 

ਪੂਰੇ ਸੂਬੇ ਅਤੇ ਦੇਸ਼ ਦੀਆਂ ਨਜ਼ਰਾਂ ਆਮ ਆਦਮੀ ਪਾਰਟੀ ਦੇ ਸੀ.ਐਮ ਦੇ ਚਿਹਰੇ ਭਗਵੰਤ ਮਾਨ ਤੇ ਟਿਕੀਆਂ ਹੋਈਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਇਹ ਸਰਕਾਰ ਪੰਜਾਬ ਵਿਚੋਂ ਮਾਫ਼ੀਆ ਰਾਜ ,ਭ੍ਰਿਸ਼ਟਾਚਾਰ ਖ਼ਤਮ ਕਰਕੇ ਸਿਹਤ ਤੇ ਸਿੱਖਿਆ ਸਹੂਲਤਾਂ ਦਿੱਲੀ ਦੀ ਤਰਜ਼ ਤੇ ਬਹਾਲ ਕਰੇਗੀ।ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।