ਲੁਧਿਆਣਾ: ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਚੋਣਾਵੀ ਮਾਹੌਲ ਨੂੰ ਭਖਾਉਣ ਲਈ ਪੰਜਾਬ 'ਚ ਰੈਲੀਆਂ ਕਰਨ ਪਹੁੰਚੇ। ਲੁਧਿਆਣਾ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਸ਼ਾ ਖ਼ਤਨ ਕਰਨ ਤੇ ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਦੇ ਮੁੱਦੇ 'ਤੇ ਭਾਜਪਾ ਨੂੰ ਜਿਤਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਚੰਨੀ ਜਾਂ ਕੇਜਰੀਵਾਲ ਤੋਂ ਪੰਜਾਬ ਨਹੀਂ ਸਾਂਭਿਆ ਜਾਵੇਗਾ।



ਭਾਜਪਾ ਦੇ ਲਈ ਅੱਜ ਚੋਣ ਪ੍ਰਚਾਰ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਲੁਧਿਆਣਾ ਦਰੇਸੀ ਗਰਾਊਂਡ ਪਹੁੰਚੇ ਜਿਥੇ ਉਨ੍ਹਾਂ ਨੇ ਇਕ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਅਮਿਤ ਸ਼ਾਹ ਨੇ ਜ਼ਿਆਦਾਤਰ ਨਸ਼ੇ ਦੇ ਮੁੱਦੇ 'ਤੇ, ਸੁਰੱਖਿਆ ਦੇ ਮੁੱਦੇ 'ਤੇ ਤੇ ਧਰਮ ਪਰਿਵਰਤਨ ਦੇ ਮੁੱਦੇ 'ਤੇ ਆਪਣਾ ਭਾਸ਼ਣ ਕੇਂਦਰਿਤ ਰੱਖਿਆ। ਸ਼ਾਹ ਨੇ ਕਿਹਾ ਕਿ ਭਾਜਪਾ ਵੱਲੋਂ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਗਿਆ।

ਨਸ਼ੇ ਦਾ ਮੁੱਦਾ ਰਿਹਾ ਭਾਰੀ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਭਾਸ਼ਣ 'ਚ ਪੰਜਾਬ ਦੇ ਅੰਦਰ ਨਸ਼ੇ ਦੇ ਮੁੱਦੇ ਨੂੰ ਮੁੱਖ ਮੁੱਦਾ ਬਣਾਇਆ ਤੇ ਕਿਹਾ ਕਿ ਜੇ ਭਾਜਪਾ ਦੀ ਸਰਕਾਰ ਪੰਜਾਬ ਵਿੱਚ ਬਣਦੀ ਹੈ ਤਾਂ ਪੰਜ ਸਾਲ ਦੇ ਅੰਦਰ ਨਸ਼ੇ ਨੂੰ ਸੂਦ ਸਮੇਤ ਜੜ੍ਹੋਂ ਖ਼ਤਮ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ੇ ਤੋਂ ਬਚਾਉਣ ਦੀ ਸਖ਼ਤ ਲੋੜ ਹੈ। ਬਾਰਡਰ ਤੋਂ ਨਸ਼ਿਆਂ ਦੀ ਸਪਲਾਈ ਹੁੰਦੀ ਹੈ, ਇਸ ਕਰਕੇ ਇੱਥੇ ਮਜ਼ਬੂਤ ਸਰਕਾਰ ਦੀ ਲੋੜ ਹੈ।

ਕੌਮੀ ਸੁਰੱਖਿਆ ਦਾ ਮੁੱਦਾ  
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ 'ਚ ਸੁਰੱਖਿਆ ਦਾ ਮੁੱਦਾ ਇੱਕ ਵੱਡਾ ਮੁੱਦਾ ਹੈ। ਉਨ੍ਹਾਂ ਕਿਹਾ ਕਿ ਜੋ ਚਰਨਜੀਤ ਚੰਨੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੁਰੱਖਿਆ ਮੁਹੱਈਆ ਨਹੀਂ ਕਰਵਾ ਸਕਦਾ। ਉਹ ਪੰਜਾਬ ਦੇ ਲੋਕਾਂ ਨੂੰ ਕੀ ਸੁਰੱਖਿਆ ਮੁਹੱਈਆ ਕਰਵਾਏਗਾ? ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮਜ਼ਬੂਤ ਸਰਕਾਰ ਦੀ ਬੇਹੱਦ ਲੋੜ ਹੈ। ਪੰਜਾਬ ਦੇ ਨਾਲ ਬਾਰਡਰ ਲੱਗਦੇ ਨੇ ਤੇ ਅੱਤਵਾਦ ਦਾ ਵੀ ਬੋਲਬਾਲਾ ਰਿਹਾ ਹੈ।

ਧਰਮ ਪਰਿਵਰਤਨ ਦਾ ਮੁੱਦਾ  
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਕਿਹਾ ਕਿ ਪੰਜਾਬ 'ਚ ਵੱਡੀ ਤਦਾਦ ਦੇ ਅੰਦਰ ਧਰਮ ਪਰਿਵਰਤਨ ਹੋ ਰਿਹਾ ਹੈ। ਨਾ ਸਿਰਫ਼ ਹਿੰਦੂ ਭਾਈਚਾਰੇ ਦਾ ਸਗੋਂ ਸਿੱਖ ਭਾਈਚਾਰੇ ਦਾ ਵੀ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ। ਜਿਸ ਨੂੰ ਨਾ ਤਾਂ ਕੇਜਰੀਵਾਲ ਰੋਕ ਸਕਦਾ ਤੇ ਨਾ ਹੀ ਚੰਨੀ ਉਸ ਨੂੰ ਸਿਰਫ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਹੀ ਰੋਕ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਇੱਕ ਵੱਡਾ ਮੁੱਦਾ ਹੈ।

ਇੰਡਸਟਰੀ ਤੇ ਫੋਕਸ  
ਆਪਣੇ ਭਾਸ਼ਣ ਦੌਰਾਨ ਅਮਿਤ ਸ਼ਾਹ ਵਾਰ-ਵਾਰ ਲੁਧਿਆਣਾ ਦੀ ਇੰਡਸਟਰੀ ਦਾ ਜ਼ਿਕਰ ਵੀ ਕਰਦੇ ਰਹੇ ਉਨ੍ਹਾਂ ਕਿਹਾ ਕਿ ਜੇਕਰ ਐਨਡੀਏ ਦੀ ਸਰਕਾਰ ਬਣਦੀ ਹੈ ਤਾਂ ਲੁਧਿਆਣਾ ਦੇ ਸਾਈਕਲ ਨੂੰ ਵਿਸ਼ਵ ਪੱਧਰ ਤੇ ਲਿਜਾਇਆ ਜਾਵੇਗਾ। ਉਨ੍ਹਾਂ ਕਿਹਾ MSME ਨੂੰ ਚਾਰ ਰੁਪਏ ਪ੍ਰਤੀ ਯੂਨਿਟ ਦੇਣ ਦਾ ਵਾਅਦਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜੋ ਇੰਡਸਟਰੀ ਬੰਦ ਹੋ ਗਈ ਹੈ, ਉਸ ਨੂੰ ਮੁੜ ਸੁਰਜੀਤ ਕਰਨ ਲਈ ਵੀ ਭਾਜਪਾ ਵੱਲੋਂ ਯਤਨ ਕੀਤੇ ਜਾਣਗੇ ਤਾਂ ਜੋ ਸਾਡੀ ਇੰਡਸਟਰੀ ਦਾ ਪਹੀਆ ਵੀ ਮੁੜ ਤੋਂ ਚਲ ਸਕੇ।

ਸਿੱਖ ਧਰਮ ਤੇ ਗੁਰੂਆਂ ਦੀ ਗੱਲ  
ਅਮਿਤ ਸ਼ਾਹ ਨੇ ਆਪਣਾ ਭਾਸ਼ਣ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਸਿਰ ਤੇ ਪੱਗ ਰੱਖੀ ਤੇ ਹੱਥ ਵਿੱਚ ਕਿਰਪਾਨ ਫੜੀ। ਉਨ੍ਹਾਂ ਆਪਣੇ ਭਾਸ਼ਣ ਦੀ ਸ਼ੁਰੂਆਤ 'ਚ ਸਭ ਤੋਂ ਪਹਿਲਾਂ ਸਾਰੇ ਗੁਰੂਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਮਨ ਕੀਤਾ।

1984 ਸਿੱਖ ਕਤਲੇਆਮ ਦਾ ਮੁੱਦਾ
ਅਮਿਤ ਸ਼ਾਹ ਨੇ ਆਪਣੀ ਸਪੀਚ ਦੇ ਦੌਰਾਨ ਸਿੱਖ ਦੰਗਿਆਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ "ਓਦੋਂ ਮੇਰੀ ਉਮਰ ਘੱਟ ਸੀ ਪਰ ਜੋ ਸਿੱਖ ਕੌਮ ਨਾਲ ਹੋਇਆ ਉਸ ਨੂੰ ਭੁਲਾਇਆ ਨਹੀਂ ਜਾ ਸਕਦਾ।ਉਨ੍ਹਾਂ ਕਿਹਾ ਕਿ ਸਿਰਫ ਭਾਜਪਾ ਨੇ ਹੀ ਸਿੱਖ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਦਵਾਈ ਹੈ।"