Punjab Election 2022: ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਜਾ ਸਮਾਂ ਜਿਉਂ-ਜਿਉਂ ਨੇੜ ਆ ਰਿਹਾ ਹੈ, ਸਿਆਸੀ ਲੀਡਰ ਧਾਰਮਿਕ ਸਥਾਨਾਂ ਉਪਰ ਨਤਮਸਤਕ ਹੋ ਕੇ ਦੁਆਵਾਂ ਮੰਗ ਰਹੇ ਹਨ। ਪਿਛਲੇ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਧਾਰਮਿਕ ਸਥਾਨਾਂ ਉਪਰ ਜਾ ਰਹੇ ਹਨ।

ਅੱਜ ਉਨ੍ਹਾਂ ਨੇ ਹਰਿਆਣਾ ਦੇ ਜ਼ਿਲ੍ਹਾ ਸਿਰਸਾ ਵਿਖੇ ਸਥਿਤ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਚੋਰਮਾਰ ਸਾਹਿਬ ਵਿਖੇ ਦਰਸ਼ਨ ਕੀਤੇ। ਉਨ੍ਹਾਂ ਨੇ ਮੱਥਾ ਟੇਕਦੇ ਹੋਏ ਗੁਰੂ ਚਰਨਾਂ 'ਚ ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬ ਦੀ ਚੜ੍ਹਦੀਕਲਾ ਦੀ ਅਰਦਾਸ ਕੀਤੀ।

ਦੱਸ ਦਈਏ ਕਿ ਪੰਜਾਬ ਸਣੇ 10 ਮਾਰਚ ਨੂੰ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ। ਪੰਜਾਬ ਦੇ ਨਤੀਜੇ ਆਉਣ ਮਗਰੋਂ ਵਿਰੋਧੀਆਂ ਵੱਲੋਂ ਖਰੀਦ-ਫਰੋਖਤ ਦੇ ਡਰੋਂ ਕਾਂਗਰਸ ਤੇ 'ਆਪ' ਵੱਲੋਂ ਆਪਣੇ ਨਵੇਂ ਚੁਣੇ ਗਏ ਵਿਧਾਇਕਾਂ ਨੂੰ ਪੰਜਾਬ ਤੋਂ ਬਾਹਰ ਭੇਜਣ ਦੀ ਸੰਭਾਵਨਾ ਹੈ। ਕਾਂਗਰਸ ਆਪਣੇ ਵਿਧਾਇਕਾਂ ਨੂੰ ਪੰਜਾਬ ਤੋਂ ਰਾਜਸਥਾਨ ਸ਼ਿਫਟ ਕਰ ਸਕਦੀ ਹੈ, ਜਦੋਂਕਿ ਦਿੱਲੀ ਦੀ ਸੱਤਾਧਾਰੀ ਪਾਰਟੀ 'ਆਪ' ਆਪਣੇ ਵਿਧਾਇਕਾਂ ਨੂੰ ਰਾਸ਼ਟਰੀ ਰਾਜਧਾਨੀ ਸ਼ਿਫਟ ਕਰ ਸਕਦੀ ਹੈ।

ਮੰਨਿਆ ਜਾ ਰਿਹਾ ਹੈ ਕਿ ਰਾਜਸਥਾਨ 'ਚ ਕਾਂਗਰਸ ਦੀ ਸਰਕਾਰ ਹੋਣ ਕਾਰਨ ਪੰਜਾਬ ਦੇ ਨਵੇਂ ਚੁਣੇ ਗਏ ਕਾਂਗਰਸੀ ਵਿਧਾਇਕਾਂ ਨੂੰ ਜੈਪੁਰ 'ਚ ਰੱਖਣ ਦਾ ਫੈਸਲਾ ਲਿਆ ਗਿਆ ਹੈ। ਪਾਰਟੀ ਸੂਤਰਾਂ ਮੁਤਾਬਕ ਅੰਦਰੂਨੀ ਸਰਵੇਖਣਾਂ ਮੁਤਾਬਕ ਕਾਂਗਰਸ ਨੂੰ ਪੰਜਾਬ 'ਚ 50 ਦੇ ਕਰੀਬ ਸੀਟਾਂ ਮਿਲ ਸਕਦੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇੱਕ ਹੋਰ ਅੰਦਰੂਨੀ ਸਰਵੇਖਣ ਮੁਤਾਬਕ ਅਕਾਲੀ-ਬਸਪਾ ਗਠਜੋੜ ਨੂੰ 35 ਦੇ ਕਰੀਬ ਸੀਟਾਂ ਮਿਲ ਸਕਦੀਆਂ ਹਨ।

ਹਾਲਾਂਕਿ 'ਆਪ' ਸੂਬੇ 'ਚ ਪੂਰਨ ਬਹੁਮਤ ਦਾ ਦਾਅਵਾ ਕਰ ਰਹੀ ਹੈ। ਅਕਾਲੀ ਆਗੂ ਚੋਣਾਂ ਤੋਂ ਬਾਅਦ ਗਠਜੋੜ ਬਣਾਉਣ ਲਈ ਭਾਜਪਾ ਦੇ ਸੰਪਰਕ ਵਿੱਚ ਹਨ, ਜੇਕਰ ਸਰਕਾਰ ਬਣਾਉਣ ਲਈ ਉਨ੍ਹਾਂ ਕੋਲ ਲੋੜੀਂਦੀ ਗਿਣਤੀ ਹੁੰਦੀ ਹੈ। ਰਿਪੋਰਟ ਮੁਤਾਬਕ ਸਾਰੀਆਂ ਪਾਰਟੀਆਂ ਸੂਬੇ 'ਚ ਅਗਲੀ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀਆਂ ਹਨ, ਉਥੇ ਹੀ ਪੰਜਾਬ 'ਚ ਹੰਗ ਅਸੈਂਬਲੀ ਦੀ ਵੀ ਸੰਭਾਵਨਾ ਹੈ।