Election 2022 Congress Working committee meeting tomorrow
ਨਵੀਂ ਦਿੱਲੀ: ਸੋਨੀਆ ਗਾਂਧੀ ਨੇ ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਗੋਆ ਅਤੇ ਮਨੀਪੁਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਹਾਰ 'ਤੇ ਵਿਚਾਰ ਕਰਨ ਲਈ ਐਤਵਾਰ ਸ਼ਾਮ 4 ਵਜੇ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਈ ਹੈ। ਕਾਂਗਰਸ ਹੈੱਡਕੁਆਰਟਰ ਵਿੱਚ ਹੋਣ ਵਾਲੀ ਇਸ ਮੀਟਿੰਗ ਵਿੱਚ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਵੀ ਸ਼ਾਮਲ ਹੋਣਗੇ।
ਦੱਸ ਦਈਏ ਕਿ ਉੱਤਰ ਪ੍ਰਦੇਸ਼ ਵਿੱਚ ਪ੍ਰਿਅੰਕਾ ਗਾਂਧੀ ਨੇ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ ਪਰ ਕਾਂਗਰਸ ਸਿਰਫ਼ ਦੋ ਸੀਟਾਂ ਹੀ ਜਿੱਤ ਸਕੀ। ਰਾਹੁਲ ਗਾਂਧੀ ਨੇ ਪੂਰੇ ਯੂਪੀ ਚੋਣਾਂ ਵਿੱਚ ਬਹੁਤ ਘੱਟ ਪ੍ਰਚਾਰ ਕੀਤਾ। ਪਾਰਟੀ ਨੂੰ ਸੂਬੇ ਵਿੱਚ ਸਿਰਫ਼ 2.4 ਫ਼ੀਸਦੀ ਵੋਟ ਮਿਲੇ ਹਨ। ਯੂਪੀ ਦੀਆਂ 380 ਸੀਟਾਂ 'ਤੇ ਕਾਂਗਰਸੀ ਉਮੀਦਵਾਰਾਂ ਦੀ ਜ਼ਮਾਨਤ ਵੀ ਜ਼ਬਤ ਹੋ ਗਈ।
ਕਾਂਗਰਸ ਦੀ ਹਾਰ ਤੋਂ ਬਾਅਦ ਕੇਰਲ ਦੇ ਸਾਂਸਦ ਸ਼ਸ਼ੀ ਥਰੂਰ ਸਮੇਤ ਕਈ ਨੇਤਾ ਪਹਿਲਾਂ ਹੀ ਸਿਖਰਲੇ ਪੱਧਰ 'ਤੇ ਬਦਲਾਅ ਦੀ ਮੰਗ ਕਰ ਚੁੱਕੇ ਹਨ। ਹਾਲਾਂਕਿ ਕਰਨਾਟਕ ਦੇ ਸੀਨੀਅਰ ਨੇਤਾ ਮੱਲਿਕਾਰਜੁਨ ਖੜਗੇ ਅਤੇ ਡੀਕੇ ਸ਼ਿਵਕੁਮਾਰ ਨੇ ਗਾਂਧੀ ਪਰਿਵਾਰ 'ਤੇ ਭਰੋਸਾ ਜਤਾਇਆ ਹੈ।
ਹਾਰ ਤੋਂ ਬਾਅਦ ਯੂਪੀ ਕਾਂਗਰਸ ਦੇ ਕਈ ਨੇਤਾਵਾਂ ਨੇ ਵੀ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ। ਦੂਜੇ ਪਾਸੇ, ਯੂਪੀ ਕਾਂਗਰਸ ਦੇ ਇਲੈਕਟ੍ਰਾਨਿਕ ਮੀਡੀਆ ਕੋਆਰਡੀਨੇਟਰ ਜੀਸ਼ਾਨ ਹੈਦਰ ਨੂੰ ਲੀਡਰਸ਼ਿਪ ਪ੍ਰਤੀ ਇਤਰਾਜ਼ਯੋਗ ਬਿਆਨ ਦੇਣ ਲਈ ਪਾਰਟੀ ਤੋਂ ਕੱਢ ਦਿੱਤਾ ਗਿਆ ਹੈ।
ਪੰਜਾਬ 'ਚ ਵੀ ਕਾਂਗਰਸ ਦਾ ਮਾੜਾ ਹਾਲ
ਇਸ ਦੇ ਨਾਲ ਹੀ ਪੰਜਾਬ ਵਿੱਚ ਧੜੇਬੰਦੀ ਅਤੇ ਆਪਸੀ ਕਲੇਸ਼ ਵਿੱਚ ਫਸੀ ਹੋਈ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉੱਥੇ ਹੀ ਆਮ ਆਦਮੀ ਪਾਰਟੀ ਨੇ 92 ਸੀਟਾਂ ਜਿੱਤ ਕੇ ਵੱਡਾ ਧਮਾਕਾ ਕੀਤਾ ਹੈ। ਕਾਂਗਰਸ ਸਿਰਫ਼ 18 ਸੀਟਾਂ 'ਤੇ ਹੀ ਸਿਮਟ ਗਈ। ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਚੋਣਾਂ ਹਾਰ ਗਏ। ਯੂਪੀ 'ਚ ਕਾਂਗਰਸ ਸਿਰਫ਼ ਦੋ ਸੀਟਾਂ ਹੀ ਜਿੱਤੀ ਹੈ। ਉੱਤਰਾਖੰਡ ਵਿੱਚ ਵੀ ਐਗਜ਼ਿਟ ਪੋਲ ਨੇ ਭਾਜਪਾ ਨਾਲ ਕਾਂਗਰਸ ਦੀ ਸਖ਼ਤ ਟੱਕਰ ਦੀ ਸੰਭਾਵਨਾ ਜਤਾਈ ਪਰ ਜਦੋਂ ਨਤੀਜੇ ਆਏ ਤਾਂ ਕਾਂਗਰਸ ਬਹੁਤ ਪਿੱਛੇ ਰਹਿ ਗਈ। ਗੋਆ ਵਿੱਚ ਵੀ ਕਾਂਗਰਸ ਦਾ ਇਹੀ ਹਾਲ ਹੋਇਆ। ਮਨੀਪੁਰ ਵਿਚ ਵੀ ਕਾਂਗਰਸ ਸਿਰਫ਼ ਪੰਜ ਸੀਟਾਂ 'ਤੇ ਹੀ ਸਿਮਟ ਗਈ।
ਇਹ ਵੀ ਪੜ੍ਹੋ: SBI ਨੇ ਆਪਣੇ ਗਾਹਕਾਂ ਨੂੰ ਦਿੱਤਾ ਸ਼ਾਨਦਾਰ ਤੋਹਫਾ! ਫਿਕਸਡ ਡਿਪਾਜ਼ਿਟ ਦੀਆਂ ਵਿਆਜ ਦਰਾਂ 'ਚ ਕੀਤਾ ਵਾਧਾ, ਚੈੱਕ ਕਰੋ ਨਵੀਆਂ ਦਰਾਂ